ਮਾਮਲਾ ਕੈਰੋਂ ਵਿਖੇ ਹੋਏ 5 ਕਤਲਾਂ ਦਾ, ਪੁਲਸ ਨੇ 6 ਨੌਜਵਾਨਾਂ ਨੂੰ ਕੀਤਾ ਰਾਉਂਡ ਅੱਪ

Saturday, Jun 27, 2020 - 10:48 AM (IST)

ਤਰਨਤਾਰਨ (ਰਮਨ ਚਾਵਲਾ) : ਬੁੱਧਵਾਰ ਦੀ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਖੇ ਇਕੋ ਘਰ 'ਚ 4 ਮੈਂਬਰਾਂ ਅਤੇ 1 ਡਰਾਈਵਰ ਦਾ ਕਤਲ ਕੀਤੇ ਜਾਣ ਤੋਂ ਬਾਅਦ ਮ੍ਰਿਤਕਾਂ ਦਾ ਦੇਰ ਰਾਤ ਪੋਸਟਮਾਰਟਮ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਪੁਲਸ ਪਾਰਟੀ ਨੇ ਇਸ ਸਬੰਧੀ ਥਾਣਾ ਪੱਟੀ ਵਿਖੇ ਮ੍ਰਿਤਕ ਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ 'ਚ ਸਾਰੀ ਰਾਤ ਛਾਪੇਮਾਰੀ ਕੀਤੀ। ਪੁਲਸ ਨੇ ਇਸ ਕੇਸ ਨਾਲ ਜੁੜੇ ਪਿੰਡ ਦੇ ਕਰੀਬ 6 ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅੱਪ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਕੈਰੋ ਵਿਖੇ ਬ੍ਰਿੱਜ ਲਾਲ (58) ਉਰਫ ਧੱਤੂ ਪੁੱਤਰ ਸੰਤ ਰਾਮ ਆਪਣੇ ਬੇਟੇ ਦਲਜੀਤ ਉਰਫ ਬੰਟੀ (30), ਨੂੰਹਾਂ ਅਮਨਦੀਪ ਉਰਫ ਅਮਨ (23) ਪਤਨੀ ਪਰਮਜੀਤ, ਜਸਪ੍ਰੀਤ (25) ਪਤਨੀ ਬਖਸ਼ੀਸ਼ ਉਰਫ ਸੋਨੂ ਤੋਂ ਇਲਾਵਾ ਨਿੱਜੀ ਡਰਾਈਵਰ ਗੁਰਸਾਹਿਬ ਸਿੰਘ ਉਰਫ ਸਾਬਾ (40) ਪੁੱਤਰ ਬਖਸ਼ੀਸ਼ ਸਿੰਘ ਸਣੇ ਘਰ 'ਚ ਮੌਜੂਦ ਸਨ। ਦੇਰ ਰਾਤ ਕਰੀਬ 1 ਵਜੇ ਉਕਤ 5 ਮੈਂਬਰਾਂ ਨੂੰ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਇੰਨ੍ਹੀਂ ਜ਼ਿਆਦਾ ਦਿਲ ਦਹਿਲਾਉਣ ਵਾਲੀ ਸੀ ਕਿ ਪੁਲਸ ਦੇ ਵੀ ਲਾਸ਼ਾਂ ਨੂੰ ਵੇਖ ਹੋਸ਼ ਉਡ ਗਏ।

ਇਹ ਵੀ ਪੜ੍ਹੋਂ : ਵਿਦੇਸ਼ ਜਾਣ ਦਾ ਸੁਫ਼ਨਾ ਨਹੀਂ ਹੋਇਆ ਪੂਰਾ ਤਾਂ 19 ਸਾਲਾ ਲੜਕੀ ਨੇ ਚੁੱਕਿਆ ਇਹ ਕਦਮ

ਵਿਸ਼ੇਸ਼ ਟੀਮਾਂ ਦਾ ਕੀਤਾ ਗਿਆ ਗਠਨ
ਪਿੰਡ ਕੈਰੋਂ ਵਿਖੇ ਵਾਪਰੀ ਘਟਨਾਂ ਤੋਂ ਬਾਅਦ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਜਿਨ੍ਹਾਂ 'ਚ ਡੀ. ਐੱਸ. ਪੀ. (ਡੀ) ਕਮਲਜੀਤ ਸਿੰਘ ਔਲਖ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰੱਭਜੀਤ ਸਿੰਘ, ਥਾਣਾ ਪੱਟੀ ਮੁੱਖੀ ਅਜੇ ਖੁੱਲਰ, ਥਾਣਾ ਸਰਹਾਲੀ ਮੁੱਖੀ ਇੰਸਪੈਕਟਰ ਚੰਦਰ ਭੂਸ਼ਨ ਸ਼ਰਮਾ ਤੋਂ ਇਲਾਵਾ ਸਾਈਬਰ ਸੈਲ ਦਾ ਸਾਰਾ ਸਟਾਫ ਸ਼ਾਮਲ ਹੈ, ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਵਲੋਂ ਇਸ ਕਤਲ ਕੇਸ ਦੇ ਅਸਲ ਕਾਤਲਾਂ ਤੱਕ ਪੁੱਜਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋਂ :  ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

ਪੁਲਸ ਨੇ ਸ਼ੁਰੂ ਕੀਤੀ ਟਵੇਰਾ ਗੱਡੀ ਦੀ ਭਾਲ
ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਜਿਸ ਰਾਤ ਇਹ ਘਟਨਾ ਵਾਪਰਦੀ ਹੈ ਉਸ ਰਾਤ ਇਕ ਟਵੇਰਾ ਗੱਡੀ ਪਿੰਡ ਕੈਰੋਂ ਵਿਖੇ ਮ੍ਰਿਤਕ ਬ੍ਰਿਜ ਲਾਲ ਦੇ ਘਰ ਨੇੜੇ ਆਉਂਦੀ ਹੈ ਜਿਸ ਦੇ ਅੱਗੇ ਇਕ ਮੋਟਰ ਸਾਈਕਲ ਚੱਲ ਰਿਹਾ ਹੈ। ਟਵੇਰਾ ਗੱਡੀ ਕਰੀਬ 16 ਮਿੰਟਾਂ ਬਾਅਦ ਮੋਟਰਸਾਈਕਲ ਸਮੇਤ ਵਾਪਸ ਚਲੀ ਜਾਂਦੀ ਹੈ। ਜਿਸ 'ਚ ਕਰੀਬ 6 ਵਿਅਕਤੀ ਸਵਾਰ ਸਨ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਪੁਲਸ ਵਲੋਂ ਟਵੇਰਾ ਅਤੇ ਮੋਟਰਸਾਈਕਲ ਦੀ ਭਾਲ ਵੀ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ :  ਮਾਮਲਾ ਕੈਰੋਂ 'ਚ ਹੋਏ 5 ਕਤਲਾਂ ਦਾ, ਘਟਨਾ ਨੂੰ ਅੱਖੀਂ ਵੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ

ਪੁਲਸ ਨੇ ਵੱਡੀ ਗਿਣਤੀ 'ਚ ਕੀਤੇ ਰਾਉਂਡ ਅੱਪ
ਜ਼ਿਲਾ ਪੁਲਸ ਦੀ ਵਿਸ਼ੇਸ਼ ਟੀਮ ਨੂੰ ਕਤਲ ਹੋਣ ਤੋਂ ਬਾਅਦ ਮਿਲੇ ਸਬੂਤਾਂ ਅਤੇ ਕੀਤੀ ਇਨਕੁਆਰੀ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਪਿੰਡ ਕੈਰੋਂ ਦੇ ਨਿਵਾਸੀ 5 ਨੌਜਵਾਨਾਂ ਜੋ ਮਾੜੇ ਅੰਸਰਾਂ ਨਾਲ ਸਬੰਧ ਰੱਖਦੇ ਹਨ ਕਤਲ ਵਾਲੀ ਰਾਤ ਪਿੰਡ ਦੇ ਇਕ ਟਿਉਬਵੈੱਲ ਤੇ ਮੌਝੂਦ ਸਨ। ਪੁਲਸ ਨੂੰ ਸ਼ੱਕ ਹੈ ਕਿ ਇਸ ਕਤਲ ਕੇਸ 'ਚ ਉਕਤ ਪੰਜਾਂ ਦਾ ਹੱਥ ਸ਼ਾਮਲ ਹੈ ਜੋ ਘਟਨਾਂ ਤੋਂ ਤੁਰੰਤ ਬਾਅਦ ਪਿੰਡ ਤੋਂ ਗਾਇਬ ਹੋ ਗਏ ਹਨ। ਪੁਲਸ ਉਕਤ ਵਿਅਕਤੀਆਂ ਦੀ ਭਾਲ ਲਈ ਮੋਬਾਈਲ ਕਾਲਾਂ ਦੀ ਮਦਦ ਨਾਲ ਟ੍ਰੈਪ ਲਗਾ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀਆਂ ਦਾ ਬ੍ਰਿਜ ਲਾਲ ਦੇ ਪਰਿਵਾਰ ਨਾਲ ਨਸ਼ੇ ਵਾਲੇ ਪਦਾਰਥਾਂ ਦਾ ਲੈਣ ਦੇਣ ਚੱਲ ਰਿਹਾ ਸੀ। ਇਸੇ ਦੌਰਾਨ ਪੁਲਸ ਨੇ ਕਰੀਬ 6 ਸ਼ੱਕੀ ਵਿਅਕਤੀਆਂ ਨੂੰ ਜਾਂਚ ਦੇ ਆਧਾਰ 'ਤੇ ਰਾਉਂਡ ਅੱਪ ਕੀਤੇ ਜਾਣ ਦਾ ਵੀ ਪਤਾ ਲੱਗਾ ਹੈ।

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

ਬ੍ਰਿਜ ਲਾਲ ਦੀਆਂ ਔਲਾਦਾਂ ਰਹਿੰਦੀਆਂ ਸਨ ਨਸ਼ੇ 'ਚ ਮਸਤ
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਬ੍ਰਿਜ ਲਾਲ ਦੇ ਚਾਰ ਪੁੱਤਰ ਜਿਨ੍ਹਾਂ 'ਚ ਬਖਸ਼ੀਸ਼ ਉਰਫ ਸੋਨੂ, ਗੁਰਜੰਟ ਉਰਫ ਜੰਟਾ, ਦਲਜੀਤ ਉਰਫ ਬੰਟੀ, ਪਰਮਜੀਤ ਉਰਫ ਪੰਮਾਂ ਨਸ਼ੇ ਦੇ ਆਦੀ ਸਨ ਤੇ ਨਸ਼ੇ ਦਾ ਧੰਦਾ ਵੀ ਕਰਦੇ ਸਨ। ਪੁਲਸ ਨੇ ਤਰਨਤਾਰਨ ਦੇ ਨਸ਼ਾ ਛੁਡਾਉ ਸੈਂਟਰ 'ਚ ਇਲਾਜ ਕਰਵਾ ਰਹੇ ਪਰਮਜੀਤ ਅਤੇ ਸੋਨੂ ਤੋਂ ਪੁੱਛ-ਗਿੱਛ ਕਰ ਲਈ ਹੈ ਜੋ ਘਟਨਾਂ ਦੀ ਰਾਤ ਉਕਤ ਨਸ਼ਾ ਛੁਡਾਉ ਸੈਂਟਰ 'ਚ ਹੀ ਮੌਜੂਦ ਸਨ। ਜਦਕਿ ਗੁਰਜੰਟ ਆਪਣੇ ਘਰ ਦੇ ਨੇੜੇ ਹੀ ਮੌਜੂਦ ਸੀ ਜਦੋਂ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋਂ : ਅਫ਼ਸੋਸਜਨਕ ਖ਼ਬਰ: ਸਹੁਰੇ ਘਰ ਰਹਿ ਰਹੇ ਜਵਾਈ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਗੁਰਜੰਟ ਦਾ ਲਿਆ ਹੋਵੇਗਾ ਸਹਾਰ
ਆਲੇ- ਦੁਆਲੇ ਲੋਕਾਂ ਅਨੂਸਾਰ ਜਿਸ ਰਾਤ ਘਟਨਾਂ ਵਾਪਰੀ ਹੈ ਉਸ ਰਾਤ ਬ੍ਰਿਜ ਲਾਲ ਨੇ ਘਰ 'ਚ ਆਏ ਕੁਝ ਵਿਅਕਤੀਆਂ ਨੂੰ ਨਸ਼ੇ ਦੀ ਖੇਪ ਦਾ ਲੈਣ ਦੇਣ ਹੋ ਰਿਹਾ ਸੀ। ਜਿਸ ਦੌਰਾਨ ਘਰ ਦੇ ਵਫਾਦਾਰ ਅਤੇ ਪੁਰਾਣੇ ਡਰਾਈਵਰ ਗੁਰਾਹਿਬ ਸਿੰਘ ਵਲੋਂ ਰੱਖੀ ਗਈ ਨਸ਼ੇ ਦੀ ਖੇਪ ਨੂੰ ਲੱਭਣ ਲਈ ਉਸ ਨੂੰ ਵਾਰ-ਵਾਰ ਫੋਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਗੁਰਸਾਹਿਬ ਬ੍ਰਿਜ ਲਾਲ ਦੇ ਘਰ 12 ਵਜੇ ਪੁੱਜਦਾ ਹੈ। ਕਰੀਬ ਇਕ ਘੰਟਾ ਬਾਅਦ ਡਰਾਈਵਰ ਗੁਰਸਾਹਿਬ ਆਪਣੇ ਘਰ 'ਚ ਫੋਨ ਕਰਕੇ ਵਾਪਸ ਲਿਜਾਣ ਲਈ ਕੋਈ ਸਾਧਨ ਦੀ ਮੰਗ ਵੀ ਕਰਦਾ ਹੈ ਪਰ ਇਸ ਤੋਂ ਕੁਝ ਸਮਾਂ ਬਾਅਦ ਘਰ 'ਚ ਮੌਜੂਦ ਬ੍ਰਿਜ ਲਾਲ, ਪੁਤਰ ਦਲਜੀਤ ਬੰਟੀ, ਨੂੰਹਾਂ ਅਮਨਦੀਪ ਅਤੇ ਜਸਪ੍ਰੀਤ ਤੋਂ ਇਲਾਵਾ ਡਰਾਈਵਰ ਗੁਰਸਾਹਿਬ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪੁਲਸ ਨੂੰ ਇਹ ਸ਼ੱਕ ਹੈ ਕਿ ਗੁਰਜੰਟ ਨੂੰ ਢਾਲ ਬਣਾ ਕੇ ਬ੍ਰਿਜ ਲਾਲ ਦੇ ਕੁਝ ਜਾਣਕਾਰ ਵਿਅਕਤੀ ਘਰ 'ਚ ਦਾਖਲ ਹੋਏ ਹੋਣ ਜੋ ਕਾਫੀ ਸਮਾਂ ਘਰ 'ਚ ਮੌਜੂਦ ਹੋਣ ਉਪਰੰਤ ਮੌਕਾ ਪਾ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

ਛੋਟੇ ਬੱਚਿਆਂ ਦਾ ਗੁਆਂਢੀ ਰੱਖ ਰਹੇ ਖਿਆਲ
ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਦੌਰਾਨ ਜਸਪ੍ਰੀਤ ਦਾ ਬੇਟਾ ਅਮਰਜੀਤ (5), ਬੇਟੀ ਖੁਸ਼ੀ (1) ਅਤੇ ਅਮਨਦੀਪ ਉਰਫ ਅਮਨ ਦੀਆਂ ਬੇਟੀਆਂ ਪਰੀ (5), ਜਸਪ੍ਰੀਤ (2) ਵੀ ਰਾਤ ਨੂੰ ਘਰ 'ਚ ਮੌਜੂਦ ਸਨ। ਸਰਪੰਚ ਨੇ ਦੱਸਿਆ ਕਿ ਕਤਲ ਮੌਕੇ ਸਹਿਮੀ ਪਰੀ ਨੇ ਸਵੇਰੇ ਉਠ ਆਪਣੇ ਗੁਆਢੀ ਨਿਸ਼ਾਨ ਸਿੰਘ ਅਤੇ ਜਗਮੋਹਣ ਸਿੰਘ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਚਾਚੇ ਗੁਰਜੰਟ ਨੇ ਚਾਕੂ ਨਾਲ ਸਾਰਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਬਹੁਤ ਜ਼ਿਆਦਾ ਸਹਿਮੇ ਪਏ ਹਨ ਜਿਨ੍ਹਾਂ ਦਾ ਗੁਆਂਢੀ ਨਿਸ਼ਾਨ ਸਿੰਘ ਅਤੇ ਜਗਮੋਹਣ ਸਿੰਘ ਵਲੋਂ ਖਾਸ ਖਿਆਲ ਰੱਖਦੇ ਹੋਏ ਆਪਣੇ ਬੱਚਿਆਂ ਵਾਂਗ ਦੇਖਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਖ਼ੌਫ਼ਨਾਕ ਵਾਰਦਾਤ : ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ

ਕਾਤਲਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ
ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਕੇਸ ਨਾਲ ਸਬੰਧਤ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਉਂਡ ਅੱਪ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਖ-ਵੱਖ ਐਂਗਲਾਂ ਤੋਂ ਇਸ ਕੇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਜਲਦ ਹਲ ਕਰ ਲਿਆ ਜਾਵੇਗਾ।


Baljeet Kaur

Content Editor

Related News