''ਜ਼ਹਿਰੀਲੀ ਸ਼ਰਾਬ ਮਾਮਲੇ ''ਚ ਹਰ ਮੌਤ ਦਾ ਕੈਪਟਨ ਸਰਕਾਰ ਤੋਂ ਲਿਆ ਜਾਵੇਗਾ ਹਿਸਾਬ''
Friday, Jul 31, 2020 - 06:52 PM (IST)

ਅੰਮ੍ਰਿਤਸਰ,(ਛੀਨਾ)- ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝਾ 'ਚ ਹੋਈਆਂ ਮੌਤਾਂ ਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾ ਕੇ ਸਾਰੀ ਸਚਾਈ ਪੰਜਾਬ ਵਾਸੀਆਂ ਸਾਹਮਣੇ ਲਿਆਂਦੀ ਜਾਵੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਹਲਕਾ ਦੱਖਣੀ ਅੰਮ੍ਰਿਤਸਰ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰੇ ਕਿਉਂਕਿ ਨਕਲੀ ਸ਼ਰਾਬ ਵੇਚਣ ਦਾ ਗੋਰਖ ਧੰਦਾ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਸ ਦੀ ਮਿਲੀ ਭੁਗਤ ਨਾਲ ਕਾਂਗਰਸ ਦੇ ਸਿਰਕੱਢ ਆਗੂ ਹੀ ਕਰ ਰਹੇ ਹਨ। ਸ.ਵਲਟੋਹਾ ਤੇ ਗਿੱਲ ਨੇ ਆਖਿਆ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਜ਼ਹਿਰੀਲੀ ਸ਼ਰਾਬ ਕਾਰਨ ਲੋਕਾਂ ਦੇ ਘਰਾਂ 'ਚ ਮਾਤਮ ਛਾਇਆ ਹੈ, ਉਨ੍ਹਾਂ ਹਲਕਾ ਵਿਧਾਇਕਾਂ, ਸਬੰਧਿਤ ਡੀ. ਐਸ. ਪੀਜ਼ ਤੇ ਐਸ. ਐਚ. ਓਜ਼. ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਹਨ ਅਤੇ ਡੀ. ਐਸ. ਪੀਜ਼ ਤੇ ਐਸ. ਐਚ. ਓਜ. ਡਿਸਮਿਸ ਕੀਤੇ ਜਾਣੇ ਚਾਹੀਦੇ ਹਨ।
ਵਲਟੋਹਾ ਤੇ ਗਿੱਲ ਨੇ ਕਿਹਾ ਕਿ ਹੱਥ 'ਚ ਪਵਿੱਤਰ ਗੁਟਕਾ ਸਾਹਿਬ ਫੜ੍ਹ ਕੇ 4 ਹਫਤਿਆਂ 'ਚ ਪੰਜਾਬ 'ਚੋਂ ਨਸ਼ੇ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਅੱਜ ਨਸ਼ਿਆਂ ਕਾਰਨ ਹੀ ਹੋ ਰਹੀਆਂ ਮੌਤਾਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਸਾਰੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ ਪਹਿਲਾਂ ਸੂਬੇ ਦੇ ਰੈਵੇਨਿਊ ਨੂੰ 5600 ਕਰੋੜ ਰੁਪਏ ਦਾ ਚੂਨਾ ਲਾਉਣ ਅਤੇ ਹੁਣ ਨਕਲੀ ਸ਼ਰਾਬ ਨਾਲ ਲੋਕਾਂ ਦੀਆ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਕਾਂਗਰਸੀ ਲੀਡਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿਤਾ ਹੈ। ਵਲਟੋਹਾ ਤੇ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਜੋ ਡਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ, ਉਹ ਸਿਰਫ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਹੀ ਗੱਲ ਹੈ ਕਿਉਂਕਿ ਦੁਸਿਹਰੇ ਮੌਕੇ ਜੋੜਾ ਫਾਟਕ 'ਤੇ ਵਾਪਰੇ ਭਿਆਨਕ ਰੇਲ ਹਾਦਸੇ ਦੀ ਵੀ ਮੁੱਖ ਮੰਤਰੀ ਨੇ ਡਵੀਜ਼ਨਲ ਕਮਿਸ਼ਨਰ ਨੂੰ ਹੀ ਜਾਂਚ ਸੌਂਪੀ ਸੀ, ਜਿਸ ਵਿਚ ਹੁਣ ਤੱਕ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ। ਵਲਟੋਹਾ ਤੇ ਗਿੱਲ ਨੇ ਅਖੀਰ 'ਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰਾਂ ਦੇ ਪੂਰੀ ਤਰ੍ਹਾਂ ਨਾਲ ਹੈ ਤੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹਰ ਮੌਤ ਦਾ ਕੈਪਟਨ ਸਰਕਾਰ ਤੋਂ ਹਿਸਾਬ ਲਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ., ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਬੀ. ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ, ਅਮਨਦੀਪ ਸਿੰਘ ਢਿੱਲੋਂ, ਸੰਦੀਪ ਸਿੰਘ ਏ. ਆਰ., ਜਸ ਵਰਪਾਲ, ਬਲਜਿੰਦਰ ਸਿੰਘ ਛੀਨਾ, ਰਵੀਇੰਦਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।