ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨਾਲ ਮੁਲਾਕਾਤ, ਪੰਜਾਬ ਲਈ ਕੀਤੀ ਵੱਡੀ ਮੰਗ
Tuesday, Sep 14, 2021 - 06:14 PM (IST)
ਨਵੀਂ ਦਿੱਲੀ/ਚੰਡੀਗੜ੍ਹ (ਕਮਲ, ਬਿਊਰੋ)-ਪੰਜਾਬ ਸਰਕਾਰ ਵੱਲੋਂ ਸੂਬੇ ’ਚ ਡੇਅਰੀ ਖੇਤਰ ਨੂੰ ਹੁਲਾਰਾ ਦੇਣ ਲਈ ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਗਈ। ਇਹ ਮੰਗ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨਾਲ ਮੁਲਾਕਾਤ ਦੌਰਾਨ ਉਠਾਈ। ਬਾਜਵਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਦਾ ਵਾਤਾਵਰਣ ਅਤੇ ਭੂਗੋਲਿਕ ਸਥਿਤੀ ਹੋਰ ਦੁਧਾਰੂ ਪਸ਼ੂਆਂ ਦੇ ਮੁਕਾਬਲੇ ਮੱਝਾਂ ਲਈ ਵਧੇਰੇ ਅਨੁਕੂਲ ਹੈ। ਉਨ੍ਹਾਂ ਅੱਗੇ ਕਿਹਾ ਕਿ ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਨਾਲ ਡੇਅਰੀ ਕਿਸਾਨਾਂ ਨੂੰ ਕਈ ਗੁਣਾ ਲਾਭ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ’ਚ ਵਾਧਾ ਹੋਵੇਗਾ। ਇਸੇ ਤਰ੍ਹਾਂ ਤ੍ਰਿਪਤ ਬਾਜਵਾ ਵੱਲੋਂ ਆਰ. ਜੀ. ਐੱਮ. (ਕੌਮੀ ਗੋਕੁਲ ਮਿਸ਼ਨ) ਅਧੀਨ ਪੰਜਾਬ ਲਈ ਗਊਵੰਸ਼ ਦੀ ਸਵਦੇਸ਼ੀ ਨਸਲ ਦੇ ਵਿਕਾਸ ਅਤੇ ਸੰਭਾਲ, ਗਊਵੰਸ਼ ਦੀ ਨਸਲ ਸੁਧਾਰ ਅਤੇ ਇਸ ਦੇ ਦੁੱਧ ਉਤਪਾਦਨ ਤੇ ਉਤਪਾਦਕਤਾ ਨੂੰ ਵਧਾਉਣ ਲਈ 100 ਫ਼ੀਸਦੀ ਸਬਸਿਡੀ ਦੀ ਮੰਗ ਰੱਖੀ ਗਈ।
ਇਹ ਵੀ ਪੜ੍ਹੋ : ਜਲੰਧਰ : ਚਿੱਤੇਆਣੀ ਪਿੰਡ ਦੇ ਕਤਲ ਕੀਤੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
ਬਾਜਵਾ ਨੇ ਪਸ਼ੂ ਪਾਲਕਾਂ ਨੂੰ ਘਰ-ਘਰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੈਟਰਨਰੀ ਹਸਪਤਾਲ ਅਤੇ ਡਿਸਪੈਂਸਰੀ (ਈ.ਐੱਸ.ਵੀ.ਐੱਚ.ਡੀ.-ਐੱਮ.ਵੀ.ਯੂ.) ਸਕੀਮ ਅਧੀਨ ਪੰਜਾਬ ਲਈ 70 ਮੋਬਾਈਲ ਵੈਟਰਨਰੀ ਯੂਨਿਟਾਂ ਖਰੀਦਣ ਵਾਸਤੇ ਕੇਂਦਰ ਸਰਕਾਰ ਤੋਂ 100 ਫ਼ੀਸਦੀ ਫੰਡਿੰਗ ਦੀ ਮੰਗ ਕੀਤੀ। ਪਸ਼ੂ ਪਾਲਣ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਵਿਭਾਗ ਦੇ 100 ਏਕੜ ਕੁਲੇਮਾਜਰਾ ਫਾਰਮ ਵਿਖੇ ਏ-ਗਰੇਡ ਸੀਮਨ ਸਟੇਸ਼ਨ ਸਥਾਪਿਤ ਕਰਨ ਲਈ ਭਾਰਤ ਸਰਕਾਰ ਦੀ ਸਕੀਮ ਅਧੀਨ ਫੌਰੀ ਤੌਰ ’ਤੇ ਫੰਡ ਅਲਾਟ ਕਰਨ ਦੀ ਮੰਗ ਵੀ ਰੱਖੀ ਗਈ। ਉਨ੍ਹਾਂ ਨੇ ਮੋਬਾਈਲ ਸੈਕਸ ਸੌਰਟਿੰਗ ਯੂਨਿਟਾਂ ਰਾਹੀਂ ਏ-ਗ੍ਰੇਡ ਸੀਮਨ ਸਟੇਸ਼ਨ ਨਾਭਾ ਵਿਖੇ ਪਸ਼ੂਆਂ ਤੇ ਮੱਝਾਂ ਲਈ ਸੈਕਸ ਸੌਰਟਡ ਸੀਮਨ ਟੀਕਿਆਂ ਦੇ ਉਤਪਾਦਨ ਲਈ ਲੋੜੀਂਦੇ ਫੰਡਾਂ ਦੀ ਮੰਗ ਕੀਤੀ। ਇਸ ਨਾਲ ਆਉਣ ਵਾਲੇ ਸਾਲਾਂ ’ਚ ਵੱਛੇ ਪੈਦਾ ਹੋਣ ਦੀ ਦਰ ਵਿੱਚ ਕਮੀ ਆਵੇਗੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਕਾਬੂ ਕਰਨ ’ਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ : ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦੇਣ ਦੇ ਨਾਂ ’ਤੇ ਠੱਗੇ ਗਰੀਬ ਪਰਿਵਾਰ, ਦਿੱਤੇ ਜਾਅਲੀ ਕਾਰਡ
ਬਾਜਵਾ ਨੇ ਕੇਂਦਰੀ ਮੰਤਰੀ ਨੂੰ ਪੰਜਾਬ ’ਚ 100 ਵੈਟਰਨਰੀ ਹਸਪਤਾਲਾਂ ਅਤੇ 100 ਵੈਟਰਨਰੀ ਡਿਸਪੈਂਸਰੀਆਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਭਾਰਤ ਸਰਕਾਰ ਨੂੰ ਸੌਂਪੇ ਜਾਣ ਵਾਲੇ ਪ੍ਰੋਜੈਕਟ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਅਧੀਨ ਲੋੜੀਂਦੇ ਫੰਡਾਂ ਨੂੰ ਪ੍ਰਵਾਨਗੀ ਅਤੇ ਜਾਰੀ ਕਰਨ ਦੀ ਅਪੀਲ ਕੀਤੀ। ਬਾਜਵਾ ਨੇ ਭਾਰਤ ਸਰਕਾਰ ਤੋਂ ਸੂਬੇ ਦੇ ਡੇਅਰੀ ਕਿਸਾਨਾਂ ਨੂੰ ਯੂਨਿਟ ਦੇ ਆਧਾਰ ’ਤੇ 20 ਮੱਝਾਂ ਅਤੇ 100 ਭੇਡਾਂ/ਬੱਕਰੀਆਂ/ਸੂਰਾਂ ਦੇ ਬੀਮਾ ਕਵਰ ਲਈ 100 ਫ਼ੀਸਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਭਾਰਤ ਸਰਕਾਰ ਨੂੰ ਐੱਸ. ਐੱਮ. ਏ. ਐੱਮ. (ਖੇਤੀਬਾੜੀ ਮਸ਼ੀਨੀਕਰਨ ਦਾ ਸਬ-ਮਿਸ਼ਨ) ਅਧੀਨ ਡੇਅਰੀ ਮਸ਼ੀਨਰੀ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ ਹੈ ਕਿਉਂਕਿ ਇਹ ਮਸ਼ੀਨਾਂ ਅਤੇ ਤਕਨੀਕਾਂ ਡੇਅਰੀ ਖੇਤਰ ’ਚ ਵਿਸ਼ੇਸ਼ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਮਸ਼ੀਨਾਂ ’ਚ ਸਿਲੇਜ ਮੇਕਿੰਗ ਮਸ਼ੀਨ (ਬੈਲਰਜ਼) ਬਲਕ ਮਿਲਕ ਕੂਲਰ, ਟੋਟਲ ਮਿਕਸ਼ਡ ਰਾਸ਼ਨ ਮਸ਼ੀਨ, ਮਿਲਕਿੰਗ ਮਸ਼ੀਨ, ਮਿਲਕਿੰਗ ਪਾਰਲਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ ਆਦਿ ਸ਼ਾਮਲ ਹਨ। ਇਹ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਜਾਣ ਨਾਲ ਸੂਬੇ ’ਚ ਆਧੁਨਿਕ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ’ਚ ਕਾਫ਼ੀ ਮਦਦ ਮਿਲ ਸਕਦੀ ਹੈ।
ਬਾਜਵਾ ਨੇ ਅੱਗੇ ਕਿਹਾ ਕਿ ਸੂਬੇ ਦੀ ਜੀ.ਡੀ.ਪੀ. ’ਚ ਪਸ਼ੂ-ਧਨ ਦੇ ਯੋਗਦਾਨ ਦੀ ਮਹੱਤਤਾ ਨੂੰ ਧਿਆਨ ’ਚ ਰੱਖਦਿਆਂ ਨਵੇਂ ਵੈਟਰਨਰੀ ਹਸਪਤਾਲਾਂ ਅਤੇ ਵੈਟਰਨਰੀ ਡਿਸਪੈਂਸਰੀਆਂ ਦੇ ਨਿਰਮਾਣ ਲਈ ਵਿਸ਼ੇਸ਼ 100 ਫ਼ੀਸਦੀ ਭਾਰਤ ਸਰਕਾਰ ਦੀ ਯੋਜਨਾ ਲਈ ਅਪੀਲ ਕੀਤੀ। ਕੇਂਦਰ ਮੰਤਰੀ ਰੁਪਾਲਾ ਨੇ ਬਾਜਵਾ ਵੱਲੋਂ ਰੱਖੀਆਂ ਗਈਆਂ ਜ਼ਿਆਦਾਤਰ ਤਜਵੀਜ਼ਾਂ ਨੂੰ ਸਹਿਮਤੀ ਦੇ ਦਿੱਤੀ। ਕੇਂਦਰੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਲੰਬਿਤ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਬਾਜਵਾ ਨਾਲ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵੀ. ਕੇ. ਜੰਜੂਆ, ਐੱਮ.ਡੀ. ਮਿਲਕਫੈੱਡ ਕਮਲਦੀਪ ਸਿੰਘ ਸੰਘਾ, ਡਾਇਰੈਕਟਰ ਪਸ਼ੂ ਪਾਲਣ ਡਾ. ਐੱਚ. ਐੱਸ. ਕਾਹਲੋਂ, ਡਾਇਰੈਕਟਰ ਡੇਅਰੀ ਕਰਨੈਲ ਸਿੰਘ ਵੀ ਮੌਜੂਦ ਸਨ।