ਗਰਮੀ ਤੇ ਲੂ ਤੋਂ ਬੱਚਣ ਲਈ ਅਪਣਾਓ ਇਹ ਤਰੀਕੇ

Wednesday, Jun 05, 2019 - 09:09 PM (IST)

ਗਰਮੀ ਤੇ ਲੂ ਤੋਂ ਬੱਚਣ ਲਈ ਅਪਣਾਓ ਇਹ ਤਰੀਕੇ

ਜਲੰਧਰ (ਵੈੱਬਡੈਸਕ) -  ਅੱਜ ਕੱਲ੍ਹ ਗਰਮੀਂ ਪੂਰੇ ਜੋਬਨ 'ਤੇ ਹੈ, ਦਿਨ ਦਾ ਤਾਪਮਾਨ 44-45 ਡਿਗਰੀ ਤੋਂ ਦੇ ਲੱਗਭਗ ਹੈ, ਜਿਥੇ ਗਰਮੀ ਲੋਕਾਂ ਦੇ ਵੱਟ ਕੱਢ ਰਹੀ ਹੈ, ਉਥੇ ਲੂ ਲੱਗਣ ਨਾਲ ਕੀਮਤੀ ਜਾਨਾਂ ਵੀ ਇਸ ਜਹਾਨ ਤੋਂ ਜਾ ਰਹੀਆਂ ਹਨ। ਗਰਮੀਂ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਮੂੰਹ ਸਿਰ ਤੇ ਹੱਥ ਪੈਰ ਢੱਕ ਕੇ ਰੱਖਣੇ ਚਾਹੀਦੇ ਹਨ। ਬਾਹਰ ਜਾਣ ਵੇਲੇ ਮੂੰਹ ਸਿਰ ਲਪੇਟ ਕੇ ਨਿਕਲਣਾ, ਠੰਡੀ ਤਾਸੀਰ ਵਾਲੇ ਖਾਦ ਪਦਾਰਥ ਤੇ ਜਲ ਲੈਣੇ ਚਾਹੀਦੇ ਹਨ । ਤੇਜ ਧੁੱਪ ਅਤੇ ਲੂ ਤੋਂ ਬਚਣ ਦੇ ਨਾਲ ਨਾਲ ਕਿਸੇ ਤਰਾਂ ਦੀ ਤਕਲੀਫ ਹੋਣ 'ਤੇ ਡਾਕਟਰੀ ਰਾਏ ਵੀ ਲੈਣੀ ਚਾਹੀਦੀ ਹੈ ਤਾਂ ਜੋ ਸਿਹਤ ਬਚਾਈ ਜਾ ਸਕੇ। ਮੌਸਮ ਵਿਭਾਗ ਅਨੁਸਾਰ ਉਤਰੀ ਭਾਰਤ ਵਿਚ ਅਜੇ ਗਰਮੀ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਰਕੇ ਭਾਰਤ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਗਰਮੀ ਤੋਂ ਬਚਾਓ ਰੱਖਣ ਲਈ ਚੌਕਸ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਲੂ ਤੋਂ ਕਿਵੇਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ-
ਲੂ ਲੱਗਣ ਤੋਂ ਬਚਾਅ ਲਈ ਕੀ ਕੀਤਾ ਜਾਵੇ

PunjabKesari
ਗਰਮੀਆਂ ਦੇ ਦਿਨਾਂ 'ਚ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ। ਹਵਾਦਾਰ ਹਲਕੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ। ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਹੈਟ, ਜੁੱਤੇ ਆਦਿ ਪਾ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ। ਜੇਕਰ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਵੇ। ਓ. ਆਰ. ਐੱਸ. ਘੋਲ, ਲੱਸੀ, ਤੋਰਾਨੀ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਬਟਰ ਮਿਲਕ ਆਦਿ ਨੂੰ ਸਰੀਰਕ ਲੋੜ ਮੁਤਾਬਕ ਨਾਲ ਰੱਖਿਆ ਜਾਵੇ।
ਲੂ ਲੱਗਣ ਦੇ ਲੱਛਣ

PunjabKesari

  1. ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
  2. ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ
  3. ਇਕੱਲੇ ਇਨਸਾਨਾਂ ਨੂੰ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਛਾਵੇਂ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਪਿਲਾਉਣ ਲਈ ਸਲਾਹ ਦਿੱਤੀ ਜਾਂਦੀ ਹੈ।
  4. ਘਰਾਂ ਨੂੰ ਠੰਡਾ ਰੱਖਣ ਲਈ ਘਰਾਂ ਵਿਚ ਪਰਦਿਆਂ ਦੀ ਵਰਤੋਂ ਕਰੋ। ਰਾਤ ਨੂੰ ਖਿੜਕੀਆਂ ਖੋਲ੍ਹ ਦਿਓ। ਪੱਖੇ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਦਿਨ 'ਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਅਸਰ ਤੋਂ ਬਚਿਆ ਜਾ ਸਕਦਾ ਹੈ।

ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ

PunjabKesari
ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਵਾਂ 'ਤੇ ਵੀ ਅਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ 'ਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੇ ਕੀਤੇ ਵਾਹਨਾਂ 'ਚ ਨਾ ਛੱਡਣਾ, ਸਿਖਰਾਂ ਦੀ ਗਰਮੀ 'ਚ ਖਾਸ ਕਰ ਕੇ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜ੍ਹੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣਾ, ਤਾਪਮਾਨ ਵਧੇਰੇ ਹੋਣ 'ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਦੇ ਵਾਧੇ ਦੇ ਸਮੇਂ 'ਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣਾ, ਅਲਕੋਹਲ, ਚਾਹ, ਕੌਫ਼ੀ ਅਤੇ ਕਾਰਬੋਨੇਟਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰਨਾ ਅਤੇ ਵਧੇਰੇ ਪ੍ਰੋਟੀਨ ਯੁਕਤ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹਨ।
ਇਨ੍ਹਾਂ ਸਾਵਧਾਨੀਆਂ ਨਾਲ ਅਸੀਂ ਜਿੱਥੇ ਗਰਮ ਹਵਾ (ਲੂ) ਤੋਂ ਬਚਾਅ ਕਰ ਸਕਦੇ ਹਾਂ ਉੱਥੇ ਆਪਣੇ-ਆਪ ਨੂੰ ਬੀਮਾਰ ਹੋਣ ਤੋਂ ਵੀ ਬਚਾਅ ਸਕਦੇ ਹਾਂ। ਲੂ ਲੱਗ ਜਾਣ 'ਤੇ ਸਾਨੂੰ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।

 


author

satpal klair

Content Editor

Related News