ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ’ਚ ਮਚੇਗਾ ਘਮਸਾਨ, ਕਈ ਆਗੂਆਂ ਨੇ ਖਿੱਚੀ ਤਿਆਰੀ

06/08/2024 11:20:39 AM

ਜਲੰਧਰ (ਚੋਪੜਾ)–ਜਲੰਧਰ ਲੋਕ ਸਭਾ ਚੋਣਾਂ ਦੌਰਾਨ ਵੈਸਟ ਵਿਧਾਨ ਸਭਾ ਹਲਕਾ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਆਪਣਾ ਅਸਤੀਫ਼ਾ ਦੇਣ ਅਤੇ ਵਿਧਾਨ ਸਭਾ ਸਪੀਕਰ ਵੱਲੋਂ ਅਸਤੀਫ਼ਾ ਸਵੀਕਾਰ ਕਰ ਲੈਣ ਤੋਂ ਬਾਅਦ ਹਲਕਾ ਵਿਚ ਜ਼ਿਮਨੀ ਚੋਣ ਹੋਣੀ ਤੈਅ ਹੈ। ਇਹ ਚੋਣ ਅਗਲੇ 6 ਮਹੀਨਿਆਂ ਅੰਦਰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਚੋਣ ਲੜਨ ਦੇ ਇੱਛੁਕ ਉਮੀਦਵਾਰ ਵੀ ਖਾਸੇ ਸਰਗਰਮ ਹੋ ਗਏ ਹਨ ਅਤੇ ਇਹ ਟਿਕਟ ਹਾਸਲ ਕਰਨ ਨੂੰ ਲੈ ਕੇ ਪਾਰਟੀ ’ਤੇ ਦਬਾਅ ਬਣਾਉਣ ਦੀ ਖਾਤਿਰ ਹੁਣ ਤੋਂ ਹੀ ਜਾਤੀ ਸਮੀਕਰਨ ਬਿਠਾਉਣ ਵਿਚ ਜੁਟ ਗਏ ਹਨ।

ਜ਼ਿਕਰਯੋਗ ਹੈ ਕਿ ਵੈਸਟ ਹਲਕਾ ਸੀਟ ਰਿਜ਼ਰਵ ਕੋਟੇ ਵਿਚ ਹੈ ਅਤੇ ਇਥੇ ਸਿਰਫ਼ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਹੀ ਚੋਣ ਲੜ ਸਕਦੇ ਹਨ। ਲੰਘੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 1.75 ਲੱਖ ਵੋਟਾਂ ਨਾਲ ਹੋਈ ਜਿੱਤ ਕਾਰਨ ਕਾਂਗਰਸੀਆਂ ਵਿਚ ਚੋਣ ਲੜਨ ਨੂੰ ਲੈ ਕੇ ਉਤਸ਼ਾਹ ਜ਼ਿਆਦਾ ਦਿਸ ਰਿਹਾ ਹੈ। ਇੰਨਾ ਹੀ ਨਹੀਂ, ਕਾਂਗਰਸ ਨੇ ਇਸ ਹਲਕੇ ਵਿਚ ਵੀ 1550 ਵੋਟਾਂ ਨਾਲ ਜਿੱਤ ਹਾਸਲ ਕਰ ਕੇ ਆਪਣਾ ਕਬਜ਼ਾ ਜਮਾ ਲਿਆ ਹੈ।

ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ

ਬੀਤੀ 6 ਅਪ੍ਰੈਲ 2023 ਨੂੰ ਵੈਸਟ ਹਲਕੇ ਦੇ ਇੰਚਾਰਜ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਸੁਸ਼ੀਲ ਰਿੰਕੂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ ਨਾਲ ਵੈਸਟ ਹਲਕਾ ਲੀਡਰਸ਼ਿਪ ਵਿਹੂਣਾ ਹੋ ਗਿਆ ਸੀ। ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਹਲਕਾ ਇੰਚਾਰਜ ਦੀ ਰੇਸ ਵਿਚ ਕਈ ਆਗੂਆਂ ਦੇ ਹੋਣ ਕਾਰਨ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਸੇ ਇਕ ਆਗੂ ਦੇ ਹੱਥ ਕਮਾਨ ਸੌਂਪਣ ਦੀ ਬਜਾਏ ਖ਼ੁਦ ਹਲਕੇ ਵਿਚ ਚੋਣ ਪ੍ਰਚਾਰ ਦੀ ਮੁਹਿੰਮ ਸੰਭਾਲੀ ਰੱਖੀ। ਜ਼ਿਮਨੀ ਚੋਣ ਤੋਂ ਬਾਅਦ ਵੀ ਕਾਂਗਰਸ ਹਾਈਕਮਾਨ ਹਲਕਾ ਇੰਚਾਰਜ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਕਰ ਸਕੀ। ਲੋਕ ਸਭਾ 2024 ਦੀਆਂ ਆਮ ਚੋਣਾਂ ਦੌਰਾਨ ਵੀ ਚਰਨਜੀਤ ਚੰਨੀ ਨੇ ਵੜਿੰਗ ਦੀ ਰਣਨੀਤੀ ਨੂੰ ਅਪਣਾਉਂਦਿਆਂ ਖ਼ੁਦ ਇਸ ਹਲਕੇ ਨੂੰ ਲੀਡ ਕੀਤਾ ਅਤੇ ਇਸ ਕੰਮ ਵਿਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੂੰ ਆਪਣੇ ਨਾਲ ਰੱਖਿਆ।

ਲੋਕ ਸਭਾ ਦੀ ਚੋਣ ਵਿਚ ਵੈਸਟ ਹਲਕੇ ਤੋਂ ਵਿਧਾਇਕ ਅਤੇ ਜਲੰਧਰ ਤੋਂ ਸੰਸਦ ਮੈਂਬਰ ਰਹੇ ਮਹਿੰਦਰ ਸਿੰਘ ਕੇ. ਪੀ. ਦੇ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਹਲਕੇ ਦੇ ਦਾਅਵੇਦਾਰਾਂ ਸਾਹਮਣਿਓਂ ਇਕ ਵੱਡਾ ਥੰਮ੍ਹ ਹਟ ਗਿਆ ਹੈ। ਹੁਣ ਰਵਿਦਾਸ, ਭਗਤ, ਵਾਲਮੀਕਿ ਅਤੇ ਭਗਤ ਬਰਾਦਰੀ ਸਮੇਤ ਹੋਰਨਾਂ ਬਰਾਦਰੀਆਂ ਦੇ ਆਗੂਆਂ ਨੇ ਰਿਜ਼ਰਵ ਸੀਟ ’ਤੇ ਆਪਣਾ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਦੀ ਸਾਬਕਾ ਮੇਅਰ ਸੁਰਿੰਦਰ ਕੌਰ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਸੂਬਾਈ ਕਾਂਗਰਸ ਦੇ ਕਾਰਜਕਾਰੀ ਮੈਂਬਰ ਵਿਕਾਸ ਸੰਗਰ, ਸੁਦੇਸ਼ ਕੁਮਾਰ ਭਗਤ, ਬਲਬੀਰ ਅੰਗੁਰਾਲ, ਐਡਵੋਕੇਟ ਬਚਨ ਲਾਲ ਸਮੇਤ ਕਈ ਆਗੂਆਂ ਦੇ ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆ ਰਹੇ ਹਨ। ਹੁਣ ਕਾਂਗਰਸ ਕੀ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਕਿਸੇ ਇਕ ਆਗੂ ਦੇ ਹੱਥ ਹਲਕੇ ਦੀ ਕਮਾਨ ਸੌਂਪੇਗੀ ਜਾਂ ਅਜੇ ‘ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ’ਦੀ ਰਣਨੀਤੀ ’ਤੇ ਕੰਮ ਕਰੇਗੀ, ਇਹ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ- 'ਸ਼ਾਨ-ਏ-ਪੰਜਾਬ' 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 9 ਦਿਨ ਜਲੰਧਰ ਰੇਲਵੇ ਸਟੇਸ਼ਨ 'ਤੇ ਨਹੀਂ ਆਵੇਗੀ ਟਰੇਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News