ਗੋਲੀ ਲੱਗਣ ਦੇ ਬਾਵਜੂਦ ਵੀ ਤਰਨ ਤਾਰਨ ਪੁਲਸ ਦੇ ASI ਨੇ ਗੈਂਗਸਟਰ ਨੂੰ ਕੀਤਾ ਕਾਬੂ : ਦਿਨਕਰ ਗੁਪਤਾ
Monday, Aug 24, 2020 - 11:15 PM (IST)
ਚੰਡੀਗੜ੍ਹ,ਤਰਨਤਾਰਨ,(ਰਮਨਜੀਤ)-ਤਰਨ ਤਾਰਨ 'ਚ ਸੋਮਵਾਰ ਨੂੰ ਪੰਜਾਬ ਪੁਲਸ ਦੇ ਏ. ਐੱਸ.ਆਈ. ਮਲਕੀਤ ਸਿੰਘ ਵਲੋਂ ਨਸ਼ਾ ਸਮੱਗਲਿੰਗ ਤੇ ਹਥਿਆਰਾਂ ਦੀ ਸਮੱਗਲਿੰਗ 'ਚ ਸ਼ਾਮਲ ਰਹੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਦਬੋਚਿਆ ਗਿਆ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਥਾਨਕ ਰੈਂਕ ਦੇ ਏ.ਐੱਸ.ਆਈ. ਮਲਕੀਤ ਸਿੰਘ, ਭਿੱਖੀਵਿੰਡ ਵਿਖੇ ਤਾਇਨਾਤ ਹੋਮ-ਗਾਰਡ ਜਵਾਨ ਰਣਜੀਤ ਸਿੰਘ ਸਮੇਤ ਸੋਮਵਾਰ ਨੂੰ ਪਿੰਡ ਫੂਲਾ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਬਾਰੇ ਜਾਂਚ ਕਰਨ ਗਏ ਸਨ। ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇਕ ਮੋਟਰਸਾਈਕਲ ਉਪਰ ਆਉਂਦਿਆਂ ਦੇਖਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਇਕ ਸ਼ੱਕੀ, ਰਸ਼ਪਾਲ ਸਿੰਘ ਉਰਫ਼ ਦੌਲਾ ਵਾਸੀ ਭੁੱਚਰ ਕਲਾਂ ਜ਼ਿਲ੍ਹਾ ਤਰਨ ਤਾਰਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਏ.ਐੱਸ.ਆਈ. ਨੇ ਕਾਫ਼ੀ ਮੁਸ਼ੱਕਤ ਪਿੱਛੋ ਧਰ ਦਬੋਚਿਆ।
ਗੋਲੀ ਲੱਗਣ ਦੇ ਬਾਵਜੂਦ ਏ. ਐਸ. ਆਈ. ਵਲੋਂ ਗੈਂਗਸਟਰ ਕਾਬੂ
ਡੀ. ਜੀ. ਪੀ. ਨੇ ਦੱਸਿਆ ਕਿ ਰਸ਼ਪਾਲ ਸਿੰਘ ਨੇ ਏ.ਐੱਸ.ਆਈ. ਮਲਕੀਤ ਸਿੰਘ 'ਤੇ ਚਾਰ ਗੋਲੀਆਂ ਚਲਾਈਆਂ ਅਤੇ ਇਕ ਗੋਲੀ ਉਸ ਦੀ ਸੱਜੀ ਲੱਤ ਵਿਚ ਲੱਗੀ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਵੀ ਏ.ਐੱਸ.ਆਈ. ਮਲਕੀਤ ਸਿੰਘ ਨੇ ਪੀ.ਐੱਚ.ਜੀ. ਰਣਜੀਤ ਸਿੰਘ ਦੀ ਮਦਦ ਨਾਲ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਅਤੇ ਸੈਮੀ-ਆਟੋਮੈਟਿਕ ਪਿਸਤੌਲ ਖੋਹ ਲਿਆ। ਏ.ਐੱਸ.ਆਈ. ਮਲਕੀਤ ਸਿੰਘ ਸਾਲ 1994 ਵਿਚ ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਉਸ ਦੀ ਚੰਗੇ ਸੇਵਾ ਰਿਕਾਰਡ ਕਰਕੇ 27.02.2020 ਨੂੰ ਏ.ਐੱਸ.ਆਈ. ਦਾ ਸਥਾਨਕ ਰੈਂਕ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਰਸ਼ਪਾਲ ਸਿੰਘ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਹੋ ਗਿਆ, ਜਿਸ ਪਾਸੋਂ ਇਕ ਦੇਸੀ ਅਰਧ-ਆਟੋਮੈਟਿਕ ਪਿਸਤੌਲ, 02 ਮੈਗਜ਼ੀਨ, 06 ਜਿੰਦਾ ਕਾਰਤੂਸ ਅਤੇ ਪੀ.ਬੀ. 10-ਜੀ ਜ਼ੈੱਡ - 6673 ਨੰਬਰ ਵਾਲਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਸ ਦੇ ਫਰਾਰ ਸਾਥੀ ਦੀ ਖੋਜ ਲਈ ਕਾਰਵਾਈ ਜਾਰੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਰਸ਼ਪਾਲ ਦੇ ਅੱਤਵਾਦੀਆਂ ਨਾਲ ਵੀ ਸਬੰਧ ਸਨ ਅਤੇ ਉਹ ਕਈ ਮਾਮਲਿਆਂ ਵਿਚ ਲੋੜੀਂਦਾ ਸੀ । ਉਕਤ ਦੋਸ਼ੀ ਵਿਰੁੱਧ ਐੱਨ.ਡੀ.ਪੀ.ਐੱਸ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ, ਤਰਨਤਾਰਨ ਅਤੇ ਮੋਹਾਲੀ ਵਿਚ 8 ਐੱਫ.ਆਈ.ਆਰਜ਼ ਦਰਜ ਹਨ। ਡੀ.ਜੀ.ਪੀ. ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਸ਼ਪਾਲ ਤੋਂ ਕਈ ਹਥਿਆਰ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ।
ਰਸ਼ਪਾਲ ਸਿੰਘ ਦੇ ਅੱਤਵਾਦੀਆਂ ਸੰਗਠਨਾਂ ਨਾਲ ਸਬੰਧ ਹੋਣ ਦਾ ਸ਼ੱਕ ਵੀ ਹੈ, ਤੇ ਪੁਲਸ ਉਸ ਦੀ ਭਾਲ ਵਿਚ ਲੱਗੀ ਹੋਈ ਹੈ। ਇਕ ਚੋਰੀ ਦੇ ਮਾਮਲੇ ਦੀ ਜਾਂਚ ਕਰਕੇ ਤਰਨਤਾਰਨ ਦੇ ਪਿੰਡ ਪੂਹਲਾ ਤੋਂ ਵਾਪਸ ਆਉਂਦੇ ਸਮੇਂ ਰਸਤੇ ਵਿਚ ਸ਼ੱਕ ਹੋਣ 'ਤੇ ਮਲਕੀਤ ਸਿੰਘ ਨੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਰੋਕਿਆ। ਪੁੱਛਗਿੱਛ ਦੌਰਾਨ ਮਲਕੀਤ ਸਿੰਘ ਤੇ ਰਸ਼ਪਾਲ ਸਿੰਘ ਨੇ ਫਾਇਰਿੰਗ ਕਰ ਦਿੱਤੀ। ਚਾਰ ਗੋਲੀਆਂ ਵਿਚੋਂ ਇਕ ਰਸ਼ਪਾਲ ਸਿੰਘ ਦੀ ਲੱਤ ਵਿਚ ਗੋਲੀ ਲੱਗੀ, ਪਰ ਉਸ ਨੇ ਰਸ਼ਪਾਲ ਸਿੰਘ ਨੂੰ ਛੁੱਟ ਕੇ ਭੱਜਣ ਨਹੀਂ ਦਿੱਤਾ, ਜਦਕਿ ਉਸ ਦਾ ਸਾਥੀ ਭੱਜ ਨਿੱਕਲਿਆ। ਏ.ਐੱਸ.ਆਈ ਮਲਕੀਤ ਸਿੰਘ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।