ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਬਠਿੰਡਾ ''ਚ ਮਾਰਿਆ ਛਾਪਾ, ਬੇਨਿਯਮੀਆਂ ਨੂੰ ਲੈ ਕੇ ਸਟਾਫ਼ ਦੀ ਕੀਤੀ ਖਿਚਾਈ

Monday, May 16, 2022 - 08:17 PM (IST)

ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਬਠਿੰਡਾ ''ਚ ਮਾਰਿਆ ਛਾਪਾ, ਬੇਨਿਯਮੀਆਂ ਨੂੰ ਲੈ ਕੇ ਸਟਾਫ਼ ਦੀ ਕੀਤੀ ਖਿਚਾਈ

ਬਠਿੰਡਾ/ਚੰਡੀਗੜ੍ਹ (ਬਿਊਰੋ) : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ 'ਚ ਅਚਨਚੇਤ ਛਾਪਾ ਮਾਰਿਆ। ਰਿਕਾਰਡ ਘੋਖਣ 'ਤੇ ਆਰ.ਟੀ.ਏ. ਦਫ਼ਤਰ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ਗਈਆਂ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਭੁੱਲਰ ਨੇ ਦੱਸਿਆ ਕਿ ਆਰ.ਟੀ.ਏ. ਦਫ਼ਤਰ ਬਠਿੰਡਾ ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਮਿਲ ਰਹੀਆਂ ਸਨ। ਦਫ਼ਤਰ ਵੱਲੋਂ ਤਿਆਰ ਕੀਤੇ ਬੱਸਾਂ ਦੇ ਟਾਈਮ ਟੇਬਲ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ। ਦਫ਼ਤਰ ਵੱਲੋਂ ਕਈ ਪਰਮਿਟ ਨਾਜਾਇਜ਼ ਤੌਰ 'ਤੇ ਜਾਰੀ ਕੀਤੇ ਗਏ, ਕਈ ਅਸਲ ਬੱਸ ਆਪ੍ਰੇਟਰਾਂ ਨੂੰ ਪਰਮਿਟ ਨਹੀਂ ਦਿੱਤੇ ਗਏ ਅਤੇ ਕਈ ਆਪ੍ਰੇਟਰਾਂ ਨੂੰ ਟਾਈਮ ਟੇਬਲ 'ਚ ਬਣਦੀ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ. ਦਫ਼ਤਰ ਵਿੱਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਬਜ਼ਾ ਕਰਨ ਸਬੰਧੀ ਖ਼ਬਰਾਂ ਵੀ ਉਦੋਂ ਸੱਚ ਸਾਬਤ ਹੋਈਆਂ, ਜਦੋਂ ਛਾਪੇ ਦੌਰਾਨ ਨਿਊ ਦੀਪ, ਆਰਬਿਟ ਤੇ ਹੋਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਕਰਿੰਦੇ ਉਥੇ ਬੈਠੇ ਪਾਏ ਗਏ।

ਇਹ ਵੀ ਪੜ੍ਹੋ : 2 ਸਿੱਖਾਂ ਦੇ ਕਤਲ ਮਾਮਲੇ ’ਚ ਸਰਨਾ ਭਰਾਵਾਂ ਨੇ ਪਾਕਿ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

PunjabKesari

ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਸਕੱਤਰ ਆਰ.ਟੀ.ਏ. ਬਠਿੰਡਾ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਟਰਾਂਸਪੋਰਟ ਮੰਤਰੀ ਨੇ ਆਰ.ਟੀ.ਏ. ਦਫ਼ਤਰ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਦਫ਼ਤਰ 'ਚ ਪਾਈਆਂ ਗਈਆਂ ਊਣਤਾਈਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਗ਼ਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਜਿਹਾ ਕੁਝ ਨਹੀਂ ਚੱਲੇਗਾ ਅਤੇ ਕਿਸੇ ਵਿਅਕਤੀ ਦਾ ਹੱਕ ਨਹੀਂ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਤੌਰ 'ਤੇ ਚੱਲ ਰਹੀਆਂ ਬੱਸਾਂ ਦੇ ਮਾਲਕਾਂ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਪਰ ਕਿਸੇ ਵੀ ਅਸਲ ਆਪ੍ਰੇਟਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਕਰਾਂਗੇ ਮਜ਼ਬੂਤ : ਬੁਲਾਰੀਆ

ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਵਧੀਕੀਆਂ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭੁੱਲਰ ਨੇ ਧੱਕਾ ਕਰਨ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਯਮਾਂ ਦੇ ਉਲਟ ਜਾਣ ਵਾਲੇ ਆਪ੍ਰੇਟਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਉਪਰੰਤ ਮੰਤਰੀ ਨੇ ਬਠਿੰਡਾ ਬੱਸ ਸਟੈਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ। ਮੰਤਰੀ ਨੇ ਸਾਫ਼-ਸਫ਼ਾਈ, ਪੀਣ ਲਈ ਪਾਣੀ ਦਾ ਪ੍ਰਬੰਧ ਅਤੇ ਪਖ਼ਾਨਿਆਂ ਦੀ ਚੈਕਿੰਗ ਵੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 'ਚਿੱਟੇ' ਦੀ ਵਿਕਰੀ ਨੇ ਤੋੜੇ ਪੁਰਾਣੇ ਰਿਕਾਰਡ, 2 ਮਹੀਨਿਆਂ 'ਚ ਹੋਈਆਂ 5 ਮੌਤਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News