ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਕੀਤੀ ਜਾਣੀ ਸੀ ਅੱਤਵਾਦ ਦੀ ਸ਼ੁਰੂਆਤ
Monday, Sep 30, 2019 - 01:03 PM (IST)

ਤਰਨਤਾਰਨ (ਰਮਨ) : ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਮਕਸਦ ਨਾਲ ਅੱਤਵਾਦੀ ਪਾਕਿਸਤਾਨ ਦੀ ਮਦਦ ਲੈ ਰਹੇ ਹਨ। ਜਿਸ ਦਾ ਸਬੂਤ ਪਿੰਡ ਚੋਹਲਾ ਸਾਹਿਬ ਨੇੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜ਼ੈੱਡ.ਐੱਫ.) ਦੇ 4 ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਭੇਜੇ ਵੱਡੀ ਗਿਣਤੀ 'ਚ ਹਥਿਆਰ, ਅਸਲਾ, ਵਾਇਰਲੈੱਸ ਸੈੱਟਾਂ ਨੂੰ ਇਕ ਕਾਰ 'ਚੋਂ ਕਾਬੂ ਕਰਨ ਤੋਂ ਮਿਲਿਆ ਜਿਸਨੂੰ ਪੁਲਸ ਨੇ ਸਫਲ ਨਹੀਂ ਹੋਣ ਦਿੱਤਾ । ਹੁਣ ਵੀ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵਲੋਂ ਪਾਕਿਸਤਾਨ ਤੋਂ ਭੇਜੇ ਗਏ ਡਰੋਨਾਂ ਅਤੇ ਹਥਿਆਰਾਂ ਦੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ 'ਚ ਨਾਮਜ਼ਦ ਜਗਤਾਰ ਸਿੰਘ ਹਵਾਰਾ ਦੇ ਸਾਥੀ ਰਹਿ ਚੁੱਕੇ ਜਸਵੰਤ ਸਿੰਘ ਕਾਲਾ ਨੂੰ ਬਾਬਾ ਬਲਵੰਤ ਸਿੰਘ ਹਥਿਆਰ ਸਪਲਾਈ ਕਰਨ 'ਚ ਅਹਿਮ ਰੋਲ ਅਦਾ ਕਰ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਅੱਤਵਾਦੀਆਂ ਵਲੋਂ ਪੰਜਾਬ 'ਚ ਅੱਤਵਾਦ ਦੀ ਸ਼ੁਰੂਆਤ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲਿਆਂ ਅੰਦਰ ਨੁਕਸਾਨ ਕਰਦੇ ਹੋਏ ਸ਼ੁਰੂ ਕੀਤੀ ਜਾਣੀ ਸੀ ਕਿਉਂਕਿ ਇਹ ਜ਼ਿਲੇ ਪਾਕਿਸਤਾਨ ਸਰਹੱਦ ਨਾਲ ਜੁੜੇ ਹਨ, ਜਿੱਥੇ ਹਥਿਆਰਾਂ ਆਦਿ ਨੂੰ ਆਸਾਨੀ ਨਾਲ ਮੰਗਵਾਇਆ ਜਾ ਸਕਦਾ ਸੀ।
ਜਾਣਕਾਰੀ ਅਨੁਸਾਰ ਜ਼ਿਲੇ ਅੰਦਰੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਇੰੰਟਰਨੈਸ਼ਨਲ ਸੰਗਠਨ ਦੇ ਅੱਤਵਾਦੀ ਬਾਬਾ ਬਲਵੰਤ ਸਿੰਘ, ਅਕਾਸ਼ਦੀਪ ਸਿੰਘ ਅਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਸ਼ਾਮਲ ਹਨ, 'ਚੋਂ ਬਾਬਾ ਬਲਵੰਤ ਸਿੰਘ ਖਿਲਾਫ ਪਹਿਲਾਂ ਵੀ ਕੁਝ ਅਪਰਾਧਿਕ ਮਾਮਲੇ ਦਰਜ ਹਨ। ਉਹ ਪਿਛਲੇ ਕਈ ਸਾਲਾਂ ਤੋਂ ਲਖਨਊ ਸ਼ਹਿਰ ਦੇ ਕਿਸੇ ਧਾਰਮਕ ਡੇਰੇ 'ਚ ਰਹਿੰਦਾ ਹੋਇਆ ਆਪਣਾ ਨੈੱਟਵਰਕ ਮਜ਼ਬੂਤ ਕਰਨ 'ਚ ਕਈ ਯੋਜਨਾਵਾਂ ਤਿਆਰ ਕਰ ਰਿਹਾ ਸੀ। ਜਿਸ ਨੂੰ ਯੂ. ਏ. ਪੀ. ਏ. ਅਤੇ ਅਸਲਾ ਐਕਟ ਅਧੀਨ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਨੇ ਸਾਲ 2017 'ਚ ਉਸ ਦੇ ਇਕ ਸਾਥੀ ਨਿਹੰਗ ਜਸਵੰਤ ਸਿੰਘ ਕਾਲਾ ਨਿਵਾਸੀ ਮੁਕਤਸਰ ਸਮੇਤ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਜੇਲ 'ਚ ਅਸਲਾ ਐਕਟ ਅਧੀਨ ਬੰਦ ਮਾਨ ਸਿੰਘ ਦੇ ਬਾਬਾ ਬਲਵੰਤ ਸਿੰਘ ਨਾਲ ਬਣ ਗਏ। ਮਾਨ ਸਿੰਘ ਦੇ ਪੁਰਾਣੇ ਸਮੇਂ 'ਚ ਨਿਹੰਗ ਅਜੀਤ ਸਿੰਘ ਪੂਹਲਾ ਨਾਲ ਕਈ ਵਾਰ ਤਕਰਾਰ ਹੋਣ ਦੀ ਗੱਲ ਦਾ ਵੀ ਪਤਾ ਲੱਗਾ ਹੈ।
ਸੂਤਰਾਂ ਅਨੁਸਾਰ ਮਲੇਸ਼ੀਆ ਤੋਂ ਡਿਪੋਟ ਹੋ ਕੇ ਭਾਰਤ ਪੁੱਜੇ ਗੁਰਦੇਵ ਸਿੰਘ ਨੂੰ ਜੇਲ ਜਾਣਾ ਪਿਆ ਸੀ, ਜਿਸ ਦੀ ਮੁਲਾਕਾਤ ਜੇਲ 'ਚ ਬਾਬਾ ਬਲਵੰਤ ਸਿੰਘ ਨਾਲ ਹੋਈ। ਜਿਸ ਦੇ ਬਾਅਦ ਉਹ ਗੁਰਦੇਵ ਸਿੰਘ ਦੇ ਜਰਮਨ 'ਚ ਰਹਿੰਦੇ ਭਰਾ ਗੁਰਮੀਤ ਸਿੰਘ ਉਰਫ ਡਾਕਟਰ ਦੇ ਸੰਪਰਕ 'ਚ ਆਇਆ । ਇਸ ਦੇ ਸਬੰਧ ਪਾਕਿਸਤਾਨ ਦੇ ਰਣਜੀਤ ਸਿੰਘ ਨੀਟਾ ਨਾਲ ਸਨ। ਗੁਰਦੇਵ ਸਿੰਘ ਨੇ ਆਪਣੇ ਭਰਾ ਦਾ ਸੰਪਰਕ ਮਾਨ ਸਿੰਘ ਨਾਲ ਕਰਵਾਇਆ, ਜਿਸ ਤੋਂ ਬਾਅਦ ਰਣਜੀਤ ਸਿੰਘ ਨੀਟਾ ਵਲੋਂ ਬੀਤੇ ਦਿਨੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਸਪਲਾਈ ਕੀਤੇ ਗਏ।
ਅਕਾਸ਼ਦੀਪ ਰੰਧਾਵਾ ਤਕਨੀਕੀ ਮਾਹਿਰ ਹੋਣ ਕਾਰਣ ਬਾਬਾ ਬਲਵੰਤ ਸਿੰਘ ਨੇ ਇਸ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਿਆ। ਅਕਾਸ਼ਦੀਪ ਦੀ ਡਿਊਟੀ ਡਰੋਨਾਂ ਰਾਹੀਂ ਭੇਜੇ ਜਾਂਦੇ ਹਥਿਆਰਾਂ ਨੂੰ ਸੰਭਾਲਣ ਅਤੇ ਠਿਕਾਣੇ ਲਾਉਣ ਦੀ ਹੁੰਦੀ ਸੀ, ਜਿਸ ਦਾ ਸਾਥ ਬਾਬਾ ਬਲਵੰਤ ਸਿੰਘ ਦਿੰਦਾ ਸੀ। ਇਹ ਹਥਿਆਰ ਬੀਤੇ 15 ਤੋਂ 20 ਦਿਨਾਂ 'ਚ ਜ਼ਿਲਾ ਤਰਨਤਾਰਨ ਅੰਦਰ ਪੁੱਜੇ ਸਨ। ਜਿਨ੍ਹਾਂ ਨੂੰ ਕਰੀਬ 7-8 ਡਰੋਨਾਂ ਰਾਹੀਂ ਭੇਜਿਆ ਗਿਆ ਸੀ। ਪੁਲਸ ਵੱਲੋਂ ਹੋਰ ਹਥਿਆਰਾਂ ਅਤੇ ਡਰੋਨਾਂ ਦੀ ਭਾਲ ਹਾਲੇ ਜਾਰੀ ਹੈ।
ਸ਼ਹਿਰ 'ਚ ਅਚਾਨਕ ਵਧੇ ਮੁਸਲਮਾਨ
ਉੱਧਰ ਸਥਾਨਕ ਸ਼ਹਿਰ 'ਚ ਪਿਛਲੇ ਦੋ ਸਾਲਾਂ ਦੌਰਾਨ ਮੁਸਲਮਾਨਾਂ ਦੀ ਗਿਣਤੀ 150 ਤੋਂ ਵੱਧ ਕੇ 1000 ਹੋ ਗਈ ਹੈ। ਜਿਨ੍ਹਾਂ ਵਲੋਂ ਸਥਾਨਕ ਮੁੱਖ ਬਾਜ਼ਾਰਾਂ 'ਚ ਛੋਟੀਆਂ-ਛੋਟੀਆਂ ਦੁਕਾਨਾਂ ਨੂੰ ਕਰੀਬ 70 ਹਜ਼ਾਰ ਰੁਪਏ ਮਹੀਨੇ ਤੱਕ ਕਿਰਾਏ 'ਤੇ ਲੈ ਰੱਖਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੁਕਾਨਾਂ 'ਚ ਜ਼ਿਆਦਾ ਕਾਰੋਬਾਰ ਨਾ ਹੋਣ ਦੇ ਬਾਵਜੂਦ ਇਹ ਕਿਸ ਤਰ੍ਹਾਂ ਆਪਣਾ ਕਿਰਾਇਆ ਮਾਲਕ ਨੂੰ ਦੇ ਦਿੰਦੇ ਹਨ। ਉਥੇ ਆਮ ਦੁਕਾਨਦਾਰ ਮੰਦੀ ਤੋਂ ਪ੍ਰੇਸ਼ਾਨ ਹਨ । ਸਥਾਨਕ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਬੋਹੜੀ ਚੌਕ ਆਦਿ ਵਿਖੇ ਮੌਜੂਦ ਦੁਕਾਨਾਂ ਅਤੇ ਮੁਸਲਮਾਨ ਭਾਈਚਾਰੇ ਦੇ ਕੁਝ ਨਵੇਂ ਚਿਹਰੇ ਸਾਹਮਣੇ ਆਉਣ ਲੱਗ ਪਏ ਹਨ। ਜਿਨ੍ਹਾਂ ਵਲੋਂ ਪਰਿਵਾਰ ਸਮੇਤ ਰਹਿਣ ਲਈ ਘਰ ਵੀ ਹਜ਼ਾਰਾਂ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਲਏ ਜਾ
ਚੁੱਕੇ ਹਨ। ਹਾਲ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਪੁਲਸ ਵਲੋਂ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਜ਼ਿਆਦਾਤਰ ਕੋਲੋਂ ਪੁਲਸ ਨੇ ਇਨ੍ਹਾਂ ਦੇ ਆਧਾਰ ਕਾਰਡ ਅਤੇ ਹੋਰ ਸਬੂਤਾਂ ਦੀ ਮੰਗ ਵੀ ਕਰ ਲਈ ਹੈ।
ਪ੍ਰਵਾਸੀਆਂ 'ਤੇ ਰੱਖੀ ਜਾ ਰਹੀ ਹੈ ਸਖਤ ਨਜ਼ਰ : ਐੱਸ. ਪੀ.
ਇਸ ਸਬੰਧੀ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਅੱਤਵਾਦੀਆਂ ਤੋਂ ਬਾਅਦ ਜ਼ਿਲੇ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਿਸ ਤਹਿਤ 24 ਘੰਟੇ ਪੁਲਸ ਗਸ਼ਤ ਕਰ ਰਹੀ ਹੈ ਅਤੇ ਨਾਕੇਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਮਕਾਨ ਮਾਲਕਾਂ ਨੂੰ ਹੁਕਮ ਦਿੱਤੇ ਜਾ ਰਹੇ ਹਨ ਕਿ ਉਹ ਆਪਣੇ ਘਰਾਂ 'ਚ ਕਿਰਾਏਦਾਰਾਂ ਦੇ ਸਬੂਤ ਪੁਲਸ ਸਟੇਸ਼ਨਾਂ 'ਚ ਪੇਸ਼ ਕਰਨ।