''ਆਰਜ਼ੀ ਸਰਕਾਰ'' ਦੇ ਕਹੇ ''ਤੇ ਕੋਈ ਗਲਤ ਕੰਮ ਨਾ ਕਰ ਬੈਠਣ ਅਫ਼ਸਰ : ਸੁਖਬੀਰ

Thursday, Sep 06, 2018 - 08:44 AM (IST)

''ਆਰਜ਼ੀ ਸਰਕਾਰ'' ਦੇ ਕਹੇ ''ਤੇ ਕੋਈ ਗਲਤ ਕੰਮ ਨਾ ਕਰ ਬੈਠਣ ਅਫ਼ਸਰ : ਸੁਖਬੀਰ

ਫ਼ਰੀਦਕੋਟ/ਸ੍ਰੀ  ਮੁਕਤਸਰ  ਸਾਹਿਬ, (ਹਾਲੀ, ਪਵਨ, ਖੁਰਾਣਾ)— ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਕਿ ਉਹ 3 ਸਾਲਾਂ ਦੀ ਬਾਕੀ ਰਹਿ ਗਈ 'ਆਰਜ਼ੀ ਸਰਕਾਰ' ਦੇ ਆਖੇ ਲੱਗ ਕੇ ਕੋਈ ਗਲਤ ਕੰਮ ਨਾ ਕਰ ਬੈਠਣ। ਜੇਕਰ ਅਜਿਹਾ ਹੋਇਆ ਤਾਂ ਅਕਾਲੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹ ਬੀਤੇ ਦਿਨ ਫ਼ਰੀਦਕੋਟ ਵਿਖੇ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਰੱਖੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅਕਾਲੀ ਦਲ ਵੱਲੋਂ 15 ਸਤੰਬਰ ਨੂੰ ਫ਼ਰੀਦਕੋਟ ਵਿਖੇ 'ਪੋਲ ਖੋਲ੍ਹ' ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਵਜੋਂ ਅੱਜ ਇਹ ਰੈਲੀ ਕੀਤੀ ਗਈ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਬਰਗਾੜੀ ਵਿਖੇ ਜਿਹੜੇ ਆਗੂ ਇਨਸਾਫ਼ ਮੋਰਚੇ ਦੇ ਨਾਂ 'ਤੇ ਧਰਨਾ ਦੇ ਰਹੇ ਹਨ, ਉਨ੍ਹਾਂ ਨਾਲ ਵੀ ਅਕਾਲੀ ਸਰਕਾਰ ਆਉਣ 'ਤੇ ਸਿੱਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਅਗਵਾਈ 'ਚ ਬੈਠੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ 'ਤੇ ਜਦੋਂ ਅਕਾਲੀ ਸਰਕਾਰ ਸਮੇਂ ਪਰਚੇ ਦਰਜ ਕੀਤੇ ਗਏ ਸਨ ਤਾਂ ਉਸ ਵੇਲੇ ਇਸ ਦੀ ਹਾਲਤ ਦੇਖਣ ਵਾਲੀ ਸੀ। ਬਾਕੀ ਆਗੂਆਂ ਦੀ ਸਥਿਤੀ ਵੀ, ਜੋ ਉਸ ਵੇਲੇ ਅਕਾਲੀ ਸਰਕਾਰ ਨੇ ਕੀਤੀ ਸੀ, ਉਹ ਸਰਕਾਰ ਬਦਲਣ 'ਤੇ ਉਸੇ ਰੰਜਿਸ਼ ਤਹਿਤ ਧਰਨੇ 'ਤੇ ਬੈਠੇ ਹਨ ਅਤੇ ਕਾਂਗਰਸ ਦੀ ਸਰਕਾਰ ਉਨ੍ਹਾਂ ਨੂੰ ਸ਼ਹਿ ਦੇ ਰਹੀ ਹੈ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਅਤੇ ਹਲਕੇ ਦੇ ਸੇਵਾਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ, ਜਥੇਦਾਰ ਤੋਤਾ ਸਿੰਘ ਅਤੇ ਰੋਜ਼ੀ ਬਰਕੰਦੀ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਕਿਤੇ ਵੀ ਅਕਾਲੀ ਆਗੂਆਂ ਦਾ ਨਾਂ ਨਹੀਂ ਲਿਖਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਉਨ੍ਹਾਂ ਨੂੰ ਵੀ ਅਫ਼ਸੋਸ ਹੈ ਪਰ ਕਾਂਗਰਸ ਇਸ ਨੂੰ ਇਕ ਸਾਜ਼ਿਸ਼ ਤਹਿਤ ਵਰਤ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਰਿਪੋਰਟ ਦਾ ਹਵਾਲਾ ਦੇ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ।

ਇਸ ਸਮੇਂ ਸ਼ੇਰ ਸਿੰਘ ਮੰਡਵਾਲਾ, ਲਖਵੀਰ ਸਿੰਘ ਅਰਾਈਆਂਵਾਲਾ, ਗੁਰਿੰਦਰ ਕੌਰ ਭੋਲੂਵਾਲਾ, ਗੁਰਤੇਜ ਸਿੰਘ ਗਿੱਲ, ਤੀਰਥ ਸਿੰਘ ਮਾਹਲਾ, ਭੁਪਿੰਦਰ ਸਿੰਘ ਸਾਹੋਕੇ, ਨਵਦੀਪ ਸਿੰਘ ਬੱਬੂ ਬਰਾੜ, ਜਗਤਾਰ ਸਿੰਘ ਅਰਾਈਆਂਵਾਲਾ, ਗੁਰਕੰਵਲ ਸਿੰਘ, ਸਤੀਸ਼ ਗਰੋਵਰ, ਵਿਜੈ ਛਾਬੜਾ, ਆਸ਼ੂ ਅਗਰਵਾਲ, ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੰਧੂ, ਗੁਰਬਖਸ਼ ਸਿੰਘ ਧੂੜਕੋਟ, ਅਵਤਾਰ ਸਿੰਘ ਖੋਸਾ, ਬੀਬੀ ਅਮਰਜੀਤ ਕੌਰ, ਗੁਰਚੇਤ ਸਿੰਘ ਢਿੱਲੋਂ, ਕੁਲਤਾਰ ਸਿੰਘ ਬਰਾੜ, ਬਬਰੀਕ ਸਿੰਘ ਬੀਕਾ ਰੋਮਾਣਾ, ਸੂਬਾ ਸਿੰਘ ਬਾਦਲ, ਸੁਖਵਿੰਦਰ ਸਿੰਘ ਕੋਟ ਸੁਖੀਆ, ਹਰਚਰਨ ਸਿੰਘ ਸੰਧੂ, ਸੁਖਜਿੰਦਰ ਸਿੰਘ ਕਾਕਾ ਆਦਿ ਮੌਜੂਦ ਸਨ।

ਇਸੇ ਦੌਰਾਨ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਵਿਖੇ ਕਿਹਾ ਕਿ ''ਕੈਪਟਨ ਆਈ. ਐੱਸ. ਆਈ. ਦੇ ਨਾਂ 'ਤੇ ਪੰਜਾਬ ਵਿਚ ਅੱਗ ਲਾ ਰਿਹਾ ਹੈ, ਜੋ ਬਾਅਦ ਵਿਚ ਇਹ ਬੁਝਾ ਨਹੀਂ ਸਕੇਗਾ। ਉਹ ਜਥੇਦਾਰ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਜਿਹੇ ਆਈ. ਐੱਸ. ਆਈ. ਏਜੰਟਾਂ ਨੂੰ ਅੱਗੇ ਕਰ ਰਿਹਾ ਹੈ, ਜੋ ਸੂਬੇ ਦਾ ਮਾਹੌਲ ਖਰਾਬ ਕਰਨ 'ਤੇ ਲੱਗੇ ਹੋਏ ਹਨ''। ਉਨ੍ਹਾਂ ਜਾਖੜ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਇਹ ਦੋ ਕੌੜੀ ਦਾ ਜਾਖੜ, ਜੋ ਮੈਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਹਲਕੇ ਵਿਚ ਆ ਕੇ ਦਿਖਾਓ। ਮੈਂ ਹੁਣ ਉਸ ਦੇ ਹਲਕੇ ਵਿਚ ਹੀ ਰੈਲੀ ਰੱਖੀ ਹੋਈ ਹੈ ਅਤੇ 9 ਸਤੰਬਰ ਨੂੰ ਉਨ੍ਹਾਂ ਨੂੰ ਦਿਖਾ ਦੇਵਾਂਗੇ ਕਿ ਅਕਾਲੀ ਦਲ ਕੀ ਚੀਜ਼ ਹੈ।


Related News