ਮੀਂਹ ਦਾ ਕਹਿਰ : ਪਾਣੀ ਉਤਰਿਆ, ਖੇਤ ਦਿਸੇ, ਫ਼ਸਲਾਂ ਗਇਬ

Friday, Jul 14, 2023 - 04:25 PM (IST)

ਮੀਂਹ ਦਾ ਕਹਿਰ : ਪਾਣੀ ਉਤਰਿਆ, ਖੇਤ ਦਿਸੇ, ਫ਼ਸਲਾਂ ਗਇਬ

ਡੇਰਾਬੱਸੀ (ਅਨਿਲ) : ਘੱਗਰ ਅਤੇ ਨਦੀਆਂ ਦਾ ਪਾਣੀ ਉਤਰਨ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਖੇਤ ਤਾਂ ਨਜ਼ਰ ਆ ਰਹੇ ਹਨ ਪਰ ਖੇਤਾਂ ’ਚ ਖੜ੍ਹੀਆਂ ਫਸਲਾਂ ਕੀਤੇ ਦਿਖਾਈ ਨਹੀਂ ਦੇ ਰਹੀਆਂ। ਕਈ ਥਾਵਾਂ ’ਤੇ ਪਾਣੀ ਦਾ ਤੇਜ਼ ਵਹਾਅ ਫਸਲਾਂ ਨੂੰ ਰੋੜ ਕੇ ਲੈ ਗਿਆ ਅਤੇ ਕਿਤੇ ਦਰਿਆ ਦੇ ਪਾਣੀ ਨਾਲ ਖੇਤਾਂ ’ਚ ਵਿਛੀ ਗਾਰ ਦੀ ਪਰਤ ਹੇਠ ਫਸਲਾਂ ਦੱਬ ਕੇ ਰਹਿ ਗਈਆਂ। ਇਹ ਸਾਰਾ ਕਹਿਰ ਘੱਗਰ ਨੇੜਲੇ ਵਸਦੇ ਪਿੰਡ ਇਬਰਾਹਿਮਪੁਰ, ਪਰਾਗਪੁਰ, ਬੋਹੜਾ, ਬੋਹੜੀ ਅਤੇ ਭਾਂਖਰਪੁਰ ਦੇ ਕਿਸਾਨਾਂ ਨਾਲ ਵਾਪਰਿਆ, ਜਿਨ੍ਹਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਹਰਾ ਚਾਰਾ ਅਤੇ ਮੱਕੀ ਦੀ ਫਸਲ ਵੀ ਖਰਾਬ ਹੋ ਗਈ, ਜਿਸ ਕਾਰਨ ਪੀੜਤ ਕਿਸਾਨਾਂ ਅਤੇ ਕਿਸਾਨ ਜਥੇਬੰਦੀ ਲੱਖੋਵਾਲ ਨੇ ਸੂਬਾ ਸਰਕਾਰ ਸਮੇਤ ਕੇਂਦਰ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਕਰਮ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਕਿ ਘੱਗਰ ਦੇ ਪਾਣੀ ਦੀ ਮਾਰ ਕਾਰਨ ਉਪਰੋਕਤ ਪਿੰਡਾਂ ਸਮੇਤ ਘੱਗਰ ਦੇ ਨਾਲ ਲੱਗਦੇ 35 ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਸਮੇਤ ਹੋਰ ਫਸਲਾਂ ਤੇ ਸਬਜ਼ੀਆਂ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਝੋਨੇ ਦੀ ਫਸਲ ’ਤੇ ਹੁਣ ਤਕ ਪ੍ਰਤੀ ਏਕੜ 10 ਤੋਂ 12 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਮਦਦ, 14 ਕਿਸ਼ਤੀਆਂ ਨੇ 24 ਘੰਟੇ ਫਸੇ ਲੋਕਾਂ ਨੂੰ ਕੱਢਿਆ

ਦੁਬਾਰਾ ਫਸਲ ਬੀਜਣ ਲਈ ਨਾ ਪਨੀਰੀ, ਨਾ ਹੀ ਇਕਸਾਰ ਖੇਤ
ਉਨ੍ਹਾਂ ਦੱਸਿਆ ਕਿ ਤਬਾਹ ਹੋਈ ਫਸਲ ਨੂੰ ਦੁਬਾਰਾ ਲਾਉਣ ਲਈ ਨਾ ਤਾਂ ਕਿਸਾਨਾਂ ਕੋਲ ਪਨੀਰੀ ਹੈ ਅਤੇ ਨਾ ਹੀ ਪਾਣੀ ਦੀ ਮਾਰ ਕਾਰਨ ਉੱਜੜ ਚੁੱਕੇ ਖੇਤ ਇਕਸਾਰ ਹਨ। ਉਨ੍ਹਾਂ ਕਿਹਾ ਕਿ ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜਣ ਲਈ ਵੀ ਕਿਸਾਨਾਂ ਨੂੰ ਪਹਿਲਾਂ ਖੇਤ ਬਰਾਬਰ ਕਰਨੇ ਪੈਣਗੇ, ਜਿਸ ’ਤੇ ਘੱਟੋ-ਘੱਟ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਵੇਗਾ। ਇਸ ਤੋਂ ਬਾਅਦ ਬਦਲਵੀਂ ਫਸਲ ਲਾਉਣ ਲਈ ਖਰਚੇ ਦਾ ਬੋਝ ਵੱਖਰਾ ਪਵੇਗਾ। ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤ ਅਤੇ ਪਾਣੀ ਦੀ ਮਾਰ ਕਾਰਨ ਤਬਾਹ ਹੋਈਆਂ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ।

ਇਹ ਵੀ ਪੜ੍ਹੋ : 18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News