ਸਬਜ਼ੀ ਘਪਲਾ: SGPC ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਣੇ 5 ਅਧਿਕਾਰੀ ਕੀਤੇ ਮੁਅੱਤਲ

07/01/2020 6:14:36 PM

ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ ਡੂਮੇਵਾਲ/ਦਲਜੀਤ ਸਿੰਘ)— ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਲਾਬੰਦੀ ਦੌਰਾਨ ਲੰਗਰ ਲਈ ਸਬਜ਼ੀਆਂ ਦੀ ਖ਼ਰੀਦ ਮਾਮਲੇ 'ਚ ਹੋਏ ਘਪਲੇ ਦੇ ਮਾਮਲੇ 'ਚ ਐੱਸ. ਜੀ. ਪੀ. ਸੀ. ਨੇ ਸਖ਼ਤ ਨੋਟਿਸ ਲਿਆ ਹੈ। ਸੰਗਤਾਂ ਦੀ ਆਸਥਾ ਦੇ ਪੈਸੇ ਨੂੰ ਚੂਨਾ ਲਗਾਉਣ ਦੇ ਕਥਿਤ ਦੋਸ਼ ਤਹਿਤ ਅੱਜ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਹਿਮ ਕਾਰਵਾਈ ਨੂੰ ਅਮਲ 'ਚ ਲਿਆਉਂਦੇ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਮੈਨੇਜਰ ਸਣੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਪੰਜ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਅਗਲੀ ਕਾਰਵਾਈ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੰਗਰ ਘਪਲੇ ਦੀ ਤਫਤੀਸ਼ 'ਚ ਇਹ ਸੱਚ ਉਭਰ ਕੇ ਸਾਹਮਣੇ ਆਇਆ ਸੀ ਕਿ ਅਪ੍ਰੈਲ-ਮਈ ਦੇ ਦਿਨਾਂ 'ਚ ਲੱਗੇ ਕਰਫਿਊ ਦੇ ਦੌਰ 'ਚ ਖਰੀਦ ਕੀਤੀਆਂ ਸਬਜ਼ੀਆਂ ਦੇ ਬੋਗਸ ਬਿੱਲ ਪਾ ਕੇ ਉਕਤ ਮੁਲਾਜ਼ਮਾਂ ਨੇ ਗੁਰੂ ਦੀ ਗੋਲਕ ਨੂੰ ਚੂਨਾ ਲਗਾਉਣ ਦਾ ਗੁਨਾਹ ਕੀਤਾ ਹੈ। ਇੰਸਪੈਕਸ਼ਨ .85 ਦੀ ਰਿਪੋਰਟ ਦੇ ਆਧਾਰਿਤ ਮੁੱਖ ਸਕੱਤਰ ਨੇ ਬੀਤੇ ਦਿਨੀਂ ਪ੍ਰਧਾਨ ਐੱਸ. ਜੀ. ਪੀ. ਸੀ. ਨੂੰ ਉਕਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਅੱਜ ਕਾਰਵਾਈ ਨੂੰ ਅਮਲ 'ਚ ਲਿਆਉਂਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਉਕਤ ਪੰਜ ਮੁਲਾਜ਼ਮਾਂ, ਜਿਨ੍ਹਾਂ 'ਚ ਮੁੱਖ ਮੈਨੇਜਰ ਜਸਵੀਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ ਲੱਖਾ, ਅਕਾਂਉਟੈਂਟ ਕੌਰ ਸਿੰਘ, ਸਟੋਰਕੀਪਰ ਹਰਮਿੰਦਰ ਸਿੰਘ ਬਿੱਲਾ ਅਤੇ ਇੰਸਪੈਕਟਰ ਬਖਸੀਸ਼ ਸਿੰਘ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ।

PunjabKesari

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਵੱਡੇ ਵਿਵਾਦ ਤਹਿਤ ਬਹੁ ਚਰਚਿਤ ਹੋਏ ਉਕਤ ਸਬਜ਼ੀ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਵੀ ਪੰਥਕ ਧਿਰਾਂ ਵੱਲੋਂ ਉਠਾਈ ਜਾ ਰਹੀ ਸੀ। ਇਸ ਕੜੀ ਤਹਿਤ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਕ ਸਾਬਕਾ ਮੰਤਰੀ ਵੱਲੋਂ ਭ੍ਰਿਸ਼ਟ ਮੈਨੇਜਰ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਉਕਤ ਮੈਨੇਜਰ ਦੀ ਇਸ ਅਸਥਾਨ 'ਤੇ ਨਿਯੁਕਤੀ ਉਕਤ ਆਗੂ ਦੀ ਸਿਫਾਰਸ਼ ਤਹਿਤ ਹੋਈ ਸੀ ਪਰ ਇਹ ਖਦਸ਼ਾ ਬੀਤੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਬਣਨ ਕਾਰਣ ਅਜਿਹਾ ਸੰਭਵ ਨਹੀ ਹੋ ਸਕਿਆ।

PunjabKesari

ਗੁਰਦੀਪ ਸਿੰਘ ਕੰਗ ਮੈਨੇਜਰ ਤਾਇਨਾਤ
ਇਸੇ ਕੜੀ ਤਹਿਤ ਹੀ ਅੱਜ ਗੁਰਦੀਪ ਸਿੰਘ ਕੰਗ ਨੂੰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਅੱਤਲ ਮੈਨੇਜਰ ਥਾਂ ਬਤੌਰ ਮੈਨੇਜਰ ਤਾਇਨਾਤ ਕਰ ਦਿੱਤਾ ਹੈ, ਜਿਨਾਂ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਕੰਗ ਨੇ ਕਿਹਾ ਕਿ ਉਹ ਤਖਤ ਸਾਹਿਬ ਦੀ ਸੇਵਾ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਪਹਿਲਾਂ ਉਹ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਹੇ ਸੀ।

' ਗੁਰੂ ਕੀ ਗੋਲਕ ਨਾਲ ਕੀਤੇ ਬਲੰਡਰ ਗੁਨਾਹ ਦੀ ਸਜਾ ਮਹਿਜ ਅਧਿਕਾਰੀਆਂ ਨੂੰ ਮੁਅਤਲ ਕਰਕੇ ਨਹੀਂ ਖਤਮ ਹੋ ਜਾਂਦੀ ਹੈ। ਇਹ ਤਾਂ ਐਸ. ਜੀ. ਪੀ. ਸੀ. ਦਾ ਇਕ ਜਨਰਲ ਵਿਧਾਨ ਹੈ, ਜੋ ਛੋਟੀ ਤੋਂ ਲੈ ਕੇ ਵੱਡੀ ਗਲਤੀ ਤੱਕ ਲਾਗੂ ਹੁੰਦਾ ਹੈ ਪਰ ਜੋ ਚੂਨਾ ਲੱਖਾਂ ਰੁਪਏ ਦੀ ਰਕਮ ਨਾਲ ਗੁਰੂ ਘਰ ਦੀ ਗੋਲਕ ਨੂੰ ਲੱਗਾ ਹੈ ਉਸ ਦੀ ਭਰਪਾਈ ਕੌਣ ਕਰੇਗਾ? ਸੰਗਤ ਦੇ ਪੈਸੇ ਪੈਸੇ ਨਾਲ ਖਿਲਵਾੜ ਕਰਕੇ ਪੇਟ ਭਰਨ ਵਾਲੇ ਦੋਸ਼ੀ ਚੰਦ ਕੁ ਦਿਨ ਸਸਪੈਂਡ ਰਹਿ ਕੇ ਮੁੜ ਅਹੁਦਿਆਂ ਤੇ ਕਿਸੇ ਹੋਰ ਥਾਂ ਜਾ ਕੇ ਜਾ ਤਾਇਨਾਤ ਹੋਣਗੇ। ਇਸ ਲਈ ਇਸ ਫੈਸਲੋ ਤੋਂ ਸੰਤੁਸ਼ਟ ਹੋਣ ਦੀ ਬਹੁਤੀ ਲੋੜ ਨਹੀ'-ਭਗਵੰਤ ਮਾਨ, ਐਮ. ਪੀ. ਤੇ ਪ੍ਰਧਾਨ ਪੰਜਾਬ ਆਪ
' ਇਹ ਜਾਂਚ ਕੋਈ ਪਾਰਦਰਸ਼ਿਤਾ ਤਰੀਕੇ ਨਾਲ ਕੀਤੀ ਜਾਂਚ ਨਹੀ ਹੈ ਸਗੋਂ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਹੈ। ਜਥੇਦਾਰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਆਨ ਵੀ ਡੰਗ ਟਪਾਊ ਹਨ। ਪੰਥ ਦੀ ਸਿਰਮੌਰ ਸੰਸਥਾ 'ਚ ਕਦੇ ਸਿਰੋਪਾਓ ਘਪਲਾ, ਕਦੇ ਪ੍ਰਸ਼ਾਦ ਘਪਲਾ ਅਤੇ ਸਬਜ਼ੀ ਘਪਲਾ ਹਮੇਸ਼ਾ ਪੰਥਕ ਰਿਵਾਇਤਾਂ ਨੂੰ ਢਾਹ ਲਗਾਉਂਦਾ ਰਿਹਾ ਹੈ। ਅਸੀਂ ਇਨਾਂ ਰਵਾਇਤਾਂ ਦੀ ਰਾਖੀ ਲਈ ਲੜਾਈ ਜਾਰੀ ਰੱਖਾਂਗੇ'-ਸੁਖਜੀਤ ਸਿੰਘ ਖੋਸਾ, ਮੁਖੀ ਸਤਿਕਾਰ ਕਮੇਟੀ ਪੰਜਾਬ


shivani attri

Content Editor

Related News