ਕਥਿਤ ਸਟਿੰਗ ਆਪ੍ਰੇਸ਼ਨ ਮੇਰੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ : ਸੰਤੋਖ ਸਿੰਘ
Wednesday, Mar 20, 2019 - 12:47 AM (IST)

ਜਲੰਧਰ, (ਧਵਨ)— ਟੀ.ਵੀ. ਚੈਨਲ ਵਲੋਂ ਕੀਤੇ ਗਏ ਕਥਿਤ ਸਟਿੰਗ ਆਪ੍ਰੇਸ਼ਨ ’ਤੇ ਟਿੱਪਣੀ ਕਰਦਿਆਂ ਕਾਂਗਰਸੀ ਸੰਸਦੀ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਭਾਜਪਾ ਵਲੋਂ ਫੰਡਿਡ ਟੀ. ਵੀ. ਚੈਨਲ ਨੇ ਤੋੜ-ਮਰੋੜ ਕੇ ਕਹਾਣੀ ਪੇਸ਼ ਕੀਤੀ ਹੈ, ਜਿਸ ਦਾ ਮਕਸਦ ਕਾਂਗਰਸ ਅਤੇ ਮੇਰਾ ਅਕਸ ਖਰਾਬ ਕਰਨਾ ਹੈ। ਭਾਜਪਾ ਨੇ ਇਹ ਸਾਜ਼ਿਸ਼ ਟੀ. ਵੀ. ਚੈਨਲ ਦੇ ਜ਼ਰੀਏ ਰਚੀ ਹੈ।
ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਇਕ ਵਿਕਾਊ ਮੀਡੀਆ ਹਾਊਸ ਨੇ ਵਿਕਾਊ ਕੰਮ ਕਰਵਾਇਆ ਹੈ। ਇਸ ਸਟਿੰਗ ਆਪ੍ਰੇਸ਼ਨ ’ਚ ਜ਼ਰਾ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਗੱਲਾਂ ਕਿਸੇ ਹੋਰ ਵਿਸ਼ੇ ’ਤੇ ਹੋਈਆਂ ਅਤੇ ਉਸ ’ਚੋਂ ਅਨੇਕਾਂ ਗੱਲਾਂ ਨੂੰ ਕੱਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਚੈਨਲ ਦੇ ਪਿਛੋਕੜ ਬਾਰੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਸਿਆਸੀ ਲਾਭ ਲੈਣ ਲਈ ਇਸ ਚੈਨਲ ਦੀ ਵਰਤੋਂ ਕੀਤੀ ਹੈ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਈਮਾਨਦਾਰੀ ਬਾਰੇ ਸਾਲਾਂ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਟਿੰਗ ਨਕਲੀ ਹੈ ਅਤੇ ਭਾਜਪਾ ਨੇ ਗੰਦੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ। ਲੋਕ ਇਸ ਦਾ ਜਵਾਬ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ’ਚ ਕਾਂਗਰਸ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰ ਰਹੀ ਹੈ। ਇਸ ਲਈ ਭਾਜਪਾ ਨੇ ਨਕਲੀ ਸਟਿੰਗ ਬਣਾ ਕੇ ਅਸਲੀ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਇਹ ਕੋਸ਼ਿਸ਼ ਵੀ ਫੇਲ ਹੋ ਜਾਵੇਗੀ।