ਘਰ ''ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ
Friday, Sep 11, 2026 - 05:21 PM (IST)
ਬਠਿੰਡਾ (ਵਰਮਾ) : ਇੱਥੇ ਦੋ ਧਿਰਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਪੁਲਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਘਰ 'ਚ ਦਾਖ਼ਲ ਹੋ ਕੇ ਇੱਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਵਿਕਰਮ, ਸੰਦੀਪ ਸਿੰਘ ਅਤੇ ਮਲ ਕੁਮਾਰ, ਪੰਜ ਤੋਂ ਸੱਤ ਅਣਪਛਾਤੇ ਸਾਥੀਆਂ ਨਾਲ, ਜੌਗਰਸ ਪਾਰਕ ਵਿਚ ਇੱਕ ਹੋਰ ਗਰੁੱਪ ਨਾਲ ਤੇਜ਼ਧਾਰ ਹਥਿਆਰਾਂ ਅਤੇ ਹੋਰ ਘਾਤਕ ਹਥਿਆਰਾਂ ਦੀ ਵਰਤੋਂ ਕਰਕੇ ਲੜਾਈ ਕਰਨ ਲਈ ਸਮਾ ਬੰਨ੍ਹਿਆ ਹੋਇਆ ਹੈ।
ਬਾਅਦ ਵਿੱਚ, ਕੁਝ ਮੁਲਜ਼ਮਾਂ ਨੇ ਗੁਰੂ ਗੋਬਿੰਦ ਸਿੰਘ ਨਗਰ ਵਿਚ ਵਿਵੇਕ ਕੁਮਾਰ ਦੇ ਘਰ ਦੇ ਗੇਟ ਤੋਂ ਛਾਲ ਮਾਰ ਦਿੱਤੀ ਅਤੇ ਉਸ 'ਤੇ ਘਾਤਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਸਬੰਧੀ ਕੁੱਝ ਵੀਡੀਓ ਵੀ ਵਾਇਰਲ ਹੋਏ, ਜਿਸ ਦਾ ਨੋਟਿਸ ਲੈਂਦੇ ਹੋਏ ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
