ਪੰਜਾਬ 'ਚ ਅਜੇ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ, ਦੋਵੇਂ ਇਕੋ ਮੰਚ 'ਤੇ ਆ ਸਕਦੇ ਨੇ ਨਜ਼ਰ

05/24/2023 6:40:36 PM

ਜਲੰਧਰ (ਬਿਊਰੋ) : ਭਾਰਤੀ ਜਨਤਾ ਪਾਰਟੀ ਭਾਵੇਂ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਰਹੀ ਹੈ ਪਰ ਅਕਾਲੀ ਨੇਤਾ ਖ਼ੁਦ ਇਸ ਗੱਲ ਨੂੰ ਮੰਨਦੇ ਹਨ ਕਿ ਬਿਨਾਂ ਗਠਜੋੜ ਦੇ ਲੋਕ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਟੱਕਰ ਦੇਣੀ ਵੱਡੀ ਚੁਣੌਤੀ ਹੈ। ਹਾਲਾਂਕਿ ਬੀਤੇ ਐਤਵਾਰ ਨੂੰ ਸੰਗਰੂਰ ਵਿਚ ਭਾਜਪਾ ਦੀ ਕਾਰਜਕਾਰੀ ਬੈਠਕ ਵਿਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਸਭਾ ਵਿਚ ਭਾਜਪਾ ਇਕੱਲੇ ਹੀ 13 ਸੀਟਾਂ 'ਤੇ ਚੋਣਾਂ ਲੜੇਗੀ। ਉਥੇ ਹੀ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਸਿਆਸੀ ਦਲ ਲੋਕ ਸਭਾ ਚੋਣਾਂ ਦੌਰਾਨ ਇਕੱਠੇ ਮੰਚ 'ਤੇ ਆ ਸਕਦੇ ਹਨ।

ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਮੁਤਾਬਕ ਦੂਜੇ ਨੰਬਰ 'ਤੇ ਕਾਂਗਰਸ, ਅਕਾਲੀ ਦਲ ਤੀਜੇ ਅਤੇ ਭਾਜਪਾ ਚੌਥੇ ਨੰਬਰ 'ਤੇ ਰਹੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਐਲਾਨ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਵਿਚ ਨੇ ਵੀ ਭਾਜਪਾ ਨਾਲ ਗਠਜੋੜ  ਕਰਨ ਦੀ ਲੋੜ ਮਹਿਸੂਸ ਕੀਤੀ ਹੈ। ਇਸੇ ਲੜੀ ਵਿਚ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਵੀ ਬਿਆਨ ਦਿੱਤਾ ਸੀ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਹੁਣ ਸਮੇਂ ਹੀ ਲੋੜ ਹੈ ਕਿਉਂਕਿ ਬਿਨ੍ਹਾਂ ਗਠਜੋੜ ਦੇ ਹੁਣ ਪੰਜਾਬ ਵਿਚ ਦੋਬਾਰਾ ਸੱਤਾ ਵਿਚ ਆਉਣਾ ਮੁਸ਼ਿਕਲ ਹੋਵੇਗਾ। ਅਜਿਹੇ ਵਿਚ ਅਕਾਲੀ ਦਲ ਅਤੇ ਭਾਜਪਾ ਜੇਕਰ 2024 ਨੂੰ ਲੋਕ ਸਭਾ ਚੋਣ ਵਿਚ ਦੋਬਾਰਾ ਗਠਜੋੜ ਕਰਦੇ ਹਨ ਤਾਂ ਕਾਂਗਰਸ ਨਾਲੋਂ ਵੱਧ ਮਜ਼ਬੂਤੀ ਨਾਲ 'ਆਪ' ਨੂੰ ਟੱਕਰ ਦੇ ਸਕਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਟੁੱਟਣ ਤੋਂ ਬਾਅਦ ਦੇ ਅੰਕੜੇ ਦੱਸਦੇ ਹਨ ਕਿ ਦੋਵਾਂ ਵਿਚੋਂ ਕੋਈ ਵੀ ਸਿਆਸੀ ਦਲ ਗਠਜੋੜ ਦੇ ਬਿਨਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਖ਼ਤ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਹੈ। 

ਇਹ ਵੀ ਪੜ੍ਹੋ - ਲਤੀਫ਼ਪੁਰਾ ’ਚ ਬੇਘਰ ਹੋਏ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਸਿਆਸੀ ਪੰਡਿਤਾਂ ਦੀ ਮੰਨੀਏ ਤਾਂ ਹਾਲ ਹੀ ਦੇ ਅਤੇ ਪਹਿਲਾਂ ਦੇ ਨਤੀਜਿਆਂ ਦਾ ਅੰਦਾਜ਼ਾ ਇਹੀ ਦੱਸਦਾ ਹੈ ਕਿ ਫਿਲਹਾਲ ਕਾਂਗਰਸ ਅਤੇ 'ਆਪ' ਹੀ ਸਿਆਸੀ ਅਖਾੜੇ ਵਿਚ ਆਹਮੋ-ਸਾਹਮਣੇ ਹਨ ਜਦਕਿ ਬਾਕੀ ਦਲ ਤੀਜੇ ਅਤੇ ਚੌਥੇ ਸਥਾਨ 'ਤੇ ਚਲੇ ਗਏ ਹਨ। ਇਸੇ ਕਰਕੇ ਆਪ ਨੂੰ ਟੱਕਰ ਦੇਣ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਗਠਜੋੜ 'ਤੇ ਵਿਚਾਰ ਕਰਨਾ ਹੋਵੇਗਾ। ਹਾਲਾਤ ਅਜਿਹੇ ਬਣ ਗਏ ਹਨ ਕਿ ਕਰਨਾਟਕ ਵਿਚ ਵਿਧਾਨ ਸਭਾ ਹਾਰਨ ਦੇ ਬਾਅਦ ਭਾਜਪਾ ਦੀ ਦੱਖਣੀ ਭਾਰਤ ਦੇ 6 ਸੂਬਿਆਂ ਵਿਚ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ 400 ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਇਸ ਲਈ ਹੁਣ ਭਾਜਪਾ ਲਈ ਹਰ ਸੂਬੇ ਦੀ ਇਕ-ਇਕ ਸੀਟ ਮਾਇਨੇ ਰੱਖਦੀ ਹੈ। 

ਕੀ ਸੰਕੇਤ ਦਿੰਦਾ ਹੈ ਵੋਟ ਸ਼ੇਅਰ

ਜਲੰਧਰ ਲੋਕ ਸਭਾ ਖੇਤਰ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 34.1 ਫ਼ੀਸਦੀ ਹੈ। ਇਸ ਦੇ ਬਾਅਦ ਕਾਂਗਰਸ ਪਾਰਟੀ ਦਾ 27.4 ਫ਼ੀਸਦੀ, ਅਕਾਲੀ ਦਲ-ਬਸਪਾ ਦਾ 17.9 ਫ਼ੀਸਦੀ ਅਤੇ ਭਾਜਪਾ ਦਾ 15.2 ਫ਼ੀਸਦੀ ਹੈ। ਜ਼ਿਮਨੀ ਚੋਣ ਵਿਚ ਅਕਾਲੀ ਦਲ ਦਾ 17.9 ਫ਼ੀਸਦੀ ਅਤੇ ਭਾਜਪਾ ਦਾ 15.2 ਫ਼ੀਸਦੀ ਵੋਟ ਸ਼ੇਅਰ ਨੂੰ ਜੋੜਿਆ ਜਾਵੇ ਤਾਂ ਇਹ 33.1 ਫ਼ੀਸਦੀ ਬਣਦਾ ਹੈ, ਜੋ ਕਾਂਗਰਸ ਦੇ 27.4 ਫ਼ੀਸਦੀ ਨਾਲੋਂ ਕਾਫ਼ੀ ਉਪਰ ਹੈ। ਡੂੰਘਾਈ ਨਾਲ ਵੇਖਣ 'ਤੇ ਇਹ ਵੀ ਪਤਾ ਲੱਗਦਾ ਹੈ ਕਿ ਕਾਂਗਰਸ ਨਾਲੋਂ ਵਧ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੋਣ 'ਤੇ 'ਆਪ' ਜ਼ਿਆਦਾ ਟੱਕਰ ਦੇ ਸਕਦੇ ਹਨ। 

ਇਹ ਵੀ ਪੜ੍ਹੋ -ਯੂਥ ਕਾਂਗਰਸ ਨੇਤਾ ਦੀ ਕਾਰ ’ਤੇ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ, ਵਿਦੇਸ਼ ਬੈਠੇ ਗੈਂਗਸਟਰ ਨਾਲ ਜੁੜੀਆਂ ਤਾਰਾਂ

2022 ਵਿਸ ਚੋਣਾਂ ਵਿਚ ਕੀ ਸਨ ਭਾਜਪਾ-ਅਕਾਲੀ ਦਲ ਦੇ ਸਮੀਕਰਨ

ਕੇਂਦਰ ਸਰਕਾਰ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਪੇਸ਼ ਕਰਨ ਦੇ ਬਾਅਦ ਅਕਾਲੀ ਦਲ ਨੇ 2020 ਵਿਚ ਭਾਜਪਾ ਨਾਲੋਂ ਆਪਣੇ ਇਤਿਹਾਸਕ ਗਠਜੋੜ ਨੂੰ ਤੋੜ ਦਿੱਤਾ ਸੀ। ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀਆਂ ਨੇ ਮਾਇਆਵਤੀ ਦੀ ਬਸਪਾ ਨਾਲ ਸਮਝੌਤਾ ਕੀਤਾ ਸੀ। ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਵੀ ਅਕਾਲੀ ਦਲ ਦਾ 18.38 ਫ਼ੀਸਦੀ ਵੋਟ ਸ਼ੇਅਰ ਅਤੇ ਭਾਜਪਾ ਦੇ 6.6 ਫ਼ੀਸਦੀ ਜੋੜ ਕੇ 24.98 ਫ਼ੀਸਦੀ ਦੇ ਬਰਾਬਰ ਹੈ,ਜੋ ਪਿਛਲੇ ਸਾਲ 117 ਚੋਣ ਖੇਤਰਾਂ ਵਿਚ ਕਾਂਗਰਸ ਦੇ 22.98 ਫ਼ੀਸਦੀ ਨਾਲੋਂ ਵਧ ਹੈ। 

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

 

2022 'ਚ 'ਆਪ' ਦਾ ਵੋਟ ਸ਼ੇਅਰ ਸੀ 42 ਫ਼ੀਸਦੀ

ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ 18.38 ਫ਼ੀਸਦੀ ਵੋਟ ਸ਼ੇਅਰ ਨਾਲ 3 ਸੀਟਾਂ ਜਿੱਤੀਆਂ ਸਨ, ਬਸਪਾ ਨੂੰ 1.77 ਫ਼ੀਸਦੀ ਵੋਟ ਸ਼ੇਅਰ ਨਾਲ ਇਕ ਸੀਟ ਮਿਲੀ ਸੀ। 4 ਸੀਟਾਂ 'ਤੇ ਉਨ੍ਹਾਂ ਦਾ ਸਾਂਝਾ ਵੋਟ ਸ਼ੇਅਰ 20.15 ਫ਼ੀਸਦੀ ਸੀ। ਭਾਜਪਾ ਨੇ 117 'ਚੋਂ 92 ਸੀਟਾਂ 'ਤੇ 6.6 ਫ਼ੀਸਦੀ ਵੋਟ ਸ਼ੇਅਰ ਨਾਲ 2 ਵੋਟਾਂ ਦੇ ਵਾਧੇ ਨਾਲ ਜਿੱਤ ਹਾਸਲ ਕੀਤੀ ਸੀ।

2019 ਦੀਆਂ ਲੋਕ ਸਭਾ ਚੋਣਾਂ 'ਚ ਵੋਟ ਸ਼ੇਅਰ ਦੀ ਸਥਿਤੀ

ਜੇਕਰ ਅਸੀਂ 2019 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਸੂਬੇ ਦੇ 13 ਹਲਕਿਆਂ 'ਚ ਲਗਭਗ 2.8 ਕਰੋੜ ਵੋਟਰਾਂ 'ਚੋਂ ਲਗਭਗ 66 ਫ਼ੀਸਦੀ ਨੇ ਵੋਟ ਪਾਈ ਸੀ। ਉਸ ਸਮੇਂ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸੀ। ਅਕਾਲੀ ਦਲ ਨੇ 2 ਹਲਕਿਆਂ ਤੋਂ ਜਿੱਤ ਹਾਸਲ ਕੀਤੀ ਅਤੇ 27.76 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਭਾਜਪਾ ਨੂੰ ਵੀ 2 ਸੀਟਾਂ ਮਿਲੀਆਂ ਅਤੇ 9.74 ਫ਼ੀਸਦੀ ਵੋਟਾਂ ਮਿਲੀਆਂ ਸਨ।

ਕਾਂਗਰਸ ਨੇ ਇਸ ਸਮੇਂ ਦੌਰਾਨ 13 'ਚੋਂ 3 ਸੀਟਾਂ ਜਿੱਤ ਕੇ 40.58 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਕੇਜਰੀਵਾਲ ਦੀ 'ਆਪ' ਨੂੰ ਸਿਰਫ਼ 7.46 ਫ਼ੀਸਦੀ ਵੋਟਾਂ ਮਿਲ ਸਕੀਆਂ ਸਨ ਤੇ ਸੰਗਰੂਰ ਤੋਂ ਭਗਵੰਤ ਮਾਨ ਹੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਚੁਣੇ ਗਏ ਸਨ।

ਲੋਕ ਸਭਾ 'ਚ 'ਆਪ' ਦੀ ਹੋਈ ਦੁਬਾਰਾ ਐਂਟਰੀ

ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ 'ਚ 1999 ਤੋਂ ਕਾਂਗਰਸ ਦਾ ਗੜ੍ਹ ਰਹੀ ਇਹ ਸੀਟ 58,691 ਵੋਟਾਂ ਦੇ ਫਰਕ ਨਾਲ 'ਆਪ' ਦੇ ਖਾਤੇ 'ਚ ਗਈ। ਹਾਲਾਂਕਿ, ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਇਤਿਹਾਸਕ ਜਿੱਤ ਤੋਂ ਮਹਿਜ਼ 3 ਮਹੀਨਿਆਂ ਬਾਅਦ 'ਆਪ' ਆਪਣੀ ਇਕਲੌਤੀ ਸੰਗਰੂਰ ਸੀਟ ਹਾਰ ਗਈ ਤੇ 'ਆਪ' ਨੂੰ ਕੁਲ ਪਈਆਂ ਵੋਟਾਂ 'ਚੋਂ 42.01 ਵੋਟਾਂ ਪਈਆਂ, ਜੋ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ। ਆਮ ਆਦਮੀ ਪਾਰਟੀ ਨੇ 10 ਮਈ ਨੂੰ ਹੋਈ ਉਪ ਚੋਣ ਵਿੱਚ ਜਲੰਧਰ ਹਲਕੇ ਤੋਂ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਲੋਕ ਸਭਾ ਵਿੱਚ ਸ਼ਾਨਦਾਰ ਵਾਪਸੀ ਕੀਤੀ।

ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ

ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਕੁਲ 887,626 ਵੋਟਾਂ 'ਚੋਂ 302,279 ਵੋਟਾਂ ਮਿਲੀਆਂ ਹਨ। ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 243,588 ਵੋਟਾਂ, ਅਕਾਲੀ ਦਲ ਬਸਪਾ ਦੇ ਡਾ. ਸੁਖਵਿੰਦਰ ਸੁੱਖੀ ਨੂੰ 156,445 ਵੋਟਾਂ, ਜਦਕਿ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 134,800 ਵੋਟਾਂ ਲੈ ਕੇ ਪ੍ਰਮੁੱਖ ਸਿਆਸੀ ਪਾਰਟੀਆਂ 'ਚੋਂ ਸਭ ਤੋਂ ਹੇਠਲੇ ਸਥਾਨ 'ਤੇ ਰਹੇ। ਪੰਜਾਬ ਵਿੱਚ ਬਿਨਾਂ ਗਠਜੋੜ ਦੇ ਭਾਜਪਾ-ਅਕਾਲੀ ਦਲ ਦਾ ਗੁਜ਼ਾਰਾ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਇਕ ਵਾਰ ਫਿਰ ਗਠਜੋੜ ਬਾਰੇ ਸੋਚਣਾ ਪਵੇਗਾ।

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


 


shivani attri

Content Editor

Related News