ਪਟਨਾ ਸਾਹਿਬ ਵਿਖੇ ਦਸਮ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ : ਅਵਤਾਰ ਸਿੰਘ

11/19/2017 10:50:42 AM

ਅੰਮ੍ਰਿਤਸਰ (ਦੀਪਕ/ਪ੍ਰਵੀਨ ਪੁਰੀ) - ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਦੀ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਆਰੰਭਤਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਹੋਈ। ਇਸ ਮੀਟਿੰਗ 'ਚ ਜਥੇ. ਅਵਤਾਰ ਸਿੰਘ ਮੱਕੜ ਤੋਂ ਇਲਾਵਾ ਸ਼ੈਲਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬੀਬੀ ਕੰਵਲਜੀਤ ਕੌਰ ਜੂਨੀਅਰ ਵਾਈਸ ਪ੍ਰਧਾਨ, ਸਰਜਿੰਦਰ ਸਿੰਘ ਜਨਰਲ ਸਕੱਤਰ, ਮਹਿੰਦਰ ਸਿੰਘ ਛਾਬੜਾ ਸਕੱਤਰ, ਗੁਰਮੀਤ ਸਿੰਘ ਮੈਂਬਰ, ਗੁਰਿੰਦਰਪਾਲ ਸਿੰਘ, ਰਣਜੀਤ ਸਿੰਘ ਜੀਤ ਮੈਂਬਰ ਤੇ ਪ੍ਰਿਤਪਾਲ ਸਿੰਘ ਮੈਂਬਰ ਸ਼ਾਮਲ ਹੋਏ।
ਮੀਟਿੰਗ 'ਚ ਬਹੁਸੰਮਤੀ ਨਾਲ ਸ. ਸਰਨਾ ਵੱਲੋਂ ਲਏ ਫੈਸਲਿਆਂ ਨੂੰ ਮੂਲੋਂ ਰੱਦ ਕਰਦਿਆਂ ਉਨ੍ਹਾਂ ਵੱਲੋਂ ਅਖੌਤੀ ਤੌਰ 'ਤੇ ਬਣਾਈਆਂ ਕਮੇਟੀਆਂ ਤੰਗ ਕਰ ਦਿੱਤੀਆਂ ਗਈਆਂ ਹਨ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਾਨੋ-ਸ਼ੌਕਤ ਤੇ ਸ਼ਰਧਾ-ਭਾਵਨਾ ਨਲ ਮਨਾਉਣ ਲਈ 4 ਕਰੋੜ 50 ਲੱਖ ਰੁਪਏ ਪਾਸ ਕੀਤੇ ਗਏ ਹਨ। ਜਥੇ. ਮੱਕੜ ਨੇ ਦੱਸਿਆ ਕਿ ਇਹ ਪੁਰਬ ਪੂਰੇ ਖ਼ਾਲਸਾਈ ਜਾਹੋ-ਜਲਾਲ ਤੇ ਸ਼ਰਧਾ-ਭਾਵਨਾ ਨਾਲ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੁੱਜਣ ਵਾਲੀ ਸੰਗਤ ਲਈ 2 ਟੈਂਟ ਸਿਟੀ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ, ਇਕ ਕੰਗਨ ਘਾਟ ਤੇ ਦੂਜਾ ਬਾਈਪਾਸ 'ਤੇ। ਇਥੇ ਸੰਗਤ ਦੀ ਆਵਾਜਾਈ ਲਈ ਵਿਸ਼ੇਸ਼ ਬੱਸਾਂ ਸੇਵਾ ਨਿਭਾਉਣਗੀਆਂ। ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਦੱਸਿਆ ਕਿ ਲੰਗਰਾਂ ਦੀ ਸੇਵਾ ਵੱਖ-ਵੱਖ ਸੰਤ-ਮਹਾਪੁਰਸ਼ ਬਾਬਾ ਮਹਿੰਦਰ ਸਿੰਘ ਇੰਗਲੈਂਡ ਵਾਲੇ, ਬਾਬਾ ਨਿਰਮਲ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਆਦਿ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰਪੁਰਬ ਨੂੰ ਸਮਰਪਿਤ 2 ਤੋਂ 22 ਦਸੰਬਰ ਤੱਕ ਪ੍ਰਭਾਤ ਫੇਰੀਆਂ ਹੋਣਗੀਆਂ, 22 ਦਸੰਬਰ ਤਖਤ ਸੀ੍ਰ ਹਰਿਮੰਦਰ ਸਹਿਬ ਦੇ ਦਰਬਾਰ 'ਚ ਸਵੇਰੇ 8 ਤੋਂ 12 ਵਜੇ ਤੱਕ ਵਿਸ਼ੇਸ਼ ਗੁਰਬਾਣੀ ਕੀਰਤਨ ਦਰਬਾਰ ਹੋਵੇਗਾ। 23 ਦਸੰਬਰ ਨੂੰ ਸਵੇਰੇ 10 ਤੋਂ 1 ਵਜੇ ਤਖਤ ਸਾਹਿਬ 'ਤੇ ਸੰਤ ਸਮਾਗਮ ਹੋਣਗੇ ਅਤੇ ਰਾਤ ਦੀਵਾਨ ਹਾਲ ਵਿਖੇ 10 ਤੋਂ 1 ਵਜੇ ਤੱਕ ਕਵੀ ਦਰਬਾਰ ਹੋਵੇਗਾ। ਇਸ ਸਮੇਂ ਮਾਣਯੋਗ ਰਾਸ਼ਟਰਪਤੀ ਦੇ ਪੁੱਜਣ ਦੀ ਵੀ ਆਸ ਕੀਤੀ ਜਾਂਦੀ ਹੈ। 24 ਦਸੰਬਰ ਨੂੰ ਸਵੇਰੇ ਨਗਰ ਕੀਰਤਨ ਆਰੰਭ ਹੋਵੇਗਾ, ਜੋ ਵੱਖ-ਵੱਖ ਸਥਾਨਾਂ 'ਤੇ ਮਾਰਗਾਂ ਤੋਂ ਹੁੰਦਾ ਹੋਇਆ ਮੁੜ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। 25 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ। ਇਸ ਦਿਨ ਵੱਖ ਵੱਖ ਟੀ. ਵੀ. ਚੈਨਲ ਸਿੱਧਾ ਪ੍ਰਸਾਰਨ ਵੀ ਕਰਨਗੇ। ਇਸ ਦਿਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਗਵਰਨਰ ਬਿਹਾਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੁਖੀ, ਧਾਰਮਿਕ ਸ਼ਖਸੀਅਤਾਂ ਤੇ ਨਿਹੰਗ ਸੰਪਰਦਾਵਾਂ ਦੇ ਮੁਖੀ ਸ਼ਾਮਲ ਹੋਣਗੇ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 26 ਦਸੰਬਰ ਨੂੰ ਗੁਰਦੁਆਰਾ ਕੰਗਨ ਘਾਟ ਵਿਖੇ ਨਿਹੰਗ ਸਿੰਘ ਦਲ ਵੱਲੋਂ ਵਿਸ਼ੇਸ਼ ਮਹੱਲਾ ਕੱਢਿਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਮਹਾਨ ਪੁਰਬ ਸਮੇਂ ਕਲਗੀਆਂ ਵਾਲੇ ਪਾਤਿਸ਼ਾਹ ਦੀਆਂ ਬਖਸ਼ਿਸ਼ਾਂ-ਖੁਸ਼ੀਆਂ ਪ੍ਰਾਪਤ ਕਰਨ ਲਈ ਹੁੰਮਹੁਮਾ ਕੇ ਪੁੱਜਣ ਦੀ ਬੇਨਤੀ ਕੀਤੀ।


Related News