ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਗੁਰੂ ਜੀ ਦੇ ਸ਼ਸਤਰ ਪਟਨਾ ਪਹੁੰਚੇ, ਸ਼ਹੀਦੀ ਜਾਗ੍ਰਿਤੀ ਯਾਤਰਾ ਸਮਾਪਤ
Wednesday, Oct 29, 2025 - 09:37 AM (IST)
ਅੰਮ੍ਰਿਤਸਰ (ਸਰਬਜੀਤ) : ਸ਼ਹੀਦੀ ਜਾਗ੍ਰਿਤੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਦੇ ਸਰੂਪ ਅਤੇ ਸ਼ਸਤਰਾਂ ਨੂੰ ਲੈ ਕੇ ਚਾਰਟਰਡ ਵਿਮਾਨ ਦੁਪਹਿਰ ਬਾਅਦ ਪਟਨਾ ਹਵਾਈ ਅੱਡੇ ‘ਤੇ ਪਹੁੰਚਿਆ, ਜਿੱਥੇ ਪਟਨਾ ਦੀ ਸੰਗਤ ਨੇ ਨਿੱਘਾ ਸਵਾਗਤ ਕੀਤਾ ਅਤੇ ਪੁਰਾ ਹਵਾਈ ਅੱਡਾ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਸੰਗਤ ਨੇ ਹਵਾਈ ਅੱਡੇ ‘ਤੇ ਕੀਰਤਨ ਵੀ ਕੀਤਾ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਗਰਤੀ ਯਾਤਰਾ ਦੀ ਸਫਲਤਾ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਕਮੇਟੀ ਦੇ ਨਵ ਨਿਯੁਕਤ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਜਸਬੀਰ ਸਿੰਘ ਧਾਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਬਿਨਾਂ ਇੰਨਾ ਵੱਡਾ ਆਯੋਜਨ ਸੰਭਵ ਨਹੀਂ ਸੀ। ਦੱਸਣਯੋਗ ਹੈ ਕਿ ਚਾਰਟਰਡ ਜਹਾਜ਼ ਦਾ ਪ੍ਰਬੰਧ ਵੀ ਗੁਰਿੰਦਰ ਸਿੰਘ ਬਾਵਾ ਵੱਲੋਂ ਹੀ ਕਰਵਾਇਆ ਗਿਆ।
ਤਖ਼ਤ ਪਟਨਾ ਸਾਹਿਬ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਜਾਗਰਤੀ ਯਾਤਰਾ ਕੱਲ੍ਹ ਦੇਰ ਸ਼ਾਮ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਮਾਪਤ ਹੋਈ। ਇਸ ਮੌਕੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਯਾਤਰਾ ਦਾ ਸਮਾਪਨ ਕਰਵਾਉਣ ਤੋਂ ਬਾਅਦ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਗਿਆ ਅਤੇ ਅੱਜ ਉਹ ਸਰੂਪ ਚਾਰਟਰਡ ਵਿਮਾਨ ਰਾਹੀਂ ਪਟਨਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੁਰਾਣੇ 500 ਤੇ 1000 ਰੁਪਏ ਦੇ ਨੋਟ ਬਦਲਣ ਦਾ ਆਖ਼ਰੀ ਮੌਕਾ! RBI ਨੇ ਜਾਰੀ ਕੀਤੇ ਨਵੇਂ ਨਿਯਮ
ਤਖ਼ਤ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮਨਵਿੰਦਰ ਸਿੰਘ ਬੇਨੀਪਾਲ ਵੀ ਵਿਮਾਨ ‘ਚ ਨਾਲ ਸਨ। ਪਟਨਾ ਹਵਾਈ ਅੱਡੇ ‘ਤੇ ਚਿਤਕਾਰਾ ਸਮੇਤ ਪਟਨਾ ਦੇ ਵੱਖ ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਅਤੇ ਗੁਰੂ ਸਾਹਿਬ ਦੇ ਸਰੂਪ ਅਤੇ ਸ਼ਸਤ੍ਰਾਂ ਦਾ ਸ਼ਾਨਦਾਰ ਸਵਾਗਤ ਕੀਤਾ। ਬੀਬੀ ਕੁਲਵੀਰ ਕੌਰ, ਅਰਵਿੰਦਰ ਕੌਰ, ਕੁਲਵੰਤ ਕੌਰ, ਰਣਜੀਤ ਕੌਰ ਸਮੇਤ ਹੋਰ ਮਹਿਲਾਵਾਂ ਨੇ ਕੀਰਤਨ ਵੀ ਕੀਤਾ। ਦੀਘਾ ਦੇ ਵਿਧਾਇਕ ਸੰਜੀਵ ਚੌਰਾਸੀਆ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ।
ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਗਰਤੀ ਯਾਤਰਾ ਦੇ ਸਫਲ ਆਯੋਜਨ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਸਿਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮਹਾਸਚਿਵ ਇੰਦਰਜੀਤ ਸਿੰਘ, ਸਚਿਵ ਹਰਬੰਸ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਡਾ ਇੰਦਰਬੀਰ ਸਿੰਘ ਨਿੱਜਰ, ਮੋਹਿੰਦਰ ਪਾਲ ਸਿੰਘ ਦਿੱਲੀ, ਰਾਜਾ ਸਿੰਘ, ਡਾ. ਗੁਰਮੀਤ ਸਿੰਘ, ਗੋਬਿੰਦ ਸਿੰਘ ਲੋਂਗੋਵਾਲ, ਮੀਡੀਆ ਸਲਾਹਕਾਰ ਸੁਦੀਪ ਸਿੰਘ, ਜੇਡੀਯੂ ਪੰਜਾਬ ਦੇ ਪ੍ਰਧਾਨ ਮਨਵਿੰਦਰ ਸਿੰਘ ਬੇਨੀਪਾਲ ਸਮੇਤ ਤਖ਼ਤ ਸਾਹਿਬ ਦੇ ਪੂਰੇ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਯਾਤਰਾ ਨੂੰ ਸਫਲ ਬਣਾਇਆ।
ਇਹ ਵੀ ਪੜ੍ਹੋ : EPFO 'ਚ ਵੱਡਾ ਬਦਲਾਅ! ਹੁਣ 25,000 ਰੁਪਏ ਤਕ ਤਨਖਾਹ ਵਾਲਿਆਂ ਨੂੰ ਵੀ ਮਿਲੇਗਾ PF-ਪੈਨਸ਼ਨ ਦਾ ਫਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
