11 ਮੈਂਬਰੀ ਡੈਪੂਟੇਸ਼ਨ ਪੰਜਾਬ ਦੇ ਗਵਰਨਰ ਨੂੰ ਦੇਵੇਗਾ ਮੈਮੋਰੰਡਮ

07/02/2017 6:30:13 AM

 
ਅੰਮ੍ਰਿਤਸਰ - ਪੰਜਾਬ ਬਚਾਓ ਨਸ਼ਾ ਮੁਕਤੀ ਅੰਦੋਲਨ ਅਭਿਆਨ ਦਾ 11 ਮੈਂਬਰੀ ਡੈਪੂਟੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਇਕ ਮੈਮੋਰੰਡਮ ਦੇਵੇਗਾ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਕਰਵਾਉਣ ਦੀ ਮੰਗ ਕਰੇਗਾ। ਇਹ ਵਿਚਾਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਪ੍ਰਧਾਨ ਪੰਜਾਬ ਬਚਾਓ ਨਸ਼ਾ ਮੁਕਤੀ ਅੰਦੋਲਨ ਅਭਿਆਨ ਨੇ ਜੋਧ ਸਿੰਘ ਕੱਲੇਵਾਲ ਦੇ ਗ੍ਰਹਿ ਗੁਰੂ ਅਰਜਨ ਨਗਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ 10 ਸਾਲਾਂ ਵਿਚ ਨਸ਼ੀਲੇ ਪਦਾਰਥਾਂ ਦੇ ਵਗਦੇ ਦਰਿਆ ਲਈ ਜਿਥੇ ਅਕਾਲੀ-ਭਾਜਪਾ ਜ਼ਿੰਮੇਵਾਰ ਹਨ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ 'ਤੇ ਕਾਬਜ਼ ਅਕਾਲੀ ਦਲ ਨਾਲ ਜੁੜੀਆਂ ਸੰਸਥਾਵਾਂ, ਟਕਸਾਲਾਂ, ਧਾਰਮਿਕ ਜਥੇਬੰਦੀਆਂ ਵੀ ਓਨੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਗੁਰੂ ਸਾਹਿਬਾਨ ਦੇ ਸਿਧਾਤਾਂ ਵਿਚ ਰੰਗੇ ਹੁੰਦੇ ਤਾਂ ਸਿੱਖੀ ਪ੍ਰਚਾਰ ਇੰਨਾ ਜ਼ੋਰਦਾਰ ਹੁੰਦਾ ਤਾਂ ਨਸ਼ੇ ਦੇ ਤਸਕਰ ਕਦੇ ਵੀ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਕਰਨ ਲਈ ਕਾਮਯਾਬ ਨਾ ਹੁੰਦੇ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਬਹੁਤ ਘੱਟ ਧਾਰਮਿਕ ਸੋਚ ਰੱਖਦੇ ਹਨ ਬਹੁਤੇ ਤਾਂ ਸਿਆਸੀ ਸੋਚ ਹੀ ਰੱਖਦੇ ਹਨ। ਬਾਸਰਕੇ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਸਮਾਂ ਸਤੰਬਰ 2016 'ਚ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਅਨੁਸਾਰ ਪੰਜਾਬ ਨੂੰ ਸਦਾ ਲਈ ਨਸ਼ਾ ਮੁਕਤ ਬਣਾਉਣਾ ਹੈ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ।
ਇਸ ਮੌਕੇ ਅਸ਼ੋਕ ਸ਼ਰਮਾ, ਜੋਗਿੰਦਰ ਸਿੰਘ ਚੱਕ ਮੁਕੰਦ, ਜੋਧ ਸਿੰਘ ਕੱਲੇਵਾਲ, ਮੁਖਤਾਰ ਸਿੰਘ ਸੀਂਹ, ਸੁਖਦੇਵ ਸਿੰਘ ਸੁਖ ਬੋਪਾਰਾਏ, ਕੁਲਵੰਤ ਸਿੰਘ ਕੱਤੀ, ਅਮਰੀਕ ਸਿੰਘ ਗਿੱਲ, ਕਰਮਜੀਤ ਸਿੰਘ ਬਾਸਰਕੇ, ਸੰਦੀਪ ਕੁਮਾਰ ਸ਼ਰਮਾ, ਲਲਿਤ ਆਹਲੂਵਾਲੀਆ, ਜਗਨਦੀਪ ਸਿੰਘ ਸੀਂਹ, ਅਰਜਨ ਸਿੰਘ ਰੂਬੀ, ਗਗਨਦੀਪ ਸਿੰਘ ਕੱਲੇਵਾਲ ਆਦਿ ਹਾਜ਼ਰ ਸਨ।


Related News