ਥਾਣਾ ਸਿਟੀ ਜਲਾਲਾਬਾਦ ਦੇ ਕੁਆਟਰਾਂ ''ਚ ਕੋਰੋਨਾ ਨੇ ਦਿੱਤੀ ਦਸਤਕ, ਦੋ ਮੁਲਾਜ਼ਮ ਆਏ ਕੋਰੋਨਾ ਪਾਜ਼ੇਟਿਵ
Thursday, Jul 23, 2020 - 05:52 PM (IST)
 
            
            ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਸਥਾਨਕ ਥਾਣਾ ਸਿਟੀ ਜਲਾਲਾਬਾਦ ਸਥਿਤ ਸਰਕਾਰੀ ਕੁਆਟਰਾਂ 'ਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਸਿਵਲ ਸਰਜਨ ਫਿਰੋਜ਼ਪੁਰ ਮੁਤਾਬਕ ਜਲਾਲਾਬਾਦ ਤੇ ਗੁਰੂਹਰਸਹਾਏ ਨਾਲ ਸਬੰਧਤ ਦੋ ਪੁਲਸ ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਮੁਤਾਬਕ ਦੋਵੇਂ ਮੁਲਾਜ਼ਮ ਡੀ.ਆਈ.ਜੀ. ਫਿਰੋਜ਼ਪੁਰ ਵਲੋਂ ਬਣਾਈ ਸਵੈਪ ਟੀਮ 'ਚ ਤਾਇਨਾਤ ਸਨ, ਜਿੰਨ੍ਹਾਂ ਦੀ 20 ਜੁਲਾਈ ਨੂੰ ਸੈਂਪਲਿੰਗ ਹੋਈ ਸੀ ਅਤੇ ਇਸ ਸੈਂਪਲਿੰਗ ਤੋਂ ਬਾਅਦ ਜਲਾਲਾਬਾਦ ਨਾਲ ਸਬੰਧਤ ਮੁਲਾਜ਼ਮ ਥਾਣਾ ਸਿਟੀ ਕੁਆਟਰਾਂ 'ਚ ਆ ਗਿਆ ਜਦਕਿ ਪਿੰਡ ਮਿੱਢਾ ਨਾਲ ਸਬੰਧਤ ਵਿਅਕਤੀ 23 ਤਾਰੀਕ ਨੂੰ ਪਿੰਡ ਪਹੁੰਚਿਆ ਅਤੇ 23 ਜੁਲਾਈ ਨੂੰ ਹੀ ਦੋਵਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਉਧਰ ਜਲਾਲਾਬਾਦ ਨਾਲ ਸਬੰਧਤ ਜਵਾਨ ਆਪਣੇ ਘਰ ਪਤਨੀ ਤੇ ਦੋ ਬੱਚਿਆਂ ਦੇ ਸੰਪਰਕ 'ਚ ਆਇਆ ਹੈ, ਜਿਸ ਨੇ ਖੁਦ ਨੂੰ ਹਸਪਤਾਲ ਜਲਾਲਾਬਾਦ 'ਚ ਆਈਸੋਲੇਟ ਕਰ ਲਿਆ ਹੈ ਜਦਕਿ ਪਿੰਡ ਮਿੱਢਾ ਨਾਲ ਸਬੰਧਤ ਮੁਲਾਜ਼ਮ 22 ਜੁਲਾਈ ਤੱਕ ਫਿਰੋਜ਼ਪੁਰ ਹੀ ਰਿਹਾ ਅਤੇ 23 ਜੁਲਾਈ ਨੂੰ ਛੁੱਟੀ ਲੈ ਕੇ ਪਿੰਡ ਮਿੱਢਾ ਪਹੁੰਚਿਆ ਅਤੇ ਗੱਲਬਾਤ ਕਰਨ ਤੇ ਉਸਨੇ ਦੱਸਿਆ ਕਿ ਉਹ ਘਰ 'ਚ ਮਾਤਾ,ਪਤਨੀ ਤੇ ਦੋ ਬੱਚਿਆਂ ਦੇ ਸੰਪਰਕ 'ਚ ਆਇਆ ਹੈ। ਸਿਹਤ ਵਿਭਾਗ ਵਲੋਂ ਉਕਤ ਕੋਰੋਨਾ ਪਾਜ਼ੇਟਿਵ ਮੁਲਾਜਮਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            