ਅੱਤਵਾਦੀ ਪੰਨੂ ਨੇ ਨਵਜੋਤ ਸਿੱਧੂ ਅਤੇ ਪੰਜਾਬ ਦੇ ਨਵੇਂ ਡੀ. ਜੀ. ਪੀ. ਨੂੰ ਦਿੱਤੀ ਧਮਕੀ
Sunday, Dec 19, 2021 - 06:21 PM (IST)
ਜਲੰਧਰ (ਨੈਸ਼ਨਲ ਡੈਸਕ) : ਪੰਜਾਬ ਵਿਚ ਚੋਣ ਦੇ ਮਾਹੌਲ ਵਿਚ ਜਿੱਥੇ ਡੀ. ਜੀ. ਪੀ. ਦੀ ਨਿਯੁਕਤੀ ਸਬੰਧੀ ਲੰਬੇ ਸਮੇਂ ਤੱਕ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਖਿੱਚ-ਧੂਹ ਦਾ ਮਾਹੌਲ ਰਿਹਾ ਉਥੇ ਹੁਣ ਪੰਜਾਬ ਵਿਚ ਭਾਰਤੀ ਪੁਲਸ ਸੇਵਾ ਦੇ ਸੀਨੀਅਰ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਹਟਾ ਕੇ ਸਿਧਾਰਥ ਚੱਟੋਪਾਧਿਆਏ ਨੂੰ ਸੂਬੇ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤੀ ਸਬੰਧੀ ਖਾਸਾ ਹੰਗਾਮਾ ਮਚ ਗਿਆ ਹੈ। ਇਥੇ ਖਾਸ ਗੱਲ ਇਹ ਹੈ ਕਿ ਇਸ ਵਾਰ ਹੰਗਾਮਾ ਵਿਰੋਧੀ ਸਿਆਸੀ ਪਾਰਟੀਆਂ ਨੇ ਹੀ ਨਹੀਂ ਮਚਾਇਆ ਹੈ, ਇਸ ਸਾਰੇ ਵਿਵਾਦ ਵਿਚ ਭਾਰਤ ਵਿਚ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਸੰਗਠਨ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਕੁੱਦ ਗਏ ਹਨ। ਪੰਨੂ ਦਾ ਇਕ ਕਥਿਤ ਤੌਰ ’ਤੇ ਆਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਸਨੇ ਕਾਰਜਵਾਹਕ ਡੀ. ਜੀ. ਪੀ. ਚੱਟੋਪਾਧਿਆਏ ਅਤੇ ਸਿੱਧੂ ਨੂੰ ਜਾਨੋਂ ਮਾਰਨ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਵਾਇਰਸ ਹੋਏ ਵੀਡੀਓ ਦੀ ‘ਜਗ ਬਾਣੀ’ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਘਟਨਾ ਦੇ ਮਾਮਲੇ ’ਚ ਐੱਫ. ਆਈ.ਆਰ. ਦਰਜ
ਕੀ ਕਿਹਾ ਗਿਐ ਆਡੀਓ ਵਿਚ
ਆਡੀਓ ਵਿਚ ਕਥਿਤ ਤੌਰ ’ਤੇ ਪੰਨੂ ਡੀ. ਜੀ. ਪੀ. ਚੱਟੋਪਾਧਿਆਏ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਖ ਰਿਹਾ ਹੈ ਕਿ ਤੂੰ ਤਿਰੰਗੇ ਨਾਲ ਵਫਾਦਾਰੀ ਕਰ ਕੇ ਸਿੱਖ ਕੌਮ ਦੇ ਨੌਜਵਾਨਾਂ ਦਾ ਖ਼ਾਤਮਾ ਕਰਨ ਵਾਲੇ ਅਫਸਰ ਚੱਟੋਪਾਧਿਆਏ ਨੂੰ ਡੀ. ਜੀ. ਪੀ. ਲਗਵਾਇਆ ਹੈ। ਤਿਰੰਗੇ ਨਾਲ ਵਫਾਦਾਰੀ ਕਰਨ ਵਾਲਿਆਂ ਦੀਆਂ ਲਾਸ਼ਾਂ ਤਿਰੰਗੇ ਵਿਚ ਲਪੇਟੀਆਂ ਜਾਂਦੀਆਂ ਹਨ। ਇਤਿਹਾਸ ਦੇਖਦਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਲਾਸ਼ ਇਸੇ ਤਿਰੰਗੇ ਵਿਚ ਗਈ ਸੀ। ਅੱਗੇ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਤੂੰ ਸਿੱਖ ਕੌਮ ਨਾਲ ਦੁਸ਼ਮਣੀ ਮੁੱਲ ਲਈ ਹੈ। ਤੇਨੂੰ ਪੰਜਾਬ ਵਿਚ ਪਾਕਿਸਤਾਨ ਦੇ ਜਨਰਲ ਬਾਜਵਾ ਅਤੇ ਇਮਰਾਨ ਨੇ ਨਹੀਂ ਬਚਾਉਣਾ ਹੈ। ਸ਼ਹੀਦ ਦਿਲਾਵਰ ਦੇ ਕਦਮਾਂ ’ਤੇ ਚੱਲਣ ਵਾਲੇ ਤੇਰੇ ਨੇੜੇ-ਤੜੇ ਘੁੰਮਦੇ ਹਨ। ਤੇਰਾ ਖਾਤਮਾ ਜਲਦੀ ਹੋਵੇਗਾ।’’
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਾਪਰੀ ਘਟਨਾ ਸੰਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਖ਼ੁਲਾਸਾ
ਹਿਮਾਚਲ ਵਿਚ ਵੀ ਦਰਜ ਹੈ ਪੰਨੂ ਖ਼ਿਲਾਫ਼ ਮਾਮਲਾ
ਅਜਿਹਾ ਪਹਿਲੀ ਵਾਰ ਨਹੀਂ ਜਦੋਂ ਇਸ ਤਰ੍ਹਾਂ ਦਾ ਆਡੀਓ ਜਾਰੀ ਹੋਇਆ ਹੋਵੇ, ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ 15 ਅਗਸਤ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਣਗੇ। ਇਸ ਸੰਗਠਨ ’ਤੇ ਭਾਰਤ ਵਿਚ ਦੇਸ਼ ਵਿਰੋਧੀ ਸਰਗਰਮੀਆਂ ਚਲਾਉਣ ਦੇ ਦੋਸ਼ ਵਿਚ 10 ਜੁਲਾਈ, 2019 ਤੋਂ ਪਾਬੰਦੀ ਲੱਗੀ ਹੋਈ ਹੈ। ਦੋਸ਼ੀ ਨੇ ਸ਼ਿਮਲਾ ਦੇ ਪੱਤਰਕਾਰਾਂ ਤੇ ਹਿਮਾਚਲ ਦੇ ਕਈ ਨਾਗਰਿਕਾਂ ਨੂੰ ਧਮਕੀ ਭਰੇ ਆਡੀਓ ਸੰਦੇਸ਼ ਭੇਜੇ ਸਨ। ਜਿਸ ਵਿਚ ਕਿਹਾ ਗਿਆ ਸੀ ਕਿ ਐੱਸ. ਐੱਫ. ਜੇ. ਮੁੱਖ ਮੰਤਰੀ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਵੇਗਾ। ਇਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਤੋਂ ਬਾਅਦ ਹਿਮਾਚਲ ਵਿਚ ਵੀ ਕਬਜ਼ਾ ਕਰਨਗੇ, ਕਿਉਂਕਿ ਹਿਮਾਚਲ ਦਾ ਕੁਝ ਖੇਤਰ ਪੰਜਾਬ ਦਾ ਹਿੱਸਾ ਸੀ। ਐੱਸ. ਐੱਫ. ਜੇ. ਦੇ ਕਰਤਾ-ਧਰਤਾ ਗੁਰਪਤਵੰਤ ਸਿੰਘ ਪੰਨੂ ਦੇ ਖ਼ਿਲਾਫ਼ ਸ਼ਿਮਲਾ ਦੇ ਸਾਈਬਰ ਥਾਣੇ ਵਿਚ ਰਾਜਦ੍ਰੋਹ (ਸੇਡੀਸ਼ਨ ਅਗੇਂਸਟ ਸਟੇਟ) ਦਾ ਮਾਮਲਾ ਦਰਜ ਹੈ। ਇਸ ਵਿਚ ਆਈ. ਟੀ. ਐਕਟ ਸਮੇਤ ਕਈ ਹੋਰ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲੇ ’ਚ ਐੱਸ. ਆਈ. ਟੀ. ਗਠਿਤ, ਦੋ ਦਿਨਾਂ ਦਾ ਦਿੱਤਾ ਸਮਾਂ
ਬੀਤੇ ਸਾਲ ਮੋਹਾਲੀ ਕੋਰਟ ਵਿਚ ਦਾਇਰ ਹੋਈ ਚਾਰਜਸ਼ੀਟ
ਕੇਂਦਰੀ ਜਾਂਚ ਏਜੰਸੀ ਐੱਨ. ਆਈ. ਨੇ ਬੀਤੇ ਸਾਲ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਦੇ ਮਾਮਲੇ ਗੁਰਪਤਵੰਤ ਸਿੰਘ ਪੰਨੂ ਸਮੇਤ 10 ਖਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਇਹ ਚਾਰਜਸ਼ੀਟ ਦਾਇਰ ਕੀਤੀ ਸੀ। ਐੱਨ. ਆਈ. ਏ. ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਸਮੇਤ 10 ਦੋਸ਼ੀਆਂ ਦੇ ਖ਼ਿਲਾਫ਼ ਇੰਡੀਅਨ ਪੈਨਲ ਕੋਡ 120ਬੀ, 124ਏ ਤੇ ਯੂ. ਏ. (ਪੀ) ਐਕਟ 1967 ਦੀ ਧਾਰਾ 13, 16, 17, 19 ਤੇ 20 ਦੇ ਦਰਜ ਮਾਮਲੇ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ।
ਇਹ ਵੀ ਪੜ੍ਹੋ : ਸਿੱਟ ਦਾ ਵੱਡਾ ਦਾਅਵਾ : ਡੇਰਾ ਸਿਰਸਾ ਦੇ ਪ੍ਰਬੰਧਕੀ ਬਲਾਕ ’ਚ ਹੀ ਰਚੀ ਗਈ ਬੇਅਦਬੀ ਦੀ ਸਾਜ਼ਿਸ਼
ਇਹ ਮਾਮਲਾ ਸਾਲ 2017-18 ਦੌਰਾਨ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਸਮੇਤ ਹਿੰਸਾ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਐੱਸ. ਐੱਫ. ਜੇ. ਤੇ ਰੈਫਰੈਂਡਮ-2020 ਦਾ ਆਨਲਾਈਨ ਮਾਧਿਅਮ ਤੋਂ ਪ੍ਰਚਾਰ ਕਰ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਭੜਕਾਇਆ ਗਿਆ। ਇਹ ਹਿੰਸਕ ਘਟਨਾਵਾਂ ਵਿਦੇਸ਼ ਵਿਚ ਬੈਠੇ ਐੱਸ. ਐੱਫ. ਜੇ. ਦੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕਰਵਾਈ ਗਈ ਸੀ। ਐੱਨ. ਆਈ. ਏ. ਨੇ ਜਿਨ੍ਹਾਂ 10 ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ ਉਨ੍ਹਾਂ ਵਿਚ ਗੁਰਪਤਵੰਤ ਸਿੰਘ ਪੰਨੂ (ਨਿਵਾਸੀ ਨਿਊਯਾਰਕ, ਯੂ. ਐੱਸ. ਏ.), ਪਰਗਟ ਸਿੰਘ, ਸੁਖਰਾਜ ਸਿੰਘ ਉਰਫ ਰਾਜੂ, ਬਿਕਰਮਜੀਤ ਸਿੰਘ ਉਰਫ ਵਿੱਕੀ, ਮਨਜੀਤ ਸਿੰਘ ਉਰਫ ਮੰਗਾ, ਜਤਿੰਦਰ ਸਿੰਘ ਉਰਫ ਗੋਲਡੀ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਹਰਪ੍ਰੀਤ ਸਿੰਘ ਉਰਫ ਹੈੱਪੀ, ਕੁਲਦੀਪ ਸਿੰਘ ਉਰਫ ਕੀਪਾਂਡ ਅਤੇ ਹਰਮੀਤ ਸਿੰਘ ਉਰਫ ਰਾਜੂ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਦੋਸ਼ਾਂ ਤੋਂ ਬਾਅਦ ਸੁੱਖੀ ਰੰਧਾਵਾ ਦਾ ਜਵਾਬ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?