ਵਾਲਮੀਕਿ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ
Sunday, Jul 02, 2017 - 03:55 AM (IST)

ਟਾਂਡਾ, (ਮੋਮੀ, ਜਸਵਿੰਦਰ, ਸ਼ਰਮਾ, ਕੁਲਦੀਸ਼)- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵੱਲੋਂ ਅੱਜ ਟਾਂਡਾ ਵਿਖੇ ਦਲਿਤ ਭਾਈਚਾਰੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨੀਂ ਅੱਡਾ ਸਰਾਂ ਦੇ ਇਕ ਫਾਇਨਾਂਸ ਦਫ਼ਤਰ ਵਿਚ ਭੰਨ-ਤੋੜ ਅਤੇ ਚੋਰੀ ਕਰਨ ਦੇ ਦੋਸ਼ 'ਚ ਉਕਤ ਸੰਸਥਾ ਦੇ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਟਾਂਡਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਸੰਸਥਾ ਦੇ ਚੇਅਰਮੈਨ ਨਛੱਤਰ ਪਾਲ ਸ਼ੇਰਗਿੱਲ, ਪ੍ਰਧਾਨ ਜੋਗਿੰਦਰ ਮਾਨ, ਰਿਸ਼ੀ ਨਾਹਰ ਅਤੇ ਜ਼ਿਲਾ ਪ੍ਰਧਾਨ ਲੱਡੂ ਚੌਟਾਲਾ ਦੀ ਅਗਵਾਈ 'ਚ ਦਾਣਾ ਮੰਡੀ ਟਾਂਡਾ ਵਿਖੇ ਇਕੱਤਰ ਹੋਣ ਉਪਰੰਤ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ ਤੇ ਥਾਣਾ ਮੁਖੀ ਟਾਂਡਾ ਕਰਨੈਲ ਸਿੰਘ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਡੀ. ਐੱਸ. ਪੀ. ਨੇ ਭਰੋਸਾ ਦਿੱਤਾ ਕਿ ਜਾਂਚ-ਪੜਤਾਲ ਤੋਂ ਬਾਅਦ ਪੂਰਾ ਇਨਸਾਫ਼ ਕੀਤਾ ਜਾਵੇਗਾ।