ਬੰਦ ਪਏ ਘਰ ''ਚ ਚੋਰਾਂ ਨੇ ਬੋਲਿਆ ਧਾਵਾ, ਕੈਸ਼ ਤੇ ਸੋਨਾ ਲੁੱਟ ਹੋਏ ਰਫੂਚੱਕਰ

01/07/2020 8:54:24 AM

ਜਲੰਧਰ (ਸੁਨੀਲ) : ਇੱਥੇ ਚਰਨਜੀਤ ਪੁਰਾ ਦੇ ਇਕ ਘਰ 'ਚ ਚੋਰਾਂ ਨੇ ਰਾਤ ਦੇ ਹਨ੍ਹੇਰੇ 'ਚ ਧਾਵਾ ਬੋਲ ਦਿੱਤਾ ਅਤੇ ਡੇਢ ਲੱਖ ਕੈਸ਼ ਸਮੇਤ ਸੋਨਾ ਲੁੱਟ ਕੇ ਰਫੂਚੱਕਰ ਹੋ ਗਏ। ਜਾਣਕਾਰੀ ਦਿੰਦਿਆਂ ਰਾਜੇਸ਼ ਬਾਹਰੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਜਿਸ ਘਰ 'ਚ ਚੋਰੀ ਹੋਈ ਹੈ, ਉਹ ਉਸ ਦੇ ਮਾਮਾ ਸੰਜੀਵ ਬ੍ਰਿਜ ਦਾ ਘਰ ਹੈ। ਉਸ ਨੇ ਦੱਸਿਆ ਕਿ ਉਸ ਨੂੰ ਮਾਮੇ ਦੇ ਮੁੰਡੇ ਦਾ ਫੋਨ ਆਇਆ ਸੀ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਰਾਜੇਸ਼ ਨੇ ਘਰ ਆ ਕੇ ਦੇਖਿਆ ਤਾਂ ਘਰ 'ਚ ਚੋਰੀ ਹੋ ਚੁੱਕੀ ਸੀ।

ਉਸ ਨੇ ਦੱਸਿਆ ਕਿ ਇਹ ਕਿਸੇ ਜਾਣਕਾਰ ਬੰਦੇ ਦਾ ਕੰਮ ਹੈ ਕਿਉਂਕਿ ਸਿਰਫ ਉਸ ਕਮਰੇ ਅਤੇ ਸਟੋਰ ਦੇ ਹੀ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿੱਲਰਿਆ ਪਿਆ ਸੀ, ਜਿੱਥੇ ਜਿਊਲਰੀ ਤੇ ਕੈਸ਼ ਸੀ। ਰਾਜੇਸ਼ ਨੇ ਦੱਸਿਆ ਕਿ ਉਸ ਦੇ ਮਾਮਾ ਆਪਣੀ ਧੀ ਨੂੰ ਮਿਲਣ ਲਈ ਦੁਬਈ ਗਏ ਹੋਏ ਹਨ ਅਤੇ ਉਸ ਦੇ ਮਾਮੇ ਦਾ ਮੁੰਡਾ ਚੰਡੀਗੜ੍ਹ 'ਚ ਨੌਕਰੀ ਕਰਦਾ ਹੈ, ਜਿਸ ਕਾਰਨ ਪਿਛਲੇ ਇਕ ਹਫਤੇ ਤੋਂ ਘਰ ਬੰਦ ਪਿਆ ਸੀ, ਜਿਸ ਦਾ ਚੋਰਾਂ ਨੇ ਫਾਇਦਾ ਚੁੱਕ ਲਿਆ। ਫਿਲਹਾਲ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਦਾ ਵੀ ਕਹਿਣਾ ਹੈ ਕਿ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਫੁਟੇਜ ਨੂੰ ਵੀ ਖੰਗਾਲਿਆ ਜਾਵੇਗਾ।


Babita

Content Editor

Related News