ਸ੍ਰੀ ਕੀਰਤਪੁਰ ਸਾਹਿਬ ਵਿਖੇ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ, 25 ਲੱਖ ਦੇ ਟਾਇਰ ਕੀਤੇ ਚੋਰੀ

12/18/2022 5:05:55 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ, ਚੋਵੇਸ਼ ਲਟਾਵਾ)- ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਰੋਡ ’ਤੇ ਪਿੰਡ ਬਰੂਵਾਲ ਵਿਖੇ ਸਥਿਤ ਅਪੋਲੋ ਟਾਇਰ ਏਜੰਸੀ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਕਰੀਬ 25 ਲੱਖ ਰੁਪਏ ਦੇ ਨਵੇਂ ਟਾਇਰ ਚੋਰੀ ਕਰ ਲਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਪੋਲੋ ਟਾਇਰ ਏਜੰਸੀ ਪਿੰਡ ਬਰੂਵਾਲ ਦੇ ਇੰਚਾਰਜ ਵਿਜੇ ਕੁਮਾਰ ਪੁੱਤਰ ਛੱਜੂ ਰਾਮ ਨੇ ਦੱਸਿਆ ਕਿ ਇਹ ਏਜੰਸੀ ਗੁਰਦੇਬ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨੰਗਲ ਦੀ ਹੈ ਅਤੇ ਸਤੰਬਰ 2020 ਤੋਂ ਇਥੇ ਚੱਲ ਰਹੀ ਹੈ। ਸਾਰੇ ਕੰਮਕਾਰ ਦੀ ਉਹ ਦੇਖ ਰੇਖ ਕਰਦੇ ਹਨ। ਬੀਤੀ ਸ਼ਾਮ ਉਹ 5 ਵਜੇ ਏਜੰਸੀ ਦੀਆਂ ਦੁਕਾਨਾਂ ਨੂੰ ਸ਼ਟਰ-ਤਾਲਾ ਲਗਾ ਕੇ ਆਪਣੇ ਘਰ ਚਲੇ ਗਏ ਸਨ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤੁਹਾਡੀ ਏਜੰਸੀ ਵਿਚ ਚੋਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਹ ਇਥੇ ਪੁੱਜੇ। 

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

PunjabKesari

ਉਨ੍ਹਾਂ ਦੱਸਿਆ ਕਿ ਕੁਝ ਦੁਕਾਨਾਂ ਨੂੰ ਛੱਡ ਕੇ ਸਥਿਤ ਵੈਲਡਿੰਗ ਵਾਲੀ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਅਣਪਛਾਤੇ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਤੋੜਿਆ ਗਿਆ ਅਤੇ ਇਸ ਦੁਕਾਨ ਦੇ ਨਾਲ ਲੱਗਦੀ ਦੁਕਾਨ, ਜਿਸ ਵਿਚ ਕਬਾੜ ਦੀ ਦੁਕਾਨ ਕਰਨ ਵਾਲੇ ਵਿਅਕਤੀ ਰਹਿੰਦੇ ਹਨ, ਦੇ ਸ਼ਟਰ ਦੀਆਂ ਜਿੰਦਰਾ ਲਗਾਉਣ ਵਾਲੀਆਂ ਪਤੀਆਂ ਨੂੰ ਕੱਪੜੇ ਦੀ ਰੱਸੀ ਨਾਲ ਬੰਨ੍ਹ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ ਦੁਕਾਨ ਤੋਂ ਬਾਹਰ ਨਾ ਆ ਸਕੇ। ਵਿਜੇ ਕੁਮਾਰ ਨੇ ਦੱਸਿਆ ਕਿ ਵੈਲਡਿੰਗ ਵਾਲੀ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੇਖਣ ਤੋਂ ਪਤਾ ਲੱਗਿਆ ਕਿ ਰਾਤ 12.14 ਏ. ਐੱਮ. ਨੂੰ ਦੋ ਵਿਅਕਤੀਆਂ ਨੇ ਵੈਲਡਿੰਗ ਵਾਲੀ ਦੁਕਾਨ ਦੇ ਬਾਹਰ ਲੱਗੇ ਹੋਏ ਕੈਮਰੇ ਤੋੜੇ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਾਡੀ ਏਜੰਸੀ ਵਿਚ ਟਾਇਰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਸਾਡੀ ਏਜੰਸੀ ਦੀਆਂ ਦੁਕਾਨਾਂ ਨੂੰ ਲੱਗੇ ਸ਼ਟਰ ਦੀਆਂ ਜਿੰਦਰਾ ਲਗਾਉਣ ਵਾਲੀਆਂ ਪਤੀਆਂ ਨੂੰ ਤੋੜ ਕੇ ਅਤੇ ਸੈਂਟਰ ਵਾਲਾ ਤਾਲਾ ਤੋੜ ਕੇ ਅੰਦਰ ਪਏ ਟਰੱਕਾਂ, ਕਾਰਾਂ, ਟਰੈਕਟਰ ਅਤੇ ਦੋ ਪਹੀਆ ਵਾਹਨਾਂ ਦੇ ਨਵੇਂ ਟਾਇਰ ਚੋਰੀ ਕਰ ਲਏ। ਚੋਰੀ ਕੀਤੇ ਟਾਇਰਾਂ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੇ ਗੱਲੇ ਵਿਚ ਪਏ ਹੋਏ 38 ਹਜ਼ਾਰ ਰੁਪਏ ਦੇ ਕਰੀਬ ਨਕਦੀ ਵੀ ਚੋਰੀ ਕਰ ਲਈ ਗਈ ਹੈ। ਵਿਜੇ ਕੁਮਾਰ ਨੇ ਦੱਸਿਆ ਕਿ ਸਾਡੇ ਵੱਲੋਂ ਚੋਰੀ ਦੀ ਘਟਨਾ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਆ ਕੇ ਮੌਕਾ ਵੇਖਿਆ ਅਤੇ ਵੈਲਡਿੰਗ ਵਾਲੀ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਪੁਲਸ ਵਾਲੇ ਆਪਣੇ ਨਾਲ ਲੈ ਗਏ ਹਨ।

ਇਹ ਵੀ ਪੜ੍ਹੋ : ਸੰਸਦ ਮੈਂਬਰ ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ, ਕੇਜਰੀਵਾਲ ਨੂੰ ਟਾਹਲੀ ’ਤੇ ਲਟਕਾ ਕੇ ਲਾਵਾਂਗੇ ਫਾਹਾ

PunjabKesari

ਪਿੰਡ ਬਰੂਵਾਲ ਤੋਂ 3-4 ਦਸੰਬਰ ਦੀ ਦਰਮਿਆਨੀ ਰਾਤ ਨੂੰ 65 ਕੁਇੰਟਲ ਸਰੀਆ ਵੀ ਹੋਇਆ ਸੀ ਚੋਰੀ
ਪਿੰਡ ਬਰੂਵਾਲ ਦੇ ਜਿਸ ਸਥਾਨ ਤੋਂ ਟਾਇਰ ਚੋਰੀ ਹੋਏ ਹਨ, ਉਸ ਤੋਂ ਕਰੀਬ 200 ਮੀਟਰ ਦੂਰ 3-4 ਦਸੰਬਰ ਦੀ ਦਰਮਿਆਨੀ ਰਾਤ ਨੂੰ 65 ਕੁਇੰਟਲ ਸਰੀਆ ਵੀ ਚੋਰੀ ਹੋਇਆ ਸੀ। ਇਸ ਬਾਰੇ ਸੇਵਾ ਮੁਕਤ ਮਾ. ਜੋਧ ਸਿੰਘ ਪੁੱਤਰ ਵਲਮ ਸਿੰਘ ਵਾਸੀ ਪਿੰਡ ਬਾਡਾ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਪਿੰਡ ਬਰੂਵਾਲ ਦਾ ਵਸਨੀਕ ਹੈ। ਉਸ ਨੇ ਪਿੰਡ ਬਰੂਵਾਲ ਵਿਖੇ ਆਪਣੀ ਜ਼ਮੀਨ ਵਿਚ ਨਵੀਆਂ ਦੁਕਾਨਾਂ ਪਾਉਣ ਲਈ 6800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 65 ਕੁਇੰਟਲ ਸਰੀਆ ਜਿਸ ਦੀ ਕੀਮਤ 4,42,000 ਰੁਪਏ ਬਣਦੀ ਹੈ, ਲਿਆ ਕੇ ਰੱਖਿਆ ਸੀ ਅਤੇ ਇਸ ਸਰੀਏ ਨੂੰ ਉਸ ਨੇ ਸੰਗਲਾ ਨਾਲ ਬੰਨ੍ਹ ਕੇ ਤਾਲਾ ਲਗਾਇਆ ਹੋਇਆ ਸੀ ਪਰ 3-4 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਸਰੀਆ ਚੋਰੀ ਕਰਕੇ ਲੈ ਗਏ। ਇਸ ਘਟਨਾ ਬਾਰੇ ਉਸ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਖ਼ਾਸਤ ਵੀ ਦਿੱਤੀ ਸੀ ਪਰ ਅੱਜ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

PunjabKesari

ਕੀ ਕਹਿਣਾ ਹੈ ਥਾਣਾ ਮੁੱਖੀ ਦਾ 
ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਪੁਲਸ ਪਾਰਟੀ ਨੇ ਮੌਕਾ ਵੇਖ ਲਿਆ ਹੈ ਅਤੇ ਕੁਝ ਦੁਕਾਨਾਂ ਨੂੰ ਛੱਡ ਕੇ ਵੈਲਡਿੰਗ ਵਾਲੀ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਉਸ ਵਿਚ ਵਿਖਾਈ ਦੇ ਰਹੇ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੋਣ ਹਨ। ਇਸ ਤੋਂ ਇਲਾਵਾ ਟਾਇਰਾਂ ਦੀ ਏਜੰਸੀ ਵਾਲਿਆਂ ਨੇ ਸਾਨੂੰ ਆਪਣੇ ਬਿਆਨ ਨਹੀਂ ਲਿਖਵਾਏ ਜਦੋਂ ਵੀ ਉਹ ਆਪਣੇ ਬਿਆਨ ਦਿੰਦੇ ਹਨ, ਉਸ ਤੋਂ ਬਾਅਦ ਪਰਚਾ ਦਰਜ ਕਰ ਦਿੱਤਾ ਜਾਵੇਗਾ। ਦੂਜਾ ਸਰੀਆ ਚੋਰੀ ਹੋਣ ਵਾਲੇ ਮਾਮਲੇ ਦੀ ਵੀ ਪੁਲਸ ਵੱਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਹੁਣ ਕਪੂਰਥਲਾ ਦੇ ਇਸ ਸ਼ਖ਼ਸ ਨੂੰ ਮਿਲੀ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ, ਮੰਗੇ 40 ਲੱਖ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News