ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤਾਂ ਨੂੰ ਮਿਲੇਗੀ ਤਪਸ਼ ਤੋਂ ਰਾਹਤ

Wednesday, Feb 19, 2020 - 12:56 PM (IST)

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤਾਂ ਨੂੰ ਮਿਲੇਗੀ ਤਪਸ਼ ਤੋਂ ਰਾਹਤ

ਤਰਨਤਾਰਨ (ਆਹਲੂਵਾਲੀਆ, ਰਮਨ, ਵਾਲੀਆ, ਬਲਵਿੰਦਰ ਕੌਰ, ਰਾਜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪਰਿਕਰਮਾ 'ਚ ਸੰਗਤ ਨੂੰ ਤਪਸ਼ ਤੋਂ ਬਚਾਉਣ ਲਈ ਰਵਾਇਤੀ ਕਿਸਮ ਦੇ ਬੂਟੇ ਲਾਏ ਗਏ ਹਨ। ਸ਼੍ਰੋਮਣੀ ਕਮੇਟੀ ਵਲੋਂ ਇਸ ਕਾਰਜ ਦੀ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ ਅੱਜ ਅਰਦਾਸ ਉਪਰੰਤ ਕੀਤੀ ਗਈ। ਬੂਟੇ ਲਾਉਣ ਦੀ ਆਰੰਭਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਵਾਤਾਵਰਣ ਪ੍ਰੇਮੀ ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ, ਸੁਖਵਰਸ਼ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਗਤ ਨੂੰ ਗਰਮੀ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤ ਲਈ ਪ੍ਰੇਰਣਾ ਦੇ ਰੂਪ 'ਚ ਹੈ ਅਤੇ ਸੰਗਤਾਂ ਇਸ ਤੋਂ ਸੇਧ ਲੈਂਦਿਆਂ ਆਪੋ ਆਪਣੇ ਆਲੇ ਦੁਆਲੇ ਅਤੇ ਘਰਾਂ 'ਚ ਵੱਧ ਤੋਂ ਵੱਧ ਬੂਟੇ ਲਾਉਣ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਗੁਰੂ ਘਰਾਂ ਅੰਦਰ ਆਰੰਭ ਕੀਤੀ ਗਈ ਹਰਿਆਵਲ ਲਹਿਰ ਤਹਿਤ ਵੱਧ ਤੋਂ ਵੱਧ ਬੂਟੇ ਲਾਏ ਜਾਣਗੇ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਵੱਡੀ ਇਤਿਹਾਸਕ ਮਹੱਤਤਾ ਹੈ। ਇੱਥੇ ਸੰਗਤਾਂ ਦੀ ਆਮਦ ਵੀ ਨਿਰੰਤਰ ਬਣੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਭਾਈ ਲੌਂਗੋਵਾਲ ਦੀ ਅਗਵਾਈ 'ਚ ਇਸ ਪਾਵਨ ਅਸਥਾਨ ਵਿਖੇ ਬੂਟੇ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ 'ਚ ਛਾਂਦਾਰ ਅਤੇ ਫੁੱਲਾਂ ਵਾਲੇ ਬੂਟੇ ਲਾਏ ਗਏ ਹਨ। ਇਨ੍ਹਾਂ 'ਚ ਅੰਬ, ਬੋਗਨਵਿਲੀਆ ਅਤੇ ਚੰਦਨ ਦੇ ਬੂਟੇ ਵਿਸ਼ੇਸ਼ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ 'ਚ 26 ਫੁੱਟ ਦਾ ਅੰਤਰ ਰੱਖ ਕੇ ਡੂੰਘੇ ਟੋਏ ਪੁੱਟੇ ਗਏ ਹਨ। ਪਰਿਕਰਮਾ 'ਚ ਲਾਏ ਗਏ ਬੂਟਿਆਂ ਦੀ ਗਿਣਤੀ 125 ਹੈ। ਉਨ੍ਹਾਂ ਦੱਸਿਆ ਕਿ ਲਾਏ ਗਏ ਬੂਟਿਆਂ 'ਚ ਅਮਰਪਾਲੀ ਅਤੇ ਕੇਸਰ ਕਿਸਮ ਦੇ ਅੰਬਾਂ ਦੇ ਬੂਟੇ ਹਨ। ਇਹ ਬੂਟੇ ਕਲਕੱਤਾ ਤੋਂ ਮੰਗਵਾਏ ਗਏ ਹਨ ਅਤੇ ਇਹ 12 ਤੋਂ 15 ਦੀ ਉੱਚਾਈ ਤੱਕ ਰਹਿਣਗੇ। ਬੋਗਨਵਿਲੀਆ ਰੰਗਦਾਰ ਫੁੱਲਾਂ ਵਾਲੇ ਬੂਟੇ ਹਨ, ਜੋ ਪਰਿਕਰਮਾ 'ਚ ਖੂਬਸੂਰਤੀ ਪੈਦਾ ਕਰਨਗੇ। ਚੰਦਨ ਦੇ ਬੂਟੇ ਖੂਬਸੂਰਤੀ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁੱਧ ਬਣਾਉਣ 'ਚ ਸਹਾਈ ਹੋਣਗੇ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਾਰਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ।


author

Baljeet Kaur

Content Editor

Related News