ਸ਼ੈਸਲ ਦੇ ਹਾਈ ਕਮਿਸ਼ਨਰ ਵੱਲੋਂ ਆਪਣਾ ਵਪਾਰਕ ਦਫਤਰ ਪੰਜਾਬ ''ਚ ਤਬਦੀਲ ਕਰਨ ਦਾ ਐਲਾਨ
Friday, Feb 09, 2018 - 06:58 AM (IST)

ਅੰਮ੍ਰਿਤਸਰ (ਵਾਲੀਆ) - ਅੱਜ ਪੰਜਾਬ ਦੌਰੇ 'ਤੇ ਅੰਮ੍ਰਿਤਸਰ ਪੁੱਜੇ ਪੂਰਬੀ ਅਫਰੀਕਾ ਦੇ ਦੇਸ਼ ਸ਼ੈਸਲ ਦੇ ਹਾਈ ਕਮਿਸ਼ਨਰ ਫਿਲਿਪ ਲੀ ਗਾਲ ਨੇ ਪੰਜਾਬ ਨਾਲ ਵਪਾਰਕ ਤੇ ਕਾਰੋਬਾਰੀ ਰਿਸ਼ਤੇ ਵਧਾਉਣ ਦੀ ਇੱਛਾ ਨਾਲ ਆਪਣੇ ਦੇਸ਼ ਦਾ ਵਪਾਰਕ ਦਫਤਰ ਦਿੱਲੀ ਤੋਂ ਚੰਡੀਗੜ੍ਹ ਤਬਦੀਲ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬੀ ਉਥੇ ਘੁੰਮਣ-ਫਿਰਨ ਦੇ ਨਾਲ-ਨਾਲ ਕਾਰੋਬਾਰ ਲਈ ਆਉਣ ਅਤੇ ਉਥੋਂ ਦੀ ਆਰਥਿਕਤਾ ਨੂੰ ਮੋਢਾ ਦੇਣ। ਅੰਮ੍ਰਿਤਸਰ ਸਰਕਟ ਹਾਊਸ ਵਿਖੇ ਪ੍ਰੈੱਸ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਫਿਲਿਪ ਨੇ ਕਿਹਾ ਕਿ ਭਾਰਤ ਦੀ ਸੇਵਾ ਦੌਰਾਨ ਉਨ੍ਹਾਂ ਦੀ ਪੰਜਾਬ ਘੁੰਮਣ ਦੀ ਚਿਰੋਕਣੀ ਇੱਛਾ ਸੀ, ਜੋ ਅੱਜ ਪੂਰੀ ਹੋਈ ਹੈ।
ਉਨ੍ਹਾਂ ਪੰਜਾਬ ਦੀ ਮਹਿਮਾਨ-ਨਿਵਾਜ਼ੀ ਦੀ ਦਿਲੋਂ ਤਾਰੀਫ ਕਰਦਿਆਂ ਕਿਹਾ ਕਿ ਪੰਜਾਬੀਆਂ ਵੱਲੋਂ ਜੋਸ਼ ਨਾਲ ਕੀਤੀ ਆਓ-ਭਗਤ ਉਨ੍ਹਾਂ ਨੂੰ ਸਦਾ ਯਾਦ ਰਹੇਗੀ। ਉਨ੍ਹਾਂ ਦੱਸਿਆ ਕਿ ਉਹ ਇਕ ਲੇਖਕ ਵਜੋਂ ਆਪਣੀ ਭਾਰਤ ਸੇਵਾ ਬਾਰੇ ਇਕ ਕਿਤਾਬ ਲਿਖ ਰਹੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਬਿਨਾਂ ਇਹ ਕਿਤਾਬ ਪੂਰੀ ਹੋਣੀ ਵੀ ਅਸੰਭਵ ਸੀ, ਇਸ ਲਈ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸ਼ੈਸਲ ਇਕ ਛੋਟਾ ਦੇਸ਼ ਹੈ ਅਤੇ ਉਥੋਂ ਦੀ ਆਬਾਦੀ ਸਿਰਫ 95 ਹਜ਼ਾਰ ਹੈ। ਉਥੇ ਦੁਨੀਆ ਭਰ ਤੋਂ ਸੈਲਾਨੀ ਘੁੰਮਣ ਆਉਂਦੇ ਹਨ, ਜਿਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਪੰਜਾਬੀਆਂ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਉਥੇ ਘੁੰਮਣ-ਫਿਰਨ ਦੇ ਨਾਲ-ਨਾਲ ਕਾਰੋਬਾਰ ਅਤੇ ਖੇਤੀ ਖੇਤਰ 'ਚ ਵੀ ਕੰਮ ਕਰਨ। ਉਨ੍ਹਾਂ ਦੱਸਿਆ ਕਿ ਉਹ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਪੰਜਾਬ ਨਾਲ ਆਪਣੀ ਸਾਂਝ ਨੂੰ ਹੋਰ ਪਕੇਰਾ ਕਰਨਗੇ ਤੇ ਸਹਿਯੋਗ ਲੈਣਗੇ। ਫਿਲਿਪ ਨੇ ਅੱਜ ਪ੍ਰੈੱਸ ਮਿਲਣੀ ਮਗਰੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਵੀ ਕੀਤੇ।