ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ’ਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ
Wednesday, Mar 01, 2023 - 11:56 AM (IST)
ਜਲੰਧਰ (ਚੋਪੜਾ)–ਪਹਿਲਾਂ ਤੋਂ ਹੀ ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ਵਿਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹੁਣ ਇਨ੍ਹਾਂ ਚੋਣਾਂ ਵਿਚ ਵੀ ਨੌਜਵਾਨ ਵਰਗ ਵਿਚ ਧਨ-ਬਲ ਦੀ ਵਰਤੋਂ ਹੋਵੇਗੀ ਅਤੇ ਇਕ ਵਾਰ ਫਿਰ ਤੋਂ ਸੀਨੀਅਰ ਕਾਂਗਰਸ ਆਗੂਆਂ ਸਮੇਤ ਹੋਰ ਕਾਂਗਰਸੀਆਂ ਵਿਚ ਆਪਣੇ ਸਮਰਥਕ ਨੌਜਵਾਨਾਂ ਨੂੰ ਪ੍ਰਧਾਨਗੀ ਦਿਵਾਉਣ ਲਈ ਜੋੜ-ਤੋੜ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਪਿਛਲੇ ਸਾਲਾਂ ਵਾਂਗ ਸ਼ਾਇਦ ਇਹ ਚੋਣ ਵੀ ਕਾਂਗਰਸ ਵਿਚ ਧੜੇਬੰਦੀ ਨੂੰ ਬੜ੍ਹਾਵਾ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਹਾਲਾਂਕਿ ਇਸ ਵਾਰ ਦੀ ਚੋਣ ਵਿਚ ਸੂਬਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ਤੱਕ ਨੌਮੀਨੇਸ਼ਨ ਤੋਂ ਲੈ ਕੇ ਮੈਂਬਰਸਿਪ ਅਤੇ ਵੋਟਿੰਗ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਗਿਆ ਹੈ।
ਇਨ੍ਹਾਂ ਜਥੇਬੰਦਕ ਚੋਣਾਂ ਨੂੰ ਲੈ ਕੇ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ, ਜਨਰਲ ਸਕੱਤਰ ਤੋਂ ਇਲਾਵਾ ਜ਼ਿਲ੍ਹਾ, ਹਲਕਾ ਪੱਧਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਹੁਦੇ ਲਈ ਨਾਮਜ਼ਦਗੀ ਬੀਤੇ ਦਿਨ ਸਮਾਪਤ ਹੋ ਗਈ। ਇਸ ਆਨਲਾਈਨ ਨਾਮਜ਼ਦਗੀ ਪ੍ਰਕਿਰਿਆ ਵਿਚ ਪ੍ਰਦੇਸ਼ ਪ੍ਰਧਾਨ ਅਹੁਦੇ ਲਈ 14 ਨੌਜਵਾਨਾਂ ਨੇ ਆਪਣੀ ਦਾਅਵੇਦਾਰੀ ਠੋਕੀ ਹੈ, ਜਦਕਿ ਸੂਬਾਈ ਜਨਰਲ ਸਕੱਤਰ ਅਹੁਦੇ ਨੂੰ ਲੈ ਕੇ ਸੂਬੇ ਭਰ ਵਿਚ 73 ਨੌਜਵਾਨਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ। ਹਾਲਾਂਕਿ ਜਲੰਧਰ ਜ਼ਿਲ੍ਹੇ ਤੋਂ ਕਿਸੇ ਵੀ ਯੂਥ ਆਗੂ ਨੇ ਪ੍ਰਧਾਨ ਬਣਨ ਸਬੰਧੀ ਆਪਣੀ ਦਾਅਵੇਦਾਰੀ ਨਹੀਂ ਜਤਾਈ, ਜਦਕਿ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਅੰਗਦ ਦੱਤਾ, ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਖੋਸਲਾ ਨੇ ਪ੍ਰਦੇਸ਼ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਹੁਦੇ ਲਈ ਆਪਣੀ ਨਾਮਜ਼ਦਗੀ ਭਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿਚ 7 ਯੂਥ ਕਾਂਗਰਸ ਆਗੂਆਂ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ, ਜਦਕਿ ਜ਼ਿਲ੍ਹਾ ਯੂਥ ਕਾਂਗਰਸ ਦਿਹਾਤੀ (ਰਿਜ਼ਰਵ) ਲਈ 7 ਨੌਜਵਾਨਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ।
ਇਹ ਵੀ ਪੜ੍ਹੋ :CM ਮਾਨ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾਈ
ਜ਼ਿਕਰਯੋਗ ਹੈ ਕਿ ਨਾਮਜ਼ਦਗੀ ਭਰਨ ਵਾਲੇ ਨੌਜਵਾਨਾਂ ਵਿਚੋਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲਾ ਚਿਹਰਾ ਜ਼ਿਲ੍ਹਾ ਪ੍ਰਧਾਨ ਬਣੇਗਾ ਅਤੇ ਬਾਕੀ ਚਿਹਰਿਆਂ ਵਿਚੋਂ ਜ਼ਿਲ੍ਹਾ ਜਨਰਲ ਸਕੱਤਰ ਬਣਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ 23 ਜ਼ਿਲ੍ਹਿਆਂ ਦੇ 117 ਵਿਧਾਨ ਸਭਾ ਹਲਕਾ ਪ੍ਰਧਾਨ ਅਹੁਦੇ ਦੇ ਦਾਅਵੇਦਾਰਾਂ ਦੀ ਨੌਮੀਨੇਸ਼ਨ ਦਾ ਕੰਮ ਵੀ ਅੱਜ ਪੂਰਾ ਹੋ ਗਿਆ ਹੈ। ਵਰਣਨਯੋਗ ਹੈ ਕਿ ਬੀਤੀ 20 ਫਰਵਰੀ ਨੂੰ ਪੰਜਾਬ ਯੂਥ ਕਾਂਗਰਸ ਦੀ ਚੋਣ ਦਾ ਐਲਾਨ ਹੋਇਆ ਸੀ ਪਰ ਇਸ ਵਾਰ ਚੋਣ ਕਮੇਟੀ ਨੇ ਪਹਿਲਾਂ ਨਾਮਜ਼ਦਗੀ ਭਰਨ ਅਤੇ ਬਾਅਦ ਵਿਚ ਮੈਂਬਰਸ਼ਿਪ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਨਾਮਜ਼ਦਗੀ ਭਰਨ ਦੀ ਆਖਰੀ ਮਿਤੀ ਨੂੰ 25 ਫਰਵਰੀ ਤੋਂ ਵਧਾ ਕੇ 28 ਫਰਵਰੀ ਕੀਤਾ ਗਿਆ ਸੀ। ਹੁਣ ਇਨ੍ਹਾਂ ਨਾਮਜ਼ਦਗੀਆਂ ਨੂੰ ਲੈ ਕੇ ਆਬਜੈਕਸ਼ਨ, ਨੌਮੀਨੇਸ਼ਨ ਸਕਿਓਰਿਟੀ ਅਤੇ ਨੌਮੀਨੇਸ਼ਨ ਫਾਈਨਲਾਈਜ਼ ਦਾ ਕੰਮ ਨਿਪਟਾਇਆ ਜਾਵੇਗਾ। ਇਸ ਉਪਰੰਤ ਯੂਥ ਕਾਂਗਰਸ ਦੇ ਹਰੇਕ ਅਹੁਦੇ ਦੇ ਉਮੀਦਵਾਰਾਂ ਨੇ ਇੰਡੀਅਨ ਯੂਥ ਕਾਂਗਰਸ ਦੀ ਸਾਈਟ ’ਤੇ ਆਨਲਾਈਨ ਮੈਂਬਰਸ਼ਿਪ ਫਾਰਮ ਭਰਵਾਉਣੇ ਹਨ। ਮੈਂਬਰਸ਼ਿਪ ਫਾਰਮ ਭਰਨ ਦੌਰਾਨ ਪ੍ਰਤੀ ਮੈਂਬਰਸ਼ਿਪ ਫੀਸ 50 ਰੁਪਏ ਨਿਰਧਾਰਿਤ ਕੀਤੀ ਗਈ ਹੈ। 10 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਆਨਲਾਈਨ ਮੈਂਬਰਸ਼ਿਪ ਸ਼ੁਰੂ ਹੋਵੇਗੀ ਅਤੇ ਹਰੇਕ ਨੌਜਵਾਨ ਮੈਂਬਰਸ਼ਿਪ ਲੈਣ ਦੌਰਾਨ ਹੀ ਆਪਣੇ ਮਨਪਸੰਦ ਉਮੀਦਵਾਰ ਦੇ ਪੱਖ ਵਿਚ ਆਨਲਾਈਨ ਵੋਟਿੰਗ ਕਰੇਗਾ ਅਤੇ ਹਰੇਕ ਮੈਂਬਰ ਵੱਲੋਂ ਵੋਟਿੰਗ ਕੀਤੇ ਜਾਣ ਤਹਿਤ ਮੈਂਬਰਸ਼ਿਪ ਬੰਦ ਹੋਣ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ, ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਜੇਤੂ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਤੋਂ ਇਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਪੇਸ਼
ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਤੋਂ 7 ਨੌਜਵਾਨਾਂ ਨੇ ਪ੍ਰਧਾਨ ਅਹੁਦੇ ਲਈ ਨੌਮੀਨੇਸ਼ਨ ਭਰਿਆ ਹੈ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਰਣਦੀਪ ਸੰਧੂ, ਚੰਦਨ ਸਹਿਦੇਵ, ਦਵਿੰਦਰ ਘਈ, ਮੁਹੰਮਦ ਸਿਕੰਦਰ, ਪ੍ਰਥਨ ਕਟਾਰੀਆ, ਸੰਨੀ ਕੁਮਾਰ ਅਤੇ ਉਦਿਤ ਗਾਂਧੀ ਦੇ ਨਾਂ ਸ਼ਾਮਲ ਹਨ, ਜਦੋਂ ਕਿ ਜ਼ਿਲਾ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਅਸ਼ਵਨੀ ਕੁਮਾਰ, ਦਮਨਪ੍ਰੀਤ ਸਿੰਘ, ਦਮਨਵੀਰ ਸਿੰਘ, ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਲਾਲ, ਪ੍ਰਦੀਪ ਕੁਮਾਰ, ਰੌਬਿਨ ਸਿੰਘ, ਸੌਰਵ ਉੱਪਲ, ਸੌਰਵ ਗੌਤਮ ਸਮੇਤ 9 ਨੌਜਵਾਨਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ।
ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ’ਚ ਇਨ੍ਹਾਂ ਨੌਜਵਾਨਾਂ ਨੇ ਪੇਸ਼ ਕੀਤੀ ਦਾਅਵੇਦਾਰੀ
ਜ਼ਿਲ੍ਹਾ ਜਲੰਧਰ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਸੈਂਟਰਲ, ਵੈਸਟ, ਕੈਂਟ, ਨਕੋਦਰ, ਆਦਮਪੁਰ, ਸ਼ਾਹਕੋਟ, ਫਿਲੌਰ ਅਤੇ ਕਰਤਾਰਪੁਰ ਦੀ ਹਲਕਾ ਪ੍ਰਧਾਨਗੀ ਨੂੰ ਲੈ ਕੇ ਕੁੱਲ 28 ਯੂਥ ਆਗੂਆਂ ਨੇ ਆਨਲਾਈਨ ਨੌਮੀਨੇਸ਼ਨ ਭਰਿਆ ਹੈ। ਜਲੰਧਰ ਸ਼ਹਿਰ ਨਾਲ ਸਬੰਧਤ 4 ਵਿਧਾਨ ਸਭਾ ਹਲਕਿਆਂ ਵਿਚੋਂ ਉੱਤਰੀ ਵਿਧਾਨ ਸਭਾ ਹਲਕੇ ਤੋਂ 2 ਨੌਜਵਾਨਾਂ ਦਮਨ ਕੁਮਾਰ ਅਤੇ ਕਰਨ ਕਪੂਰ ਨੇ ਦਾਅਵਾ ਕੀਤਾ ਹੈ। ਸੈਂਟਰਲ ਵਿਧਾਨ ਸਭਾ ਹਲਕੇ ਤੋਂ ਰਵਿੰਦਰ ਸਿੰਘ ਅਤੇ ਸ਼ਿਵਮ ਪਾਠਕ ਨੇ ਦਾਅਵਾ ਪੇਸ਼ ਕੀਤਾ ਹੈ, ਜਦਕਿ ਵੈਸਟ ਵਿਧਾਨ ਸਭਾ ਹਲਕਾ (ਰਿਜ਼ਰਵ) ਤੋਂ ਗੁਰੂ ਦਿਲਪ੍ਰੀਤ ਸਿੰਘ, ਕੁਲਦੀਪ ਕੁਮਾਰ ਅਤੇ ਸ਼ੁਭਮ ਸੈਨ ਦਾ ਨਾਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪਤਨੀ ਨੂੰ ਮਨਾਉਣ ਲਈ ਜਲੰਧਰ 'ਚ PPR ਮਾਲ ਦੀ ਬਿਲਡਿੰਗ 'ਤੇ ਚੜ੍ਹਿਆ ਪਤੀ, ਕੀਤਾ ਹਾਈਵੋਲਟੇਜ਼ ਡਰਾਮਾ
ਕੈਂਟ ਵਿਧਾਨ ਸਭਾ ਹਲਕੇ ਤੋਂ ਪ੍ਰਧਾਨ ਅਹੁਦੇ ਲਈ 4 ਉਮੀਦਵਾਰ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਬੌਬ ਮਲਹੋਤਰਾ, ਮਹੇਸ਼ ਕੁਮਾਰ, ਰੌਬਿਨ ਅਰੋੜਾ ਅਤੇ ਸੂਰਜ ਨੇ ਨੌਮੀਨੇਸ਼ਨ ਭਰਿਆ ਹੈ। ਇਸੇ ਤਰ੍ਹਾਂ ਆਦਮਪੁਰ ਵਿਧਾਨ ਸਭਾ ਹਲਕੇ ਦੀ ਪ੍ਰਧਾਨਗੀ ਨੂੰ ਲੈ ਕੇ ਕਨਵਰਪਾਲ ਸਿੰਘ ਅਤੇ ਰਿਧਮ ਮਹਿਤਾ ਨੇ ਫਾਰਮ ਭਰਿਆ ਹੈ। ਕਰਤਾਰਪੁਰ ਵਿਧਾਨ ਸਭਾ ਹਲਕਾ (ਰਿਜ਼ਰਵ) ਤੋਂ ਪ੍ਰਧਾਨ ਅਹੁਦੇ ਲਈ ਨਵਜੋਤ ਸਿੰਘ ਨਾਗਰਾ, ਰਾਂਝਾ ਅਲੀ ਅਤੇ ਸੁਖਦੀਪ ਸਿੰਘ ਨੇ ਨੌਮੀਨੇਸ਼ਨ ਫਾਈਲ ਕੀਤਾ ਹੈ।
ਫਿਲੌਰ ਹਲਕੇ ਤੋਂ ਸਿਰਫ਼ ਇਕਲੌਤੇ ਯੂਥ ਆਗੂ ਸੌਰਵ ਕੁਮਾਰ ਪ੍ਰਧਾਨਗੀ ਦੇ ਦਾਅਵੇਦਾਰ ਵਜੋਂ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸ਼ਾਹਕੋਟ ਹਲਕੇ ਦੀ ਪ੍ਰਧਾਨਗੀ ਨੂੰ ਲੈ ਕੇ 4 ਨੌਜਵਾਨਾਂ ਅਜੈ ਪ੍ਰਤਾਪ ਸਿੰਘ, ਜਗਦੇਵ ਚੰਦ, ਕਮਲਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ, ਜਦੋਂ ਕਿ ਸਭ ਤੋਂ ਜ਼ਿਆਦਾ ਮੁਕਾਬਲਾ ਨਕੋਦਰ ਵਿਧਾਨ ਸਭਾ ਹਲਕੇ ਵਿਚ ਵੇਖਣ ਨੂੰ ਮਿਲੇਗਾ, ਜਿੱਥੋਂ 7 ਨੌਜਵਾਨਾਂ ਨੇ ਹਲਕਾ ਪ੍ਰਧਾਨ ਦੇ ਅਹੁਦੇ ਨੂੰ ਹਾਸਲ ਕਰਨ ਲਈ ਨਾਮਜ਼ਦਗੀ ਭਰੀ ਹੈ। ਇਨ੍ਹਾਂ ਵਿਚ ਗੁਰਦੀਪ ਸਿੰਘ, ਹਰਪ੍ਰੀਤ, ਹਰਸਿਮਰਨ ਸਿੰਘ ਸੰਘਾ, ਰਾਜਵੰਤ ਕੌਰ, ਰਮੇਸ਼ ਕੁਮਾਰ, ਸਾਹਿਲ ਸ਼ਰਮਾ ਅਤੇ ਸਰਬਪ੍ਰੀਤ ਸਿੰਘ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।