ਤਾਪਮਾਨ ਦੇ ਵਧਣ ਨਾਲ ਕੋਰੋਨਾ ਨੇ ਫੜ੍ਹੀ ਰਫ਼ਤਾਰ, ਸਿਹਤ ਵਿਭਾਗ ਚਿੰਤਤ

Monday, Mar 15, 2021 - 01:12 PM (IST)

ਤਾਪਮਾਨ ਦੇ ਵਧਣ ਨਾਲ ਕੋਰੋਨਾ ਨੇ ਫੜ੍ਹੀ ਰਫ਼ਤਾਰ, ਸਿਹਤ ਵਿਭਾਗ ਚਿੰਤਤ

ਬਠਿੰਡਾ (ਵਰਮਾ): ਲਗਭਗ ਇਕ ਸਾਲ ਤੋਂ ਕੋਰੋਨਾ ਆਪਣਾ ਰੂਪ ਦਿਖਾ ਰਿਹਾ ਹੈ, ਜਦਕਿ ਚਾਲੂ ਸਾਲ ਦੌਰਾਨ ਕੋਰੋਨਾ ਖ਼ਤਮ ਹੋਣ ਦੀ ਆਸ ਸੀ ਪਰ ਇਹ ਅਜੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮਾਰਚ ਮਹੀਨੇ ’ਚ 14 ਦਿਨਾਂ ’ਚ ਹੀ ਲਗਭਗ 400 ਤੋਂ ਵੱਧ ਮਰੀਜ਼ ਸਾਹਮਣੇ ਆਏ, ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਚਿੰਤਾ ’ਚ ਵਾਧਾ ਹੋ ਗਿਆ। ਮੌਸਮ ਬਦਲਣ ਦੇ ਨਾਲ ਹੀ ਤਾਪਮਾਨ ’ਚ ਗਰਮੀ ਹੋਣ ਲੱਗੀ, ਜਿਸ ਨਾਲ ਕੋਰੋਨਾ ਨੇ ਵੀ ਰਫਤਾਰ ਫੜ੍ਹ ਲਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਰੋਜ਼ਾਨਾ ਲਗਭਗ ਦੋ ਦਰਜਨ ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ। ਇੱਥੋਂ ਤਕ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਵਿਦਿਆਰਥੀਆਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਸਿਹਤ ਵਿਭਾਗ ਵਲੋਂ ਵੈਕਸੀਨ ਲਈ ਇਕ ਮੁਹਿੰਮ ਚਲਾਈ ਗਈ ਹੈ।ਆਲਮ ਇਹ ਹੈ ਕਿ ਮਾਰਚ ਮਹੀਨੇ ’ਚ ਇਕ ਥਾਣੇਦਾਰ ਸਮੇਤ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੌਰਾਨ ਜਨਵਰੀ ਅਤੇ ਫ਼ਰਵਰੀ ’ਚ ਮਰੀਜ਼ਾਂ ਦੀ ਗਿਣਤੀ 300 ਸੀ। ਜਿਸ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸ ਉਪਰ ਕਾਬੂ ਪਾਉਣਾ ਆਸਾਨ ਨਹੀਂ। ਮਾਰਚ ਦੇ ਪਹਿਲੇ ਦਿਨ ਹੀ 35 ਮਰੀਜ਼ ਸਾਹਮਣੇ ਆਏ ਸਨ, ਉਸ ਤੋਂ ਬਾਅਦ ਇਹ ਅੰਕੜਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ: ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

ਲੋਕ ਮਾਸਕ ਅਤੇ ਸਮਾਜਕ ਦੂਰੀ ਭੁੱਲੇ
ਭਾਵੇਂ ਮਰੀਜ਼ਾਂ ਦਾ ਅੰਕੜਾ ਵਧ ਰਿਹਾ ਹੈ ਪਰ ਲੋਕ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਨੂੰ ਭੁੱਲ ਗਏ ਅਤੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦਾ ਵੀ ਲੋਕਾਂ ’ਤੇ ਕੋਈ ਅਸਰ ਨਹੀਂ। ਸ਼ਹਿਰ ’ਚ ਰੋਜ਼ਾਨਾ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਬੱਸਾਂ ’ਚ ਭੀੜ ਆਮ ਦੇਖੀ ਜਾ ਰਹੀ ਹੈ। ਜਨਤਕ ਥਾਵਾਂ ’ਤੇ ਲੋਕ ਭਾਰੀ ਗਿਣਤੀ ’ਚ ਇਕੱਠੇ ਹੋ ਰਹੇ ਹਨ। ਸ਼ਹਿਰਾਂ ’ਚ ਜ਼ਿੰਦਗੀ ਦੀ ਰਫ਼ਤਾਰ ਪਹਿਲਾਂ ਵਾਂਗ ਚੱਲ ਰਹੀ ਹੈ। ਲੋਕ ਟੈਸਟ ਕਰਵਾਉਣ ਤੋਂ ਵੀ ਗੁਰੇਜ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਸੰਗਰੂਰ ਦੀ ਪੰਚਾਇਤ ਦਾ ਅਨੋਖਾ ਫ਼ੈਸਲਾ, ਬੱਚਿਆਂ ਨੂੰ ਛੋਟੀ ਜਿਹੀ ਗ਼ਲਤੀ ਦੀ ਦਿੱਤੀ ਤਾਲਿਬਾਨੀ ਸਜ਼ਾ (ਵੀਡੀਓ)

ਕੋਰੋਨਾ ਟੈਸਟ ਕਰਨ ਲਈ ਸਿਹਤ ਵਿਭਾਗ ਨੂੰ ਕਰਨੀ ਪੈਦੀ ਭਾਰੀ ਮੁਸ਼ੱਕਤ
ਸਿਹਤ ਵਿਭਾਗ ਵਲੋਂ ਰੋਜ਼ਾਨਾ ਟੈਸਟਾਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਬਾਵਜੂਦ ਇਸਦੇ ਸਿਹਤ ਵਿਭਾਗ ਨੂੰ ਇਸ ਦੇ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਹੀ ਹਾਲ ਕੋਰੋਨਾ ਵੈਕਸੀਨ ਲਗਾਉਣ ਦਾ ਹੈ ਸਰਕਾਰ ਵਲੋਂ ਨਿੱਜੀ ਹਸਪਤਾਲਾਂ ਨੂੰ ਢਾਈ ਸੌ ਰੁਪਏ ਪ੍ਰਤੀ ਵਿਅਕਤੀ ਵੈਕਸੀਨ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸਿਹਤ ਵਿਭਾਗ ਵਲੋਂ ਇਹ ਵੈਕਸੀਨ ਕੇਵਲ 150 ਰੁਪਏ ’ਚ ਉਪਲੱਬਧ ਕਰਵਾਈ ਗਈ ਹੈ। ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਿੰਡਾਂ ’ਚ ਕੋਰੋਨਾ ਟੈਸਟ ਅਤੇ ਵੈਕਸੀਨ ਲਗਵਾਉਣ ਲਈ ਸਰਕਾਰ ਤੋਂ ਬੱਸਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਸ ਮਹਾਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

9587 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਪਹੁੰਚੇ ਘਰ
ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ ਕੁੱਲ 155976 ਸੈਂਪਲ ਲਏ ਗਏ, ਜਿਨ੍ਹਾਂ ’ਚੋਂ 10054 ਪਾਜ਼ੇਟਿਵ ਕੇਸ ਆਏ, ਇਨ੍ਹਾਂ ’ਚੋਂ 9587 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲ੍ਹੇ ’ਚ ਕੁੱਲ 234 ਕੇਸ ਐਕਟਿਵ ਹਨ ਤੇ ਹੁਣ ਤੱਕ 233 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ. ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਸਾਂਝੀ ਕੀਤੀ। ਉਨ੍ਹਾਂ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 4 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ।

ਇਹ ਵੀ ਪੜ੍ਹੋ: ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ


author

Shyna

Content Editor

Related News