ਸ਼ਿਵ ਸੈਨਾ ਨੇਤਾਵਾਂ ਦੀ ਝੜਪ ਦਾ ਮਾਮਲਾ ਭਖਿਆ
Sunday, Mar 25, 2018 - 01:06 AM (IST)

ਗੁਰਦਾਸਪੁਰ, (ਦੀਪਕ)- ਬੀਤੇ ਦਿਨ ਸ਼ਿਵ ਸੈਨਾ ਪੰਜਾਬ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਨੇਤਾਵਾਂ ਵਿਚ ਥਾਣਾ ਸਿਟੀ ਵਿਚ ਹੋਈ ਝੜਪ ਦਾ ਮਾਮਲਾ ਗਰਮਾ ਗਿਆ ਹੈ। ਅੱਜ ਇਸ ਮਾਮਲੇ ਸਬੰਧੀ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਲੋਨੀ ਵਿਸ਼ੇਸ਼ ਤੌਰ 'ਤੇ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਜਿਨ੍ਹਾਂ ਨੇ ਅੱਜ ਗੁਰਦਾਸਪੁਰ ਕਾਹਨੂੰਵਾਨ ਰੋਡ 'ਤੇ ਸਥਿਤ ਕਲਸੀ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ (ਪੀਚੀ) 'ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਮੁੱਖ ਹਰਵਿੰਦਰ ਸੋਨੀ ਵੱਲੋਂ ਰਿਸ਼ਵਤ ਲੈ ਕੇ ਪ੍ਰਵਾਸੀ ਦੀ ਦੁਕਾਨ ਖੁੱਲ੍ਹਵਾਉਣ ਦੇ ਜੋ ਦੋਸ਼ ਲਾਏ ਗਏ ਹਨ, ਉਹ ਬੇਬੁਨਿਆਦ ਅਤੇ ਝੂਠੇ ਹਨ, ਜਿਸ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸੋਨੀ ਧਰਮ ਦੇ ਨਾਂ 'ਤੇ ਰਾਜਨੀਤੀ ਕਰ ਰਿਹਾ ਹੈ ਜਦਕਿ ਸ਼ਿਵ ਸੈਨਾ ਪੰਜਾਬ ਧਰਮ ਦੀ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੀ ਹੈ।
ਸੰਜੀਵ ਘਲੋਨੀ ਨੇ ਅੱਗੇ ਕਿਹਾ ਕਿ ਜੇਕਰ ਹਰਵਿੰਦਰ ਸੋਨੀ ਸਾਡੇ ਜ਼ਿਲਾ ਪ੍ਰਧਾਨ ਪ੍ਰਦੀਪ ਪੀਚੀ ਉਪਰ ਲਾਏ ਦੋਸ਼ ਨੂੰ ਸਾਬਤ ਕਰ ਦੇਵੇ ਤਾਂ ਉਹ ਖੁਦ ਪੀਚੀ ਨੂੰ ਪਾਰਟੀ 'ਚੋਂ ਬਰਖ਼ਾਸਤ ਕਰ ਕੇ ਪ੍ਰਸ਼ਾਸਨ ਤੋਂ ਸਜ਼ਾ ਦਿਵਾਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਸਿੱਖ ਧਰਮ ਦੇ ਗੁਰੂਆਂ ਦੇ ਪੋਸਟਰਾਂ ਦੀ ਬੇਅਦਬੀ ਕੀਤੀ ਸੀ, ਉਨ੍ਹਾਂ ਨੂੰ ਤਾਂ ਪਹਿਲਾਂ ਹੀ ਸਜ਼ਾ ਮਿਲ ਚੁੱਕੀ ਹੈ ਕਿਉਂਕਿ ਉਨ੍ਹਾਂ ਖਿਲਾਫ ਥਾਣਾ ਸਿਟੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਖੋਲ੍ਹਣ ਜਾਂ ਬੰਦ ਕਰਨ ਦੀ ਅਸੀਂ ਰਾਜਨੀਤੀ ਨਹੀਂ ਕਰਦੇ ਜਦਕਿ ਸਾਡੀ ਪਾਰਟੀ ਇਨਸਾਫ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕੁਝ ਕੁ ਸ਼ਿਵ ਸੈਨਿਕ ਨੇਤਾ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਇਸ ਨੂੰ ਮੁੱਦਾ ਬਣਾ ਰਹੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨਾਲ ਬੇਇਨਸਾਫੀ ਨਾ ਹੋਵੇ ਅਤੇ ਨਾ ਹੀ ਇਸ ਮੁੱਦੇ 'ਤੇ ਕਿਸੇ ਨਾਲ ਧੱਕਾ ਕੀਤਾ ਜਾਵੇ।
ਅੰਤ 'ਚ ਉਨ੍ਹਾਂ ਵੱਲੋਂ ਜ਼ਿਲਾ ਪ੍ਰਧਾਨ ਪ੍ਰਦੀਪ ਪੀਚੀ ਨੂੰ ਪਦਉੁੱਨਤ ਕਰਦੇ ਹੋਏ ਪੰਜਾਬ ਸੰਗਠਨ ਮੰਤਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜੀਵ ਟੰਡਨ ਰਾਸ਼ਟਰੀ ਚੇਅਰਮੈਨ, ਪੰਜਾਬ ਯੁਵਾ ਪ੍ਰਧਾਨ ਰੋਹਿਤ ਮਹਾਜਨ, ਨਰੋਤਮ ਮਿਨਹਾਸ ਸਟੇਟ ਵਾਈਸ ਪ੍ਰਧਾਨ, ਅਸ਼ਵਨੀ ਚੋਪੜਾ ਜ਼ਿਲਾ ਪ੍ਰਧਾਨ ਰੋਪੜ, ਸੰਜੀਵ ਸ਼ਰਮਾ ਜ਼ਿਲਾ ਪ੍ਰਧਾਨ ਪਠਾਨਕੋਟ, ਰਾਮ ਲਾਲ ਸੀਨੀਅਰ ਵਾਈਸ ਪ੍ਰਧਾਨ ਗੁਰਦਾਸਪੁਰ, ਭੂਸ਼ਣ ਕੁਮਾਰ ਜ਼ਿਲਾ ਵਾਈਸ ਪ੍ਰਧਾਨ, ਰਣਦੀਪ ਸ਼ਰਮਾ ਸੀਨੀਅਰ ਨੇਤਾ, ਮਨਜੀਤ ਸਿੰਘ ਚੇਅਰਮੈਨ ਗੁਰਦਾਸਪੁਰ ਅਤੇ ਹੋਰ ਵੱਡੀ ਗਿਣਤੀ ਵਿਚ ਸ਼ਿਵ ਸੈਨਿਕ ਹਾਜ਼ਰ ਸਨ।