ਪੰਜਾਬ ਨਾਲ ਹਮੇਸ਼ਾ ਧੱਕਾ ਕਰਨ ਵਾਲੀ ਧੋਖੇਬਾਜ਼ ਕਾਂਗਰਸ ਤੋਂ ਸੁਚੇਤ ਰਹਿਣ ਦੀ ਲੋੜ
Monday, Jul 23, 2018 - 07:54 AM (IST)

ਨਵੀਂ ਦਿੱਲੀ,ਜਲੰਧਰ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ 'ਪਾੜੋ ਤੇ ਰਾਜ ਕਰੋ' ਦੀ ਧੋਖੇਬਾਜ਼ ਨੀਤੀ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਬੇ-ਭਰੋਸੇਯੋਗ ਪਾਰਟੀ ਕਿਹਾ ਹੈ, ਜਿਸ ਨੇ ਹਮੇਸ਼ਾ ਆਪਣੇ ਮੁਫਾਦਾਂ ਲਈ ਲੋਕਤੰਤਰ ਦਾ ਘਾਣ ਕੀਤਾ। ਕੱਲ ਦੇਰ ਸ਼ਾਮ ਪਾਰਲੀਮੈਂਟ ਅੰਦਰ ਕੇਂਦਰ ਸਰਕਾਰ ਖਿਲਾਫ ਪੇਸ਼ ਕੀਤੇ ਗਏ ਬੇ-ਭਰੋਸਗੀ ਮਤੇ ਦੀ ਮੁਖਾਲਫਤ ਵਿਚ ਹਿੱਸਾ ਲੈਂਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਦੀ ਐੱਨ. ਡੀ. ਏ. ਸਰਕਾਰ ਨੂੰ ਲੋਕਤੰਤਰ ਦੀ ਭਾਸ਼ਾ ਇਹ ਕਾਂਗਰਸ ਕੀ ਸਿਖਾਏਗੀ, ਜਿਸ ਨੇ ਆਜ਼ਾਦ ਹਿੰਦੁਸਤਾਨ ਵਿਚ ਅਮਨ-ਅਮਾਨ ਨਾਲ ਚੱਲ ਰਹੀਆਂ ਹਕੂਮਤਾਂ ਦੀ ਸੰਵਿਧਾਨ ਦੀ ਧਾਰਾ 356 ਦੀ ਦੁਰਵਰਤੋਂ ਕਰਕੇ ਗੈਰ-ਕਾਂਗਰਸੀ ਸਰਕਾਰਾਂ ਦੀ ਬਲੀ ਲਈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਕਤ ਬਹੁਤ ਬਲਵਾਨ ਹੈ। ਅੱਜ ਆਲਮ ਇਹ ਹੈ ਕਿ ਮਨਮਰਜ਼ੀਆਂ ਕਰਨ ਵਾਲੀ ਕਾਂਗਰਸ ਨੂੰ ਅੱਜ ਤੇਲਗੂਦੇਸ਼ਮ ਪਾਰਟੀ ਦੇ ਕੰਧਾਰੇ ਚੜ੍ਹ ਕੇ ਸਰਕਾਰ ਦੇ ਖਿਲਾਫ ਬੇ-ਭਰੋਸਗੀ ਮਤਾ ਪੇਸ਼ ਕਰਨ ਲਈ ਨਿਰਭਰ ਹੋਣਾ ਪਿਆ ਹੈ। ਉਨ੍ਹਾਂ ਟੀ. ਡੀ. ਪੀ. ਨੇਤਾਵਾਂ ਨੂੰ ਕਾਂਗਰਸ ਤੋਂ ਖਬਰਦਾਰ ਰਹਿਣ ਦੀ ਅਪੀਲ ਕੀਤੀ, ਜਿਸ 'ਤੇ ਆਪਣੇ ਮੁਫਾਦ ਬਾਅਦ ਅੱਖਾਂ ਫੇਰ ਲੈਣ ਦਾ ਹਮੇਸ਼ਾ ਖਤਰਾ ਮੰਡਰਾਉਂਦਾ ਰਹਿੰਦਾ ਹੈ।
ਕਾਂਗਰਸ 'ਤੇ ਵਰ੍ਹਦਿਆਂ ਪ੍ਰੋ. ਚੰਦੂਮਾਜਰਾ ਨੇ ਇਸ ਨੂੰ ਸਿੱਖਾਂ ਤੇ ਪੰਜਾਬ ਦੀ ਨੰਬਰ ਇਕ ਦੁਸ਼ਮਣ ਦੱਸਿਆ, ਜਿਸ ਨੇ 1984 ਵਿਚ ਨਾ ਕੇਵਲ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਅਕਾਲ ਤਖ਼ਤ 'ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾ ਕੇ ਸਾਡੇ ਗੁਰੂ ਦਾ ਅਪਮਾਨ ਕੀਤਾ, ਬਾਅਦ ਵਿਚ ਨਵੰਬਰ ਸਿੱਖ-ਕਤਲੇਆਮ ਦੌਰਾਨ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਇਹ ਸਾਡੀ ਐੱਨ. ਡੀ. ਏ. ਸਰਕਾਰ ਦੀ ਘਾਲਣਾ ਹੈ ਕਿ ਉਸ ਨੇ 1984 ਦੇ ਕਾਤਲਾਂ ਖਿਲਾਫ ਵੱਡੀ ਪੱਧਰ 'ਤੇ ਕਾਰਵਾਈ ਲਈ ਦੁਬਾਰਾ ਕੇਸ ਖੋਲ੍ਹੇ। ਉਨ੍ਹਾਂ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ 1984 ਦੇ ਕਾਤਲਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਹੋਰ ਤੇਜ਼ੀ ਲਿਆਂਦੀ ਜਾਵੇ ਤੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਧਾਰਮਿਕ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਬਾਗੀ ਹੋਏ ਫੌਜੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕੇਂਦਰ ਵੱਲੋਂ ਕਿਸਾਨੀ ਦੀ ਬਾਂਹ ਫੜਨ, ਐੱਮ. ਐੱਸ. ਪੀ. 'ਚ ਕੀਤੇ ਵਾਅਦੇ ਨਾਲ ਕਿਸਾਨਾਂ ਨੂੰ ਪੈਰਾ ਸਿਰ ਖੜ੍ਹਾ ਕਰਨ, ਫਸਲ ਬੀਮਾ ਯੋਜਨਾ ਆਦਿ ਸਕੀਮਾਂ ਦਾ ਐਲਾਨ ਕਰਨ ਦੀ ਪੁਰਜ਼ੋਰ ਸ਼ਲਾਘਾ ਕੀਤੀ।