ਲੁਧਿਆਣਾ : ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਦੇ ਟਰਾਂਸਪੋਰਟਰ ਬੋਲੇ , ਹੁਣ ਸਿਰਫ ਖੁਦਕੁਸ਼ੀ ਹੀ ਬਾਕੀ
Thursday, May 28, 2020 - 02:23 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਡੀ. ਸੀ. ਦਫ਼ਤਰ ਅੱਗੇ ਵੀਰਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵੱਡੀ ਗਿਣਤੀ 'ਚ ਆਏ ਟਰਾਂਸਪੋਰਟਰਾਂ, ਸਕੂਲ ਬੱਸ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਜੰਮ ਕੇ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ। ਇਸ ਦੌਰਾਨ ਇਨ੍ਹਾਂ ਕੰਡਕਟਰਾਂ ਅਤੇ ਡਰਾਈਵਰਾਂ ਵੱਲੋਂ ਆਪਣੇ ਕੱਪੜੇ ਉਤਾਰ ਕੇ ਡੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਮਰਨ ਦੀ ਕਗਾਰ 'ਤੇ ਆ ਗਏ ਹਨ ਅਤੇ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚੱਲ ਰਿਹਾ, ਜਦੋਂ ਕਿ ਮੰਗ ਕੇ ਰੋਟੀ ਖਾਣੀ ਉਨ੍ਹਾਂ ਨੂੰ ਚੰਗੀ ਨਹੀਂ ਲੱਗਦੀ ਅਤੇ ਹੁਣ ਸਿਰਫ ਖ਼ੁਦਕੁਸ਼ੀ ਹੀ ਉਨ੍ਹਾਂ ਦਾ ਆਖਰੀ ਰਾਹ ਰਹਿ ਗਿਆ ਹੈ।
ਇਸ ਦੌਰਾਨ ਸਕੂਲ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਸਕੂਲਾਂ ਵੱਲੋਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਇੱਕ ਵਾਰ ਵੀ ਕੋਈ ਸਾਰ ਨਹੀਂ ਲਈ ਗਈ ਅਤੇ ਜੇਕਰ ਸਕੂਲ ਵਾਲਿਆਂ ਨੂੰ ਉਹ ਫੋਨ ਕਰਦੇ ਹਨ ਤਾਂ ਕੋਈ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਸਾਡੀ ਹਾਲਤ ਬਹੁਤ ਖਸਤਾ ਹੈ ਅਤੇ ਬੀਤੇ ਦੋ ਮਹੀਨਿਆਂ ਤੋਂ ਬੱਸਾਂ ਖੜ੍ਹੀਆਂ ਹਨ, ਪਰ ਉਨ੍ਹਾਂ ਨੂੰ ਕਰ ਅਦਾ ਕਰਨਾ ਪੈ ਰਿਹਾ ਹੈ। ਸਰਕਾਰ ਕਰ ਮਾਫ ਨਹੀਂ ਕਰ ਰਹੀ, ਇਸ ਲਈ ਉਹ ਹੁਣ ਖ਼ੁਦਕੁਸ਼ੀ ਹੀ ਕਰ ਸਕਦੇ ਹਨ। ਟੈਕਸੀ ਡਰਾਈਵਰਾਂ ਅਤੇ ਸਕੂਲ ਬੱਸ ਡਰਾਈਵਰਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਾਰ ਲਵੇ ਅਤੇ ਕਰ ਮਾਫ਼ ਕਰੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।