ਪੁਲਸ ਹੱਥ ਲੱਗੀ ਵੱਡੀ ਸਫਲਤਾ, ਬਦਮਾਸ਼ ਪ੍ਰਭਜੀਤ ਤੇ ਉਸ ਦੇ 2 ਸਾਥੀ ਹਥਿਆਰਾਂ ਸਣੇ ਕਾਬੂ

Thursday, Jul 11, 2019 - 07:20 PM (IST)

ਪੁਲਸ ਹੱਥ ਲੱਗੀ ਵੱਡੀ ਸਫਲਤਾ, ਬਦਮਾਸ਼ ਪ੍ਰਭਜੀਤ ਤੇ ਉਸ ਦੇ 2 ਸਾਥੀ ਹਥਿਆਰਾਂ ਸਣੇ ਕਾਬੂ

ਤਰਨਤਾਰਨ (ਵਿਜੇ, ਰਮਨ, ਰਾਜੂ, ਬਲਵਿੰਦਰ ਕੌਰ) - ਪੁਲਸ ਜ਼ਿਲਾ ਤਰਨਤਾਰਨ ਦੇ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਨੇ 3 ਬਦਮਾਸ਼ਾਂ ਨੂੰ ਹਥਿਆਰਾਂ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਥਾਣਾ ਗੋਇੰਦਵਾਲ ਵਿਖੇ ਮਾਮਲਾ ਦਰਜ ਕਰਕੇ ਮਾਣਯੋਗ ਅਦਲਾਤ 'ਚ ਪੇਸ਼ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਦੱਸਿਆ ਕਿ ਮਿਤੀ 27 ਅਗਸਤ 2018 ਨੂੰ ਸ੍ਰੀ ਗੋਇੰਦਵਾਲ ਸਾਹਿਬ ਦੇ ਬਾਜ਼ਾਰ 'ਚ ਦੋ ਬਦਮਾਸ਼ ਧੜਿਆਂ 'ਚ ਕਾਫੀ ਜ਼ਿਆਦਾ ਗੋਲੀਬਾਰੀ ਚੱਲੀ ਸੀ, ਜਿਸ 'ਚ ਗੁਰਲਾਲ ਸਿੰਘ ਬਦਮਾਸ਼ ਗਰੁੱਪ ਦੇ ਦੋ ਮੈਂਬਰ ਸਾਹਿਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਮਾਰੇ ਗਏ ਸਨ, ਜਦਕਿ ਪ੍ਰਭਜੀਤ ਸਿੰਘ ਉਰਫ ਪ੍ਰਭ ਮੱਲ੍ਹੀ ਗਰੁੱਪ ਦਾ ਇਕ ਨੌਜਵਾਨ ਸਾਥੀ ਅਰਸ਼ਪ੍ਰੀਤ ਸਿੰਘ ਗੋਲੀਬਾਰੀ 'ਚ ਮਾਰਿਆ ਗਿਆ ਸੀ। ਇਨ੍ਹਾਂ 'ਚੋਂ ਪ੍ਰਭਜੀਤ ਸਿੰਘ ਉਰਫ ਮੱਲ੍ਹੀ ਅਤੇ ਰਵਿੰਦਰ ਇਕਬਾਲ ਸਿੰਘ ਉਰਫ ਰੂਬਲ ਗੈਂਗ ਦੇ ਮੁਖੀ ਹਨ।

ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਨੇੜੇ ਰੇਲਵੇ ਕਰਾਸਿੰਗ ਪਿੰਡ ਝੰਡੇਰ ਮਹਾਪੁਰਖਾਂ ਵਿਖੇ ਨਾਕੇਬੰਦੀ ਦੌਰਾਨ ਇਕ ਬਿਨਾਂ ਨੰਬਰੀ ਸਵਿਫਟ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਉਸ 'ਚੋਂ ਤਿੰਨ ਨਾਮੀ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਭਜੀਤ ਸਿੰਘ ਉਰਫ ਮੱਲ੍ਹੀ ਪੁੱਤਰ ਸਤਪਾਲ ਸਿੰਘ ਤੋਂ ਇਕ ਪਿਸਤੌਲ 30 ਬੋਰ ਸਮੇਤ 6 ਜ਼ਿੰਦਾ ਰੌਂਦ, ਰਵਿੰਦਰਇਕਬਾਲ ਸਿੰਘ ਉਰਫ ਰੂਬਲ ਪੁੱਤਰ ਸੁਖਵਿੰਦਰ ਸਿੰਘ ਪਾਸੋਂ ਇਕ ਪਿਸਤੌਲ 32 ਬੋਰ ਸਣੇ 7 ਜ਼ਿੰਦਾ ਕਾਰਤੂਸ ਅਤੇ ਗੱਡੀ 'ਚ ਸਵਾਰ ਨੌਜਵਾਨ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸੁਖਵਿੰਦਰ ਸਿੰਘ ਨੂੰ ਵੀ ਕਾਬੂ ਕੀਤਾ ਹੈ। ਪੁਲਸ ਵਲੋਂ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਡੈਸ਼ ਬੋਰਡ 'ਚੋਂ ਇਕ ਰਿਵਾਲਵਰ 32 ਬੋਰ ਅਤੇ 7 ਰੌਂਦ ਕਾਬੂ ਕੀਤੇ ਗਏ ਹਨ। ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਇਹ ਦੋਸ਼ੀ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ਖਿਲਾਫ ਥਾਣਾ ਗੋਇੰਦਵਾਲ ਵਿਖੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. (ਡੀ.) ਹਰਦੀਪ ਸਿੰਘ ਵੀ ਹਾਜ਼ਰ ਸਨ।


author

rajwinder kaur

Content Editor

Related News