ਖੁੱਲ੍ਹੇ ਅਸਮਾਨ ਥੱਲੇ ਪਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਚੜ੍ਹੀਆਂ ਮੀਂਹ ਦੀ ਭੇਟਾ

Sunday, May 10, 2020 - 05:50 PM (IST)

ਖੁੱਲ੍ਹੇ ਅਸਮਾਨ ਥੱਲੇ ਪਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਚੜ੍ਹੀਆਂ ਮੀਂਹ ਦੀ ਭੇਟਾ

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਵਿਖੇ ਅੱਜ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਇਕ ਵਾਰ ਫਿਰ ਸ਼ਹਿਰ ਦੀ ਮਾੜੀ ਸੀਵਰੇਜ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਬਾਰਿਸ਼ ਕਾਰਨ ਫੇਲ ਸਾਬਤ ਹੋਈ ਸੀਵਰੇਜ ਪ੍ਰਣਾਲੀ ਕਾਰਨ ਸਥਾਨਕ ਅਨਾਜ਼ ਮੰਡੀ ਦੇ ਪੂਰੀ ਤਰ੍ਹਾਂ ਜਲ-ਥਲ ਹੋ ਜਾਣ ਕਾਰਨ ਆੜ੍ਹਤੀਆਂ  ਨੇ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਮੁੱਖ ਯਾਰਡ ਅਤੇ ਦੁਕਾਨਾਂ ਅੱਗੇ ਪਈਆਂ ਹਜਾਰਾਂ ਕਣਕ ਦੀਆਂ ਬੋਰੀਆਂ ਦੇ ਇਸ ਬਾਰਿਸ਼ ਦੀ ਭੇਟ ਚੜ੍ਹ ਜਾਣ ਦਾ ਖਦਸ਼ਾ ਜਤਾਇਆ।

ਸਥਾਨਕ ਅਨਾਜ਼ ਮੰਡੀ ਦੇ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਸੀਵਰੇਜ ਦੀ ਨਿਕਾਸੀ ਨਾ ਮਾਤਰ ਹੋਣ ਕਾਰਨ ਮੰਡੀ ਬਾਰਿਸ਼ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਜਲਥਲ ਹੋ ਗਈ ਅਤੇ ਇਥੇ ਪਈਆਂ ਕਣਕ ਦੀਆਂ ਬੋਰੀਆਂ ਪਾਣੀ ਵਿਚ ਡੁੱਬੀਆਂ ਨਜ਼ਰ ਆ ਰਹੀਆਂ ਸਨ। ਇਸ ਤੋਂ ਇਲਾਵਾ ਮੀਂਹ ਦਾ ਪਾਣੀ ਆੜ੍ਹਤੀਆਂ  ਦੀਆਂ ਦੁਕਾਨਾਂ ਦੇ ਦਰਾਂ ਤੱਕ ਪਹੁੰਚ ਚੁੱਕਿਆ ਸੀ। ਮੰਡੀ ਵਿਚ ਮੁੱਖ ਯਾਰਡ ਵਿਚ ਕਾਫੀ ਆੜ੍ਹਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਨੂੰ ਤਿਰਪਾਲਾਂ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੇਠੋਂ ਪਾਣੀ ਭਰ ਜਾਣ ਕਾਰਨ ਕਣਕ ਦੇ ਖਰਾਬ ਹੋਣ ਦਾ ਪੂਰਾ ਖਦਸ਼ਾ ਬਣਿਆ ਹੋਇਆ ਸੀ। ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਤੇਜ਼ ਬਾਰਿਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਕਈ ਤਿਰਪਾਲਾਂ ਉੱਡ ਗਈਆਂ ਅਤੇ ਬੋਰੀਆਂ ਨੰਗੀਆਂ ਹੋ ਗਈਆਂ ਸਨ। ਆੜ੍ਹਤੀਆਂ  ਨੇ ਰੋਸ ਜ਼ਾਹਰ ਕੀਤਾ ਕਿ ਮੰਡੀ ਵਿਚੋਂ ਕਣਕ ਦੀ ਢੋਆ-ਢੁਆਈ ਦੀ ਰਫਤਾਰ ਬਹੁਤ ਹੀ ਢਿੱਲੀ ਹੋਣ ਕਾਰਨ ਅਜੇ ਵੀ ਮੰਡੀ ਵਿਚ ਲੱਖ ਦੇ ਕਰੀਬ ਕਣਕ ਦੀਅਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ ਜਿਨ੍ਹਾਂ ਦੇ ਕਿ ਅੱਜ ਦੀ ਬਰਸਾਤ ਕਾਰਨ ਭੇਟਾ ਚੜ੍ਹ ਜਾਣ ਦਾ ਪੂਰਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਨੂੰ ਤੇਜ਼ੀ ਨਾਲ ਚੁੱਕਵਾਉਣ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਅਤੇ ਹੁਣ ਮੀਂਹ ਵਿਚ ਭਿੱਜੀਆਂ ਇਹ ਕਣਕ ਦੀਆਂ ਬੋਰੀਆਂ ਆੜ੍ਹਤੀਆਂ ਲਈ ਵੱਡੀ ਸਿਰਦਰਦੀ ਬਣ ਜਾਣਗੀਆਂ।

PunjabKesari

ਉਨ੍ਹਾਂ  ਦੱਸਿਆ ਕਿ ਪਹਿਲਾਂ ਹੀ ਲੇਬਰ ਦੀ ਘਾਟ ਦੀ ਸਮੱਸਿਆ ਨਾਲ ਜੁਝਣਾ ਪੈ ਰਿਹਾ ਹੈ। ਆੜ੍ਹਤੀਆਂ ਨੇ ਇਹ ਵੀ ਰੋਸ ਜ਼ਾਹਰ ਕੀਤਾ ਕਿ ਇਸ ਵਾਰ ਕਣਕ ਦੀ ਫ਼ਸਲ ਸਰਕਾਰ ਵੱਲੋਂ ਮੁਹੱਈਆਂ ਕਰਵਾਏ ਜਾਂਦੇ ਪਾਸ ਦੇ ਅਧਾਰ 'ਤੇ ਹੀ ਮੰਡੀ ਵਿਚ ਆਈ ਅਤੇ ਫ਼ਸਲ ਬਹੁਤ ਹੀ ਸੁਸਤ ਰਫਤਾਰ ਨਾਲ ਮੰਡੀਆਂ ਵਿਚ ਆਈ। ਪਰ ਸਰਕਾਰ ਵੱਲੋਂ ਮੰਡੀਆਂ ਵਿਚੋਂ ਕਣਕ ਦੀਆਂ ਬੋਰੀਆਂ ਦੀ ਢੋਆ-ਢੁਆਈ ਦੀ ਰਫ਼ਤਾਰ ਉਸ ਤੋਂ ਵੀ ਢਿੱਲੀ ਕਰ ਦਿੱਤੀ। ਜਿਸ ਕਾਰਨ ਆੜਤੀਏ ਇਨ੍ਹਾਂ ਬੋਰੀਆਂ ਦੀ ਰਾਖੀ ਲਈ ਸਰਕਾਰ ਦੇ ਚੌਂਕੀਦਾਰ ਬਣ ਕੇ ਰਹਿ ਗਏ ਹਨ। ਉਨ੍ਹਾਂ  ਕਿਹਾ ਕਿ ਮੰਡੀ ਵਿਚਲੀ ਸੀਵਰੇਜ ਪ੍ਰਣਾਲੀ ਦੇ ਬੂਰੇ ਹਾਲ ਅਤੇ ਹਰ ਵਾਰ ਬਰਸਾਤ ਨਾਲ ਮੰਡੀ ਦੇ ਜਲਥਲ ਹੋਣ ਸੰਬੰਧੀ ਪਿਛਲੇ ਕਈ ਸਾਲਾਂ ਤੋਂ ਮੰਡੀ ਦੇ ਆੜਤੀਏ ਇਹ ਸਮੱਸਿਆ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਆ ਰਹੇ ਹਨ। ਜਿਸ ਨਾਲ ਇਥੇ ਅਨਾਜ ਖਰਾਬ ਹੋਣ ਦਾ ਹਮੇਸ਼ਾ ਖਦਸ਼ਾ ਹੁੰਦਾ ਸੀ। ਪਰ ਇਸ ਵੱਲ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਜਿਸ ਦੇ ਮਾੜੇ ਨਤੀਜੇ ਵੱਜੋਂ ਹੀ ਅੱਜ ਮੰਡੀ ਵਿਚ ਕਣਕ ਦੀ ਫ਼ਸਲ ਦਾ ਇਹ ਬੂਰਾ ਹਾਲ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਨੂੰ ਤੁਰੰਤ ਚੁੱਕਵਾਇਆ ਜਾਵੇ ਅਤੇ ਮੰਡੀ ਵਿਚ ਸੀਵਰੇਜ ਪ੍ਰਣਾਲੀ ਨੂੰ ਦਰੁੱਸਤ ਕੀਤਾ ਜਾਵੇ।

 


author

Harinder Kaur

Content Editor

Related News