ਫਤਿਆਬਾਦ ਦੀ ਨੂੰਹ ਪ੍ਰਨੀਤ ਕੌਰ ਬਣੀ ਜੱਜ
Sunday, Feb 16, 2020 - 10:41 AM (IST)
ਤਰਨਤਾਰਨ (ਰਮਨ) : ਕਰੀਬ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਵਿਖੇ ਹੋਈ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਪੀ. ਸੀ. ਐੱਸ., ਪ੍ਰੀਖਿਆ 2020 ਦੇ ਐਲਾਨੇ ਗਏ ਨਤੀਜਿਆਂ ਦੌਰਾਨ ਜ਼ਿਲਾ ਤਰਨਤਾਰਨ ਦੇ ਕਸਬਾ ਫਤਿਆਬਾਦ ਦੀ ਨੂੰਹ ਪ੍ਰਨੀਤ ਕੌਰ ਨੇ ਪੰਜਾਬ ਭਰ 'ਚੋਂ 11ਵਾਂ ਸਥਾਨ ਹਾਸਿਲ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ।ਇਸ ਸਬੰਧੀ ਜੱਜ ਬਣੀ ਮਹਿਲਾ ਪ੍ਰਨੀਤ ਕੌਰ ਦੇ ਸਹੁਰੇ ਡਾ. ਬਲਬੀਰ ਸਿੰਘ ਜੋ ਮੈਡੀਕਲ ਸਟੋਰ ਦੇ ਮਾਲਕ ਹਨ, ਪਤੀ ਡਾ. ਰਾਹੁਲ ਸਿੰਘ, ਸੱਸ ਅਵਤਾਰ ਕੌਰ ਨੇ ਦੱਸਿਆ ਕਿ ਪ੍ਰਨੀਤ ਕੌਰ ਨੇ ਕਰੀਬ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਵਿਖੇ ਪੀ. ਸੀ. ਐੱਸ. ਦੀ ਪ੍ਰੀਖਿਆ ਦਿੱਤੀ, ਜਿਸ ਦੌਰਾਨ ਪੂਰੀ ਮਿਹਨਤ ਨਾਲ ਦਿੱਤੇ ਗਏ ਇਮਤਿਹਾਨਾਂ ਦੌਰਾਨ ਉਸ ਨੇ ਪੰਜਾਬ ਭਰ 'ਚੋਂ 11ਵਾਂ ਸਥਾਨ ਹਾਸਿਲ ਕੀਤਾ ਹੈ, ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।
ਪ੍ਰਨੀਤ ਕੌਰ ਦੇ ਪਿਤਾ ਸਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ ਜੋ ਬਤੌਰ ਮੰਡਲ ਅਫ਼ਸਰ ਸੇਵਾ ਮੁਕਤ ਹੋਏ ਹਨ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਦੌਰਾਨ 97 ਫੀਸਦੀ ਅੰਕ ਹਾਸਿਲ ਕੀਤੇ ਸਨ, ਜਿਸ ਤੋਂ ਬਾਅਦ ਪ੍ਰਨੀਤ ਕੌਰ ਨੇ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਜੁਡੀਸ਼ੀਅਲ ਦੇ ਟੈਸਟ ਲਈ 1 ਸਾਲ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ, ਜਿਸ ਦੀ ਬਦੌਲਤ ਅੱਜ ਜੱਜ ਬਣ ਗਈ ਹੈ। ਇਸ ਸਬੰਧੀ ਜੱਜ ਬਣੀ ਪ੍ਰਨੀਤ ਕੌਰ ਨੂੰ ਇਲਾਕੇ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ।