ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਟਿੱਡੀ ਦਲ ਦਾ ਹਮਲਾ
Wednesday, May 27, 2020 - 01:25 PM (IST)

ਡਾ ਨਵੀਨ ਅਗਰਵਾਲ ਅਤੇ ਡਾ ਨਰਿੰਦਰ ਸਿੰਘ
ਕੀਟ ਵਿਗਿਆਨ ਵਿਭਾਗ
ਟਿੱਡੀ (ਲੋਕਸਟ) ਇੱਕ ਪਰਵਾਸ ਕਰਨ ਵਾਲਾ ਅਤੇ ਬਹੁਤ ਤਬਾਹੀ ਕਰਨ ਵਾਲਾ ਕੀੜਾ ਹੈ। ਇਸ ਦੇ ਬੱਚੇ ਅਤੇ ਬਾਲਗ ਝੁੰਡਾਂ ਵਿੱਚ ਹਮਲਾ ਕਰਦੇ ਹਨ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਕਰਦੇ ਹਨ। ਅਨੁਕੂਲ ਹਲਾਤਾਂ ਵਿੱਚ ਟਿੱਡੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਜਾਂਦਾ ਹੈ ਅਤੇ ਟਿੱਡੀਆਂ ਦੇ ਝੁੰਡ ਦੁਰ-ਦਰਾਜ ਦੇ ਇਲਾਕਿਆਂ ਵਿੱਚ ਅਤੇ ਦੂਜੇ ਦੇਸ਼ਾਂ ਵਿੱਚ ਫੈਲ ਜਾਂਦੇ ਹਨ। ਇਸ ਨਾਲ ਫ਼ਸਲਾਂ ਦਾ ਅੰਤਰ-ਰਾਸ਼ਟਰੀ ਪੱਧਰ ’ਤੇ ਕਾਫੀ ਨੁਕਸਾਨ ਹੁੰਦਾ ਹੈ। ਟਿੱਡੀ ਦੇ ਜੀਵਨ ਕਾਲ ਵਿੱਚ ਦੋ ਪੜਾਅ ਹੁੰਦੇ ਹਨ
1. ਜਦੋਂ ਇਹ ਕੀੜੇ ਸੁਸਤ ਅਤੇ ਇੱਕਲੇ ਰਹਿੰਦੇ ਹਨ (ਸੋਲਿਟਰੀ ਅਵਸਥਾ)
2. ਜਦੋਂ ਇਹ ਕੀੜੇ ਚੁਸਤ ਹੁੰਦੇ ਹਨ, ਇਕੱਠੇ ਹੋ ਜਾਂਦੇ ਹਨ, ਤੇਜ਼ੀ ਨਾਲ ਪ੍ਰਜਣਨ ਕਰਦੇ ਹਨ ਅਤੇ ਝੁੰਡਾਂ ਦੇ ਵਿੱਚ ਦੂਰ ਦੂਰ ਤੱਕ ਫੈਲ ਜਾਂਦੇ ਹਨ (ਗਰੀਗੇਰਿਅਸ ਅਵਸਥਾ)।
ਟਿੱਡੀਆਂ ਪੱਤੇ, ਫੁੱਲ, ਫਲ, ਬੀਜ, ਤਣੇ ਦਾ ਛਿਲਕਾ ਅਤੇ ਕਰੂੰਬਲਾਂ ਨੂੰ ਖਾ ਜਾਂਦੀਆਂ ਹਨ ਅਤੇ ਜਦੋਂ ਟਿੱਡੀ ਦਲ ਵੱਡੀ ਗਿਣਤੀ ਵਿੱਚ ਦਰੱਖਤਾਂ ਉਤੇ ਬੈਠ ਜਾਣ ਤਾਂ ਭਾਰ ਨਾਲ ਟਾਹਣੀਆਂ ਟੁੱਟ ਜਾਂਦੀਆਂ ਹਨ। ਭਾਰਤ ਵਿੱਚ ਟਿੱਡੀਆਂ ਦੀਆਂ ਚਾਰ ਕਿਸਮਾਂ ਪਾਈਆਂ ਜਾਂਦੀਆਂ ਹਨ। ਰੇਗਿਸਤਾਨੀ ਟਿੱਡੀ (ਡੇਜ਼ਰਟ ਲੋਕਸਟ), ਬੰਬੇ ਟਿੱਡੀ (ਬੰਬੇ ਲੋਕਸਟ), ਪਰਵਾਸੀ ਟਿੱਡੀ (ਮਾਈਗ੍ਰੇਟਰੀ ਲੋਕਸਟ) ਅਤੇ ਦਰੱਖਤਾਂ ਵਾਲੀ ਟਿੱਡੀ (ਟ੍ਰੀ ਲੋਕਸਟ) । ਇਨ੍ਹਾਂ ਕਿਸਮਾਂ ਵਿੱਚੋਂ ਆਮ ਤੌਰ ’ਤੇ ਰੇਗਿਸਤਾਨੀ ਟਿੱਡੀ (ਡੇਜ਼ਰਟ ਲੋਕਸਟ) ਦਾ ਹਮਲਾ ਭਾਰਤ ਵਿਚ ਵੇਖਣ ਨੂੰ ਮਿਲਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਵੀ ਇਹ ਕਿਸਮ ਸਭ ਤੋਂ ਵੱਧ ਮਹੱਤਵਪੂਰਨ ਕਿਸਮ ਹੈ। ਹਾਲ ਹੀ ਸਾਲ 2019-20 ਦੌਰਾਨ, ਰਾਜਸਥਾਨ, ਗੁਜਰਾਤ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਇਸੇ ਕਿਸਮ ਦਾ ਹਮਲਾ ਸਾਹਮਣੇ ਆਇਆ ਹੈ।
ਪੜ੍ਹੋ ਇਹ ਵੀ - ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’
ਜੀਵਨ-ਚੱਕਰ
ਟਿੱਡੀਆਂ ਆਪਣੇ ਜੀਵਨ ਕਾਲ ਵਿੱਚ ਤਿੰਨ ਅਵਸਥਾਵਾਂ ਵਿੱਚੋਂ ਗੁਜ਼ਰਦੀਆਂ ਹਨ- ਅੰਡਾ, ਨਿੰਫ (ਹੋਪਰ), ਬਾਲਗ । ਇਹ ਕੀੜਾ ਮਿੱਟੀ ਵਿੱਚ ਅੰਡੇ ਦਿੰਦਾ ਹੈ, ਜਿਸ ਵਿੱਚੋਂ ਤਕਰੀਬਨ ਦੋ ਹਫਤਿਆਂ ਬਾਅਦ ਬੱਚੇ (ਨਿੰਫ) ਨਿੱਕਲ ਆਉਂਦੇ ਹਨ। ਲਗਭਗ 6 ਹਫਤਿਆਂ ਬਾਅਦ ਬੱਚੇ ਵੱਡੇ ਹੋ ਕੇ ਬਾਲਗ ਬਣ ਜਾਂਦੇ ਹਨ, ਜੋ ਦੂਰ-ਦੁਰਾਡੇ ਇਲਾਕਿਆਂ ਵਿੱਚ ਉਡ ਕੇ ਜਾ ਸਕਦੇ ਹਨ। ਜਵਾਨ ਅਵਸਥਾ ਵਿੱਚ ਬਾਲਗ ਦਾ ਰੰਗ ਗੁਲਾਬੀ ਹੁੰਦਾ ਹੈ, ਜੋ ਬਾਅਦ ਵਿੱਚ ਭੂਰਾ ਹੋ ਜਾਂਦਾ ਹੈ।
ਪ੍ਰਜਣਨ ਰੁੱਤਾਂ
ਟਿੱਡੀ ਸਾਲ ਵਿੱਚ 3 ਵਾਰ ਪ੍ਰਜਣਨ ਕਰਦੀ ਹੈ। (1) ਸਰਦੀ (ਨਵੰਬਰ ਤੋਂ ਦਸੰਬਰ), (2) ਬਹਾਰ (ਜਨਵਰੀ ਤੋਂ ਜੂਨ), ਅਤੇ (3) ਗਰਮੀ (ਜੁਲਾਈ ਤੋਂ ਅਕਤੂਬਰ)। ਭਾਰਤ ਵਿੱਚ ਟਿੱਡੀ ਸਿਰਫ ਗਰਮੀ ਰੁੱਤ ਦੌਰਾਨ ਜਦੋਂ ਕਿ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਹਾਰ ਤੇ ਗਰਮੀ ਰੁੱਤ ਦੌਰਾਨ ਵੀ ਪ੍ਰਜਣਨ ਕਰਦੀ ਹੈ। ਬਹਾਰ ਰੁੱਤ ਦੌਰਾਨ ਟਿੱਡੀਆਂ ਆਮ ਤੌਰ ’ਤੇ ਦੱਖਣ-ਪੂਰਬੀ ਇਰਾਨ ਅਤੇ ਦੱਖਣ-ਪੱਛਮੀ ਪਾਕਿਸਤਾਨ ਵਿੱਚ ਮਿਲਦੀਆਂ ਹਨ, ਜਦਕਿ ਗਰਮੀ ਰੁੱਤ ਦੌਰਾਨ ਇਹ ਭਾਰਤ-ਪਾਕਿਸਤਾਨ ਬਾਰਡਰ ’ਤੇ ਮਿਲਦੀਆਂ ਹਨ।
ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’
ਪੁਰਾਣੇ ਸਮਿਆਂ ਵਿੱਚ ਟਿੱਡੀ ਦਲ ਦਾ ਹਮਲਾ ਪਲੇਗ ਚੱਕਰ (ਘੱਟੋ-ਘੱਟ ਦੋ ਸਾਲ ਲਗਾਤਾਰ ਹਮਲਾ ਜਿਸ ਦੌਰਾਨ ਟਿੱਡੀਆਂ ਪ੍ਰਜਣਨ ਕਰਕੇ ਝੁੰਡ ਬਣਾ ਲੈਂਦੀਆਂ ਹਨ ਅਤੇ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ)। ਇਸ ਤੋਂ ਬਾਅਦ ਮੰਦੀ ਦਾ ਦੌਰ, ਜੋ 1-8 ਸਾਲ ਦਾ ਹੁੰਦਾ ਹੈ, ਜਿਸ ਸਮੇਂ ਟਿੱਡੀ ਦਲ ਕੋਈ ਹਰਕਤ ਵਿੱਚ ਨਹੀਂ ਆਉਂਦਾ, ਦੇ ਰੂਪ ਵਿੱਚ ਹੁੰਦਾ ਹੈ। ਪਲੇਗ ਅਤੇ ਮੰਦੀ ਦਾ ਦੌਰ ਇਸੇ ਕ੍ਰਮ ਵਿੱਚ ਅੱਗੇ ਚਲਦੇ ਰਹਿੰਦੇ ਸਨ। ਭਾਰਤ ਵਿੱਚ ਪਿਛਲੀਆਂ ਦੋ ਸਦੀਆਂ ਦੌਰਾਨ ਟਿੱਡੀ ਦਲ ਦੇ ਪਲੇਗ, ਗਿਣਤੀ ਵਿੱਚ ਉਭਾਰ ਅਤੇ ਇਸ ਦੇ ਹਮਲੇ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਭਾਰਤ ਵਿੱਚ ਟਿੱਡੀ ਦਾ ਪਲੇਗ ਚੱਕਰ ਅਤੇ ਉਭਾਰ
ਲੜੀ ਨੰ: |
ਸਾਲ |
ਖੇਤਰ |
ਲੜੀ ਨੰ: |
ਸਾਲ |
ਖੇਤਰ |
1 |
1812-1821 |
- |
7 |
1900-1907 |
- |
2 |
1843-1844 |
- |
8 |
1912-1920 |
- |
3 |
1863-1867 |
- |
9 |
1926-1931 |
ਬਿਹਾਰ, ਰਾਜਸਥਾਨ |
4 |
1869-1873 |
- |
10 |
1940-1946 |
ਰਾਜਥਾਨ, ਮੱਧ ਪ੍ਰਦੇਸ਼ |
5 |
1876-1881 |
- |
11 |
1949-1955 |
ਰਾਜਸਥਾਨ |
6 |
1889-1891 |
- |
12 |
1959-1962 |
ਰਾਜਸਥਾਨ, ਪੰਜਾਬ |
ਭਾਰਤ ਵਿੱਚ ਟਿੱਡੀ ਦਲ ਦੇ ਪਲੇਗ ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਰਿਕਾਰਡ ਕੀਤੇ ਗਏ
ਗਿਣਤੀ ਦਾ ਉਭਾਰ
ਲੜੀ ਨੰ: |
ਸਾਲ |
ਸਵਾਰਮ ਦੀ ਗਿਣਤੀ |
ਖੇਤਰ |
1. |
1964 |
4 |
ਰਾਜਸਥਾਨ |
2. |
1968 |
167 |
ਰਾਜਸਥਾਨ |
3. |
1970 |
2 |
ਰਾਜਸਥਾਨ |
4. |
1973 |
6 |
ਰਾਜਸਥਾਨ |
5. |
1974 |
6 |
ਰਾਜਸਥਾਨ |
6. |
1975 |
19 |
ਰਾਜਸਥਾਨ |
7. |
1976 |
2 |
ਰਾਜਸਥਾਨ |
8. |
1978 |
20 |
ਰਾਜਸਥਾਨ, ਗੁਜਰਾਤ |
9. |
1983 |
26 |
ਰਾਜਸਥਾਨ |
10. |
1986 |
3 |
ਰਾਜਸਥਾਨ |
11. |
1989 |
15 |
ਰਾਜਸਥਾਨ |
12. |
1993 |
172 |
ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ |
13. |
1997 |
4 |
ਰਾਜਸਥਾਨ |
ਛੋਟੇ ਪੱਧਰ ’ਤੇ ਟਿੱਡੀ ਦਲ ਦੇ ਪ੍ਰਜਣਨ ਦੀਆਂ ਰਿਪੋਰਟਾਂ ਸਾਲ 1998 (ਜੈਸਲਮੇਰ), 2002 (ਜੋਧਪੁਰ), 2005 (ਜੈਸਲਮੇਰ, ਜੋਧਪੁਰ, ਬੀਕਾਨੇਰ), 2007 (ਜੈਸਲਮੇਰ, ਜੋਧਪੁਰ, ਬੀਕਾਨੇਰ) ਅਤੇ 2010 (ਜੈਸਲਮੇਰ) ਵਿੱਚ ਸਾਹਮਣੇ ਆਈਆਂ ਸਨ ਅਤੇ ਇਨ੍ਹਾਂ ’ਤੇ ਸਫਲਤਾ ਪੂਰਵਕ ਕਾਬੂ ਪਾ ਲਿਆ ਗਿਆ।
ਪੰਜਾਬ ਵਿੱਚ ਆਮ ਤੌਰ ’ਤੇ ਅੱਧ ਨਵੰਬਰ ਤੱਕ ਟਿੱਡੀਆਂ ਦੀ ਗਿਣਤੀ ਘੱਟ ਜਾਂਦੀ ਹੈ ਪਰ ਕੁਝ ਰਿਪੋਰਟਾਂ ਅਨੁਸਾਰ, ਟਿੱਡੀ ਦਲ ਦੇ ਛੋਟੇ ਝੁੰਡ ਪੰਜਾਬ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਦੀ ਦਾ ਸਮਾਂ ਲੁਕ ਕੇ ਗੁਜ਼ਾਰਦੇ ਹਨ। ਇਹ ਝੁੰਡ ਬਹਾਰ ਰੁੱਤ ਵਿੱਚ ਇੱਕ ਨਵੀਂ ਪੀੜ੍ਹੀ ਨੂੰ ਜਨਮ ਦਿੰਦੇ ਹਨ, ਜੋ 1941, 1945, 1951, 1955 ਅਤੇ 1962 ਦੌਰਾਨ ਹੋ ਚੁੱਕਿਆ ਹੈ। ਆਮ ਤੌਰ ’ਤੇ ਮੱਧ-ਅਕਤੂਬਰ ਵਿੱਚ ਉਤਰ-ਪੂਰਬੀ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ, ਜੋ ਟਿੱਡੀਆਂ ਦੇ ਝੁੰਡਾਂ ਨੂੰ ਵਾਪਿਸ ਪੱਛਮ ਦਿਸ਼ਾ ਵਿੱਚ ਉਨ੍ਹਾਂ ਇਲਾਕਿਆਂ ਵੱਲ ਧੱਕ ਦਿੰਦੀਆਂ ਹਨ, ਜਿੱਥੇ ਸਰਦੀ/ ਬਹਾਰ ਰੁੱਤ ਵਿੱਚ ਬਰਸਾਤਾਂ ਹੁੰਦੀਆਂ ਹਨ (ਦੱਖਣ-ਪੂਰਬੀ ਇਰਾਨ ਅਤੇ ਦੱਖਣ-ਪੱਛਮੀ ਪਾਕਿਸਤਾਨ )। ਪੰਜਾਬ ਵਿੱਚ 1962 ਤੋਂ ਬਾਅਦ ਟਿੱਡੀ ਦਲ ਦਾ ਝੁੰਡਾਂ ਵਿੱਚ ਕੋਈ ਹਮਲਾ ਨਹੀਂ ਹੋਇਆ ਪਰ ਸਾਲ 1993 ਵਿੱਚ ਟਿੱਡੀਆਂ (ਝੁੰਡ ਤੋਂ ਬਿਨਾਂ) ਕਿਤੇ-ਕਿਤੇ ਦੇਖਣ ਨੂੰ ਮਿਲੀਆਂ, ਜਿਨ੍ਹਾਂ ਦੇ ਅਸਾਨੀ ਨਾਲ ਕਾਬੂ ਪਾ ਲਿਆ ਗਿਆ ।
ਆਰਥਿਕ ਮਹੱਤਤਾ
ਭਾਰਤ ਵਿੱਚ ਰੇਗਿਸਤਾਨੀ ਇਲਾਕਾ (ਸ਼ਡਿਊਲ ਡੇਜ਼ਰਟ ਏਰੀਆਂ) ਲਗਭਗ 2.5 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਰਗੇ ਸੂਬੇ ਆਉਂਦੇ ਹਨ। ਸਾਲ 1926-31 ਦੌਰਾਨ ਰੋਕਥਾਮ ਲਈ ਪ੍ਰਬੰਧ ਕਰਨ ਦੇ ਬਾਵਜੂਦ ਸਾਰੇ ਦੇਸ਼ ਵਿੱਚ ਅੰਦਾਜ਼ਨ 10 ਕਰੋੜ ਰੁਪਦੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਸਾਲ 1940-46 ਅਤੇ 1949-55 ਦੌਰਾਨ ਟਿੱਡੀ ਦਲ ਦੇ ਹਮਲੇ ਕਾਰਨ 2 ਕਰੋੜ ਦਾ ਨੁਕਸਾਨ ਹੋਇਆ ਅਤੇ ਇਸ ਦੇ ਆਖਰੀ ਹਮਲੇ (1959-62) ਦੌਰਾਨ 50 ਲੱਖ ਰੁਪਏ ਦਾ ਨੁਕਸਾਨ ਹੋਇਆ। ਭਾਵੇਂ ਕਿ 1962 ਤੋਂ ਬਾਅਦ ਟਿੱਡੀ ਦਲ ਦਾ ਪਲੇਗ ਰੂਪ ਵਿੱਚ ਹਮਲਾ ਨਹੀਂ ਹੋਇਆ ਪਰ ਫਿਰ ਵੀ 1978 ਅਤੇ 1993 ਵਿੱਚ ਇਸ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਉਭਾਰ ਦਰਜ ਕੀਤੇ ਗਏ। ਇਨ੍ਹਾਂ ਸਾਲਾਂ ਦੌਰਾਨ ਤਕਰੀਬਨ 2 ਲੱਖ ਰੁਪਏ (1978) ਅਤੇ 7.18 ਲੱਖ ਰੁਪਏ (1993) ਦਾ ਨੁਕਸਾਨ ਦਰਜ ਕੀਤਾ ਗਿਆ।
ਇਸ ਤੋਂ ਬਾਅਦ ਹੁਣ ਤੱਕ ਸਮੇਂ-ਸਮੇਂ ’ਤੇ ਟਿੱਡੀ ਦੀ ਗਿਣਤੀ ਵਿੱਚ ਉਭਾਰ ਆਉਣ ਕਾਰਨ ਫ਼ਸਲਾਂ ਨੂੰ ਮਾਮੂਲੀ ਨੁਕਸਾਨ ਹੀ ਸਾਹਮਣੇ ਆਇਆ। ਟਿੱਡੀ ਦਲ ਦੀ ਆਫਤ ਨੂੰ ਨੱਥ ਪਾਉਣ ਵਿੱਚ ਸੂਬਾ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੰਸਥਾਵਾਂ ਦਾ ਵੱਡਾ ਹੱਥ ਹੈ, ਜੋ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਦੀ ਅਗਵਾਈ ਹੇਠ ਮਿਲ ਕੇ ਕੰਮ ਕਰਦੀਆਂ ਹਨ।
ਪਿਛਲੇ ਇੱਕ ਦਹਾਕੇ ਦੌਰਾਨ ਟਿੱਡੀ ਦਲ ਦੀ ਸਥਿਤੀ
ਸਾਲ 2010 ਵਿੱਚ ਟਿੱਡੀ ਦਲ ਦੀ ਗਿਣਤੀ ਵਿੱਚ ਉਭਾਰ, ਅਕਤੂਬਰ-ਨਵੰਬਰ ਮਹੀਨੇ ਦੌਰਾਨ ਵੇਖਿਆ ਗਿਆ, ਜੋ ਕਿ ਜੈਸਲਮੇਰ ਜ਼ਿਲ੍ਹੇ ਕੁਝ ਇਲਾਕਿਆਂ ਤੱਕ ਸੀਮਿਤ ਸੀ। ਪਰ ਇਸ ’ਤੇ ਜਲਦ ਹੀ ਕਾਬੂ ਪਾ ਲਿਆ ਅਤੇ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ। ਸਾਲ 2012-13 ਦੌਰਾਨ ਵੀ ਟਿੱਡੀ ਦਲ ਦੀ ਕੋਈ ਖਾਸ ਗਤੀਵਿਧੀ ਭਾਰਤ ਵਿੱਚ ਵੇਖਣ ਨੂੰ ਨਹੀ ਮਿਲੀ ਅਤੇ ਸਿਰਫ ਇੱਕਾ-ਦੁੱਕਾ ਥਾਵਾਂ ਤੋਂ ਟਿੱਡੀਆਂ ਬਿਨਾਂ ਝੁੰਡ ਤੋਂ ਦਿਖਾਈ ਦਿੱਤੀਆਂ। ਸਾਲ 2016 ਅਤੇ 2017 ਵਿੱਚ ਅਕਤੂਬਰ-ਨਵੰਬਰ ਮਹੀਨੇ ਦੌਰਾਨ ਵੀ ਜੈਸਲਮੇਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਟਿੱਡੀਆਂ (ਬਿਨਾਂ ਝੁੰਡ) ਦੇ ਦਿਖਾਈ ਦਿੱਤੀਆਂ।
ਟਿੱਡੀ ਦਲ ਦੀ ਮੌਜੂਦਾ ਸਥਿਤੀ
17 ਮਈ 2019 ਨੂੰ ਜੈਸਲਮੇਰ ਦੇ ਨਜ਼ਦੀਕ ਟਿੱਡੀਆਂ ਦੇ ਕੁਝ ਬਾਲਗ (ਬਿਨਾਂ ਝੁੰਡ ਦੇ) ਦੇਖਣ ਨੂੰ ਮਿਲੇ। 21 ਮਈ ਨੂੰ ਟਿੱਡੀ ਦਲ ਦਾ ਸਮੂਹ (ਸੈਂਕੜਿਆਂ ਦੀ ਗਿਣਤੀ) ਜੈਸਲਮੇਰ ਅਤੇ ਬੀਕਾਨੇਰ ਜ਼ਿਲ੍ਹਿਆਂ ਵਿੱਚ ਮਿਲਿਆ। ਦਸੰਬਰ 2019 ਤੱਕ ਰਾਜਸਥਾਨ ਦੇ 11 ਜ਼ਿਲ੍ਹੇ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਜੈਸਲਮੇਰ, ਬਾੜਮੇਰ, ਬੀਕਾਨੇਰ, ਸ੍ਰੀ ਗੰਗਾਨਗਰ, ਜਲੌਰ, ਹਨੁਮਾਨਗੜ੍ਹ, ਨਗੌਰ, ਚੁਰੂਪਾਲੀ, ਸਿਰੋਹੀ ਅਤੇ ਡੁੰਗਰਪੁਰ ਪ੍ਰਮੁੱਖ ਹਨ। ਇਸੇ ਮਹੀਨੇ ਦੌਰਾਨ ਗੁਜਰਾਤ ਦੇ ਬਨਸਕੰਠਾ ਜ਼ਿਲ੍ਹੇ ਦੇ ਤਿੰਨ ਪਿੰਡ, ਜੋ ਪਾਕਿਸਤਾਨ ਦੇ ਰੇਗਿਸਤਾਨੀ ਇਲਾਕੇ ਨਾਲ ਲੱਗਦੇ ਹਨ ਵਿੱਚ ਵੀ ਟਿੱਡੀ ਦਲ ਦਾ ਹਮਲਾ ਹੋਇਆ। ਇਸ ਹਮਲੇ ਵਿੱਚ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਜਿਹਨਾਂ ਵਿੱਚ ਮੁੱਖ ਸਰ੍ਹੋਂ ਅਤੇ ਜੀਰਾ ਫ਼ਸਲਾਂ ਸਨ।
ਜਨਵਰੀ 2020 ਦੇ ਪਹਿਲੇ ਪੰਦਰਵਾੜੇ ਦੌਰਾਨ ਟਿੱਡੀ ਦਲ ਦੇ ਸਮੂਹ ਰਾਜਸਥਾਨ ਦੇ ਕੁਝ ਜ਼ਿਲ੍ਹੇ ਜੈਸਲਮੇਰ, ਬਾੜਮੇਰ, ਬੀਕਾਨੇਰ, ਸ੍ਰੀ ਗੰਗਾਨਗਰ, ਜਲੌਰ, ਪਾਲੀ, ਸਿਰੋਹੀ, ਜੋਧਪੁਰ ਅਤੇ ਗੁਜਰਾਤ ਦੇ ਬਨਸਕੰਠਾ, ਭੁਜ ਕੱਛ ਇਲਾਕੇ ਵਿੱਚ ਮਿਲੇ। 15 ਜਨਵਰੀ ਨੂੰ ਟਿੱਡੀ ਦਲ ਦਾ ਵੱਡਾ ਸਵਾਰਮ ਸ੍ਰੀ ਗੰਗਾਨਗਰ ਜਿਲੇ ਦੇ ਰਾਇਸਿੰਘ ਨਗਰ ਵਿੱਚ ਆਇਆ।
23 ਜਨਵਰੀ 2020 ਤੋਂ ਪੰਜਾਬ ਦੇ ਕੁੱਝ ਪਿੰਡਾਂ ਵਿੱਚੋਂ ਟਿੱਡੀ ਦਲ ਦੀਆਂ ਖਬਰਾਂ ਆਉਣ ਲੱਗੀਆਂ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਸਾਂਝੇ ਸਰਵੇਖਣਾਂ ਦੌਰਾਨ ਟਿੱਡੀ ਦਲ ਦੇ ਬਹੁਤ ਛੋਟੇ ਝੁੰਡ (5-20 ਟਿੱਡੀਆਂ) ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇ।
ਇੱਕ ਤਾਜ਼ੇ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਟਿੱਡੀਆਂ ਬਹੁਤ ਥੋੜ੍ਹੀ ਗਿਣਤੀ ਵਿੱਚ ਫਾਜ਼ਿਲਕਾ ਜਿਲੇ ਦੇ ਪਿੰਡ ਗੁੰਮਜਾਲ, ਡੰਗਰਖੇੜਾ, ਪੰਜਾਵਾ, ਪੰਨੀਵਾਲਾ ਮਾਹਲਾ, ਅੜਾਚਿੱਕੀ, ਭਾਂਗਰਖੇੜਾ, ਰੂਪਨਗਰ, ਬਾਰੇਕਾ, ਬਕੈਨਵਾਲਾ, ਹਰੀਪੁਰਾ, ਖੁਈਆਂ ਸਰਵਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਨੀਵਾਲਾ, ਮਿੱਡਾ, ਅਸਪਾਲ, ਵਿਰਕ ਖੇੜਾ, ਭਾਗਸਰ ਅਤੇ ਹੋਰ ਪਿੰਡਾਂ ਵਿੱਚ ਦੇਖਣ ਨੂੰ ਮਿਲੀ ਹੈ।
25 ਜਨਵਰੀ 2020 ਨੂੰ ਟਿੱਡੀ ਦਲ ਦਾ ਇੱਕ ਝੁੰਡ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੁੰਮਜਾਲ ਅਤੇ ਪੰਨੀਵਾਲਾ ਮਾਹਲਾ ਵਿੱਚ ਨਜ਼ਰ ਆਇਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਿੱਡੀਆਂ ਸਨ ਪਰ ਇਸ ਝੁੰਡ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ।ਟਿੱਡੀ ਦਲ ਦਾ ਤਾਜ਼ਾ ਹਮਲਾ 2 ਫਰਵਰੀ, 2020 ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰੂਪਨਗਰ ਅਤੇ ਬਾਰੇਕਾ, ਹੋਇਆ ਜਿਸ ਨੂੰ ਖੇਤੀਬਾੜੀ ਵਿਭਾਗ, ਪੰਜਾਬ ਨੇ ਸਫਲਤਾਪੂਰਵਕ ਕਾਬੂ ਕਰ ਲਿਆ।
ਹਾਲੇ ਤੱਕ ਟਿੱਡੀ ਦਲ ਕਾਰਨ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਿਕ ਨੁਕਸਾਨ ਨਹੀਂ ਹੋਇਆ ਹੈ। ਛੋਟੀ ਉਮਰ ਦੀਆਂ ਟਿੱਡੀਆਂ ਦੇ ਇਨ੍ਹਾਂ ਸਮੂਹਾਂ ਤੋਂ ਕੋਈ ਖਾਸ ਖਤਰਾ ਨਹੀਂ ਹੈ, ਕਿਉਂਕਿ ਇਹ ਪ੍ਰਜਣਨ ਨਹੀਂ ਕਰ ਸਕਦੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਨੇ ਰਾਜਸਥਾਨ ਨਾਲ ਲੱਗਦੇ ਇਲਾਕਿਆਂ ਵਿੱਚ ਸਥਿਤੀ ਤੇ ਪੂਰੀ ਨਜ਼ਰ ਰੱਖੀ ਹੋਈ ਹ ਅਤੇ ਲੋੜ ਅਨੁਸਾਰ ਰੋਕਥਾਮ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਭਾਰਤ ਵਿੱਚ ਟਿੱਡੀ ਦਲ ਦਾ ਸਰਵੇਖਣ ਅਤੇ ਰੋਕਥਾਮ
ਭਾਰਤ ਵਿੱਚ ਟਿੱਡੀ ਦਲ ਦੇ ਸਰਵੇਖਣ ਅਤੇ ਰੋਕਥਾਮ ਦਾ ਜ਼ਿੰਮੇਵਾਰੀ ਲੋਕਸਟ ਵਾਰਨਿੰਗ ਆਰਗਨਾਈਜੇਗ਼ਨ, ਜੋ ਡਾਇਰਕਟਰੇਟ ਆਫ ਪਲਾਂਟ ਪ੍ਰੋਟੈਕਸ਼ਨ ਕੁਆਰਨਟੀਨ ਐਡ ਸਟੋਰੇਜ (ਧਫਫਥ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਅਧੀਨ ਕੰਮ ਕਰਦੀ ਹੈ। ਇਹ ਸੰਸਥਾ ਭਾਰਤ ਵਿੱਚ ਰੇਗਿਸਤਾਨੀ ਇਲਾਕਾ (ਸ਼ਡੀਊਲ ਡੇਜ਼ਰਟ ਏਰੀਆਂ) ਮੁੱਖ ਤੌਰ ’ਤੇ ਰਾਜਸਥਾਨ, ਗੁਰਜਾਤ ਦੇ ਸੂਬੇ ਅਤੇ ਪੰਜਾਬ ਤੇ ਹਰਿਆਣਾ ਦੇ ਕੁੱਝ ਹਿੱਸਆਂ ਵਿੱਚ ਟਿੱਡੀ ਦਲ ਦੀ ਨਿਗਰਾਨੀ ਅਤੇ ਰੋਕਥਾਮ ਲਈ ਲਗਾਤਾਰ ਸਰੇਵਖਣ ਕਰਦੀ ਹੈ।
ਸਰਦੀਆਂ ਵਿੱਚ ਟਿੱਡੀ ਦਾ ਹਮਲਾ:
ਭਾਰਤ ਵਿੱਚ ਆਮ ਤੌਰ ਤੇ ਟਿੱਡੀ ਦਾ ਹਮਲਾ ਮੱਧ-ਨਵੰਬਰ ਤੱਕ ਖਤਮ ਹੋ ਜਾਂਦਾ ਹੈ ਪਰ ਇਸ ਵਾਰ ਹਮਲਾ ਕਾਫੀ ਲੰਬੇ ਤੱਕ ਚੱਲ ਰਿਹਾ ਹੈ। ਮੌਸਮੀ ਤਬਦੀਲੀ ਕਾਰਨ ਟਿੱਡੀ ਨੂੰ ਪ੍ਰਜਣਨ ਲਈ ਅਨੁਕੂਲ ਹਾਲਤ ਮਿਲਦੇ ਰਹੇ, ਜਿਸ ਕਾਰਨ ਇਸ ਵਾਰ ਦਾ ਹਮਲਾ ਲਗਾਤਾਰ ਬਣਿਆ ਹੋਇਆ ਹੈ। ਖੇਤੀਬਾੜੀ ਵਿਭਾਗ, ਸ੍ਰੀ ਗੰਗਾਨਗਰ, ਰਾਜਸਥਾਨ ਅਤੇ ਲੋਕਸਟ ਵਾਰਨਿੰਗ ਆਰਗਨਾਈਜੇਗ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਰਾਜਸਥਾਨ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲੰਬੇ ਮੌਨਸੂਨ ਅਤੇ ਲਗਾਤਾਰ ਤੇਜ਼ ਹਵਾਵਾਂ ਕਾਰਨ, ਜੋ ਅਸਧਾਰਨ ਮੌਸਮੀ ਹਾਲਾਤ ਪੈਦਾ ਹੋਏ ਹਨ, ਉਹ ਟਿੱਡੀ ਦੇ ਸਰਦੀਆਂ ਵਿੱਚ ਵੀ ਸਰਗਰਮ ਰਹਿਣ ਦਾ ਕਾਰਨ ਹੋ ਸਕਦੇ ਹਨ। ਜਦ ਤਾਪਮਾਨ 15-20 ਡਿਗਰੀ ਸੈਂਟੀਗਰੇਡ ਤੱਕ ਚਲਾ ਜਾਂਦਾ ਹੈ ਤਾਂ ਟਿੱਡੀ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ। ਤਾਪਮਾਨ ਵੱਧਣ ਨਾਲ ਖਤਰੇ ਦਾ ਡਰ ਵੱਧ ਜਾਂਦਾ ਹੈ, ਆਉਣ ਵਾਲੇ ਮਹੀਨੇ ਚੁਣੌਤੀ ਭਰੇ ਹੋਣਗੇ, ਕਿਉਂਕਿ ਇਰਾਨ ਅਤੇ ਪਾਕਿ ਵਿੱਚ ਟਿੱਡੀ ਦਲ ਦੀ ਸੰਖਿਆ ਖਤਰਨਾਕ ਪੱਧਰ ਤੱਕ ਚੁੱਕੀ ਹੈ ਅਤੇ ਟਿੱਡੀ ਦਾ ਗਰਮੀ ਰੁੱਤ ਦੇ ਪ੍ਰਜਣਨ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਮੁਸੀਬਤ ਨੂੰ ਰੋਕਣ ਲਈ ਧਿਆਨ ਪੂਰਵਕ ਸਰਵੇਖਣ ਕਰਨ ਦੀ ਲੋੜ ਹੈ ਤਾਂ ਜੋ ਸਮੇਂ ਸਿਰ ਇਸ ਤੇ ਕਾਬੂ ਪਾਇਆ ਜਾ ਸਕੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੁਲਪਤੀ ਵੱਲੋਂ ਪਾਕਿ ਪੰਜਾਬ ਵਿੱਚ ਟਿੱਡੀ ਦਲ ਦੀ ਸਥਿਤੀ ਜਾਣਨ ਲਈ ਡਾ. ਮੁਹੰਮਦ ਅਸ਼ਰਫ, ਕੁਲਪਤੀ, ਯੂਨੀਵਰਸਿਟੀ ਆਫ ਐਗਰੀਕਲਚਰ, ਫੈਸਲਾਬਾਦ, ਪਾਕਿਸਤਾਨ ਨਾਲ ਰਾਬਤਾ ਕੀਤਾ ਗਿਆ। ਜਿਸ ਵਿੱਚ ਡਾ. ਮੁਹੰਮਦ ਅਸ਼ਰਫ ਨੇ ਦੱਸਿਆ ਕਿ ਇਸ ਵਾਰ ਟਿੱਡੀ ਦਲ ਦੇ ਹਮਲੇ ਦਾ ਖਦਸ਼ਾ ਨਹੀ ਸੀ, ਕਿਉਂਕਿ ਟਿੱਡੀ ਦਲ ਦਾ ਹਮਲਾ ਅੱਧ ਨਵੰਬਰ ਤੋਂ ਬਾਅਦ ਘੱਟ ਜਾਂਦਾ ਹੈ। ਮੌਸਮੀ ਤਬਦੀਲੀ ਕਾਰਨ ਟਿੱਡੀ ਦਲ ਨੂੰ ਪ੍ਰਜਣਨ ਲਈ ਅਨੁਕੂਲ ਹਲਾਤ ਮਿਲਦੇ ਰਹੇ, ਜਿਸ ਕਾਰਨ ਇਸ ਵਾਰ ਦਾ ਹਮਲਾ ਲਗਾਤਾਰ ਬਣਿਆ ਹੋਇਆ ਹੈ।