ਟ੍ਰੈਵਲ ਏਜੰਟ ਦਾ ਸ਼ਿਕਾਰ ਹੋ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ

02/04/2023 6:27:24 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ ਕੁੱਲ 12 ਨੌਜਵਾਨ ਇਕ ਠੱਗ ਏਜੰਟ ਦੀ ਧੋਖਾਦੇਹੀ ਦਾ ਸ਼ਿਕਾਰ ਹੁੰਦਿਆਂ ਲੀਬੀਆ ’ਚ ਨਰਕ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਹੁਣ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਲੀਬੀਆ ਵਿਚ ਫਸੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਪਿੰਡ ਮਜਾਰੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪਣੇ ਨੌਜਵਾਨ ਪੁੱਤਰਾਂ ਦੀ ਦਰਦ ਕਹਾਣੀ ਨੂੰ ਬਿਆਨ ਕੀਤਾ। ਇਨ੍ਹਾਂ ਵੱਲੋਂ ਦੱਸਿਆ ਗਿਆ ਕਿ ਦਿੱਲੀ ਦੇ ਇਕ ਏਜੰਟ ਦੇ ਮਗਰ ਲੱਗ ਸਾਡੇ ਨੌਜਵਾਨ ਪੁੱਤ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ’ਚ ਦੁਬਈ ਪੁੱਜੇ ਅਤੇ ਦੁਬਈ ਤੋਂ ਇਨ੍ਹਾਂ ਨੌਜਵਾਨਾਂ ਨੂੰ ਏਜੰਟ ਵੱਲੋਂ ਲੀਬੀਆ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੀਬੀਆ ’ਚ ਇਹ 12 ਨੌਜਵਾਨ ਬਹੁਤ ਬੁਰੇ ਹਾਲਾਤ ’ਚੋਂ ਲੰਘ ਰਹੇ ਹਨ, ਨਾ ਤਾਂ ਇਨ੍ਹਾਂ ਨੂੰ ਖਾਣ-ਪੀਣ ਲਈ ਰੋਟੀ ਪਾਣੀ ਦਿੱਤਾ ਜਾ ਰਿਹਾ ਹੈ ਤੇ ਉਪਰੋ ਇਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ ਭਖਿਆ, ਰਾਜਾ ਵੜਿੰਗ ਨੇ ਕੀਤਾ ਟਵੀਟ

ਇਸ ਮੌਕੇ ਜਦੋਂ ਇਨ੍ਹਾਂ ਨੌਜਵਾਨਾਂ ਦੇ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਨੌਜਵਾਨਾਂ ਨੇ ਦੀ ਰੋ ਕੇ ਆਪਣੀ ਹੱਡ ਬੀਤੀ ਸੁਣਾਈ ਅਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਹੁਣ ਭਾਰਤ ਵਾਪਸ ਬੁਲਾਉਣ ਲਈ ਅਪੀਲ ਕੀਤੀ। ਇਸ ਮੌਕੇ ਪਿੰਡ ਲੰਗ ਮਜਾਰੀ ਦੇ ਸਰਪੰਚ ਬਾਮਦੇਵ ਸਮੇਤ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਜਾਵੇ ਅਤੇ ਦਿੱਲੀ ਦੇ ਕਥਿਤ ਦੋਸ਼ੀ ਏਜੰਟ ਖ਼ਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਅੱਗੇ ਤੋਂ ਕਿਸੇ ਹੋਰ ਵਿਅਕਤੀ ਦੇ ਨਾਲ ਧੋਖਾ ਨਾ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਹਰਦੀਪ ਸਿੰਘ , ਤਾਰਾ ਸਿੰਘ, ਪ੍ਰੇਮ ਸਿੰਘ, ਜਸਵੀਰ ਸਿੰਘ, ਨਰੰਜਣ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਬਲਜੀਤ ਕੌਰ, ਪਰਮਲਾ ਦੇਵੀ, ਸ਼ਰਮੀਲਾ ਦੇਵੀ ਅਤੇ ਅਰੂਸ਼ੀ ਮੌਜੂਦ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News