ਪੰਜਾਬ ਕੈਬਨਿਟ ਨੇ ਲਏ ਅਹਿਮ ਫ਼ੈਸਲੇ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਬਿਆਨ, ਪੜ੍ਹੋ TOP 10

Tuesday, Feb 21, 2023 - 09:02 PM (IST)

ਜਲੰਧਰ (ਬਿਊਰੋ): ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਗਏ ਤਾਂ ਉੱਧਰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਬੰਦੀ ਸਿੰਘਾਂ ਦੇ ਮਾਮਲੇ 'ਤੇ ਵੱਡਾ ਬਿਆਨ ਦਿੱਤਾ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ, ਇਨ੍ਹਾਂ ਵੱਡੇ ਫ਼ੈਸਲਿਆਂ ’ਤੇ ਲੱਗੀ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ‘ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨਿਯਮ-1958’ (ਪੰਜਾਬ ਸ਼ਾਪਜ਼ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਰੂਲਜ਼) ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮੌਜੂਦਾ ਨਿਯਮ 22 ਤੋਂ ਇਲਾਵਾ ਨਵੇਂ ਨਿਯਮ 23 ਅਤੇ 24 ਨੂੰ ਸ਼ਾਮਲ ਕੀਤਾ ਜਾਵੇਗਾ।

ਬੰਦੀ ਸਿੰਘਾਂ ਦੀ ਰਿਹਾਈ 'ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਵੱਡਾ ਬਿਆਨ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਿਚਾਲੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਬਿਆਨ ਕਾਰਨ ਪੰਜਾਬ ਦੀ ਸਿਆਸਤ ਭੱਖ ਗਈ ਹੈ। ਬੀਤੇ ਦਿਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਲੰਧਰ ਵਿਖੇ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਕੋਈ ਸੂਚੀ ਐੱਸ. ਜੀ. ਪੀ. ਸੀ. ਤੋਂ ਨਹੀਂ ਮਿਲੀ। 

ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖ ਰਹੇ 'ਰਾਜਾ ਵੜਿੰਗ' ਨਾਲ ਖ਼ਾਸ ਮੁਲਾਕਾਤ, ਕੀਤੇ ਕਈ ਅਹਿਮ ਖ਼ੁਲਾਸੇ (ਵੀਡੀਓ)

ਜਲੰਧਰ ਲੋਕ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਵੱਡੇ-ਵੱਡੇ ਆਗੂਆਂ ਦਾ ਜਲੰਧਰ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਸਿਲਸਿਲੇ ’ਚ ਜਲੰਧਰ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਕਈ ਵੱਡੇ ਸਿਆਸੀ ਮੁੱਦਿਆਂ ’ਤੇ ਚਰਚਾ ਹੋਈ ਅਤੇ ਕਈ ਖ਼ੁਲਾਸੇ ਵੀ ਕੀਤੇ ਗਏ। ਪੰਜਾਬ ’ਚ ਸੱਤਾ ਤਬਦੀਲੀ ਤੋਂ ਬਾਅਦ ਪਾਰਟੀ ਬਦਲਣ ਦਾ ਦੌਰ ਜਾਰੀ ਹੈ ਅਤੇ ਕਾਂਗਰਸ ਪਾਰਟੀ ਵੀ ਇਸ ਤੋਂ ਅਛੂਤੀ ਨਹੀਂ ਹੈ। ਕਈ ਆਗੂ ਕਾਂਗਰਸ ਛੱਡ ਕੇ ਹੋਰ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ।

ਵਿਜੀਲੈਂਸ ਦਾ ਵੱਡਾ ਐਕਸ਼ਨ : ਇਕ ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਮੰਗਲਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ ਮਾਲ ਹਲਕੇ ਦੇ ਇਕ ਮਾਲ ਪਟਵਾਰੀ ਬਲਕਾਰ ਸਿੰਘ ਨੂੰ ਜ਼ਮੀਨ ਐਕਵਾਇਰ ਕਰਨ ਦੌਰਾਨ ਦੋ ਪ੍ਰਾਈਵੇਟ ਵਿਅਕਤੀਆਂ ਦੀ ਮਿਲੀਭੁਗਤ ਨਾਲ 1,11,08,236 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। 

ਅਹਿਮ ਖ਼ਬਰ : ਪੰਜਾਬ ਸਰਕਾਰ ਇਸ ਤਾਰੀਖ਼ ਨੂੰ ਪੇਸ਼ ਕਰੇਗੀ Full ਬਜਟ, CM ਮਾਨ ਨੇ ਖ਼ੁਦ ਦਿੱਤਾ ਪੂਰਾ ਵੇਰਵਾ

ਪੰਜਾਬ ਦੀ ਮਾਨ ਸਰਕਾਰ ਵੱਲੋਂ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋ ਜਾਵੇਗਾ ਅਤੇ 10 ਮਾਰਚ ਨੂੰ ਸਰਕਾਰ ਆਪਣਾ ਫੁੱਲ ਬਜਟ ਪੇਸ਼ ਕਰੇਗੀ।

ਫਾਜ਼ਿਲਕਾ 'ਚ ਵੱਡਾ ਹਾਦਸਾ, ਜੀਪ ਸਣੇ ਨਹਿਰ 'ਚ ਡਿੱਗਾ ਪਰਿਵਾਰ, ਪਤੀ-ਪਤਨੀ ਦੀ ਮੌਤ

ਫਾਜ਼ਿਲਕਾ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਹਿਰ 'ਚ ਡਿੱਗਣ ਕਾਰਨ ਪਤੀ-ਪਤਨੀ ਦੀ ਇਕੱਠਿਆਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਜੀਪ ਸਵਾਰ ਪਤੀ-ਪਤਨੀ ਆਪਣੇ ਮੁੰਡੇ ਨਾਲ ਮੁਕਤਸਰ ਤੋਂ ਆਪਣੇ ਪਿੰਡ ਇਸਲਾਮਵਾਲਾ ਵੱਲ ਆ ਰਹੇ ਸਨ।

ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਮੋਗਾ ਦੇ ਪਿੰਡ ਸਿੰਘਾਵਾਲਾ ਨੇੜੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਮੁਕਤਸਰ ਤੋਂ ਜਗਰਾਓਂ ਵੱਲ ਆਪਣੀ ਡਿਊਟੀ 'ਤੇ ਜਾ ਰਿਹਾ ਸੀ। ਸੰਘਣੀ ਧੁੰਦ ਹੋਣ ਕਾਰਨ ਸਿੰਘਾਂ ਵਾਲਾ ਨੇੜੇ ਘੋੜੇ ਟਰਾਲੇ ਚਲਾਕ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

NIA ਨੇ ਲਾਰੈਂਸ, ਬਵਾਨਾ ਅਤੇ ਹੋਰ ਗੈਂਗਸਟਰਾਂ ਨਾਲ ਜੁੜੇ 70 ਟਿਕਾਣਿਆਂ 'ਤੇ ਮਾਰੇ ਛਾਪੇ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਨੂੰ ਦੇਸ਼ ਭਰ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 70 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦਿੱਲੀ-ਐੱਨ.ਸੀ.ਆਰ., ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ 'ਚ ਕੀਤੀ ਗਈ। ਲਾਰੈਂਸ ਨੂੰ ਐੱਨ.ਆਈ.ਏ. ਨੇ 24 ਨਵੰਬਰ 2022 ਨੂੰ ਜਨਤਾ ਵਿਚਾਲੇ ਆਤੰਕ ਪੈਦਾ ਕਰਨ ਲਈ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਤਸਕਰਾਂ ਦੇ ਸਿੰਡੀਕੇਟ ਵਲੋਂ ਰਚੀ ਗਈ ਸਾਜਿਸ਼ ਨਾਲ ਜੁੜੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।

ਮੂਸੇਵਾਲਾ ਨੂੰ ਯਾਦ ਕਰ ਚੱਲਦੇ ਇੰਟਰਵਿਊ 'ਚ ਭੁੱਬਾਂ ਮਾਰ ਰੋਇਆ ਸੰਨੀ ਮਾਲਟਨ (ਵੀਡੀਓ)

ਰੈਪਰ ਸੰਨੀ ਮਾਲਟਨ ਤੇ ਮਰਹੂਮ ਸਿੱਧੂ ਮੂਸੇਵਾਲਾ ਦੀ ਦੋਸਤੀ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਇਹ ਦੋਵੇਂ ਬੈਸਟ ਫਰੈਂਡ ਸਨ। ਸੰਨੀ ਮਾਲਟਨ ਅਕਸਰ ਹੀ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ। ਉਹ ਅਕਸਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ। ਇੰਨੀਂ ਦਿਨੀਂ ਸੰਨੀ ਮਾਲਟਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਰੋਂਦਾ ਨਜ਼ਰ ਆ ਰਿਹਾ ਹੈ।

ਤੁਰਕੀ ਅਤੇ ਸੀਰੀਆ 'ਚ ਮੁੜ ਲੱਗੇ ਭੂਚਾਲ ਦੇ ਝਟਕੇ, 3 ਲੋਕਾਂ ਦੀ ਮੌਤ, 200 ਤੋਂ ਵਧੇਰੇ ਜ਼ਖ਼ਮੀ

ਤੁਰਕੀ ਵਿਚ ਸੋਮਵਾਰ ਨੂੰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੀ ਗਏ। ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਹੈ ਕਿ ਕੱਲ੍ਹ ਤੁਰਕੀ ਅਤੇ ਸੀਰੀਆ ਵਿਚ ਆਏ 6.4 ਤੀਬਰਤਾ ਦੇ ਭੂਚਾਲ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 213 ਲੋਕ ਜ਼ਖ਼ਮੀ ਹੋ ਗਏ। ਭੂਚਾਲ ਵਿੱਚ ਢਹਿ-ਢੇਰੀ ਹੋਈਆਂ 3 ਇਮਾਰਤਾਂ ਵਿੱਚ ਖੋਜ ਅਤੇ ਬਚਾਅ ਕੰਮ ਜਾਰੀ ਹੈ। ਇਨ੍ਹਾਂ ਇਮਾਰਤਾਂ ਵਿੱਚ ਕੁੱਲ 5 ਲੋਕਾਂ ਨੂੰ ਫਸੇ ਹੋਣ ਦਾ ਖ਼ਦਸ਼ਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News