ਅੰਬਾਲੇ ਦੀ ਸਵੀਟੀ ਤੇ ਗੰਜਾ ਹੈਰੋਇਨ ਸਮੇਤ ਗ੍ਰਿਫ਼ਤਾਰ

Friday, Dec 08, 2017 - 07:23 AM (IST)

ਅੰਬਾਲੇ ਦੀ ਸਵੀਟੀ ਤੇ ਗੰਜਾ ਹੈਰੋਇਨ ਸਮੇਤ ਗ੍ਰਿਫ਼ਤਾਰ

ਮੋਹਾਲੀ  (ਕੁਲਦੀਪ) - ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਨਸ਼ਾ ਸਮੱਗਲਿੰਗ ਕਰਨ ਵਾਲੀ ਇਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ । ਗ੍ਰਿਫ਼ਤਾਰ ਕੀਤੀ ਗਈ ਔਰਤ ਦਾ ਨਾਂ ਸਵੀਟੀ ਹੈ ਜੋ ਕਿ ਹਰਿਆਣਾ ਦੇ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ ਹੈ ਜਦਕਿ ਉਸਦਾ ਸਾਥੀ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੰਜਾ ਹੈ ਜੋ ਕਿ ਪੰਜਾਬ ਦੇ ਸਮਾਣਾ ਸ਼ਹਿਰ ਨੇੜੇ ਪੈਂਦੇ ਪਿੰਡ ਧਨੌਰੀ ਦਾ ਰਹਿਣ ਵਾਲਾ ਹੈ । ਦੋਵਾਂ ਨੂੰ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਵਾਂ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ।
ਜਾਣਕਾਰੀ ਮੁਤਾਬਕ ਐੱਸ. ਟੀ. ਐੱਫ. ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਏਅਰਪੋਰਟ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ । ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਆ ਰਹੇ ਹਨ, ਜਿਨ੍ਹਾਂ ਨੇ ਖਰੜ ਤੇ ਮੋਹਾਲੀ ਵਿਚ ਹੈਰੋਇਨ ਦੀ ਸਪਲਾਈ ਦੇਣੀ ਹੈ ।
ਟੀਮ ਨੇ ਨਾਕੇਬੰਦੀ ਦੌਰਾਨ ਟੀ. ਡੀ. ਆਈ. ਸਿਟੀ ਕੋਲ ਸਵਿਫਟ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਵਿਚੋਂ 345 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਢੇ 3 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ । ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਐੱਸ. ਟੀ. ਐੱਫ. ਪੁਲਸ ਸਟੇਸ਼ਨ ਫੇਜ਼-4 ਵਿਖੇ ਲਿਜਾਇਆ ਗਿਆ, ਜਿੱਥੇ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ । ਹੁਣ ਦੋਵਾਂ ਮੁਲਜ਼ਮਾਂ ਨੂੰ 11 ਦਸੰਬਰ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸਵੀਟੀ ਦਾ ਪਤੀ, ਦਿਓਰ ਤੇ ਜੇਠ ਵੀ ਜੇਲ 'ਚ ਹਨ ਬੰਦ
ਪਤਾ ਲੱਗਾ ਹੈ ਕਿ ਸਵੀਟੀ ਦਾ ਪਤੀ, ਦਿਓਰ ਤੇ ਜੇਠ ਵੀ ਨਸ਼ਾ ਸਮੱਗਲਿੰਗ ਦੇ ਧੰਦੇ ਦੇ ਦੋਸ਼ਾਂ 'ਚ ਵੱਖ-ਵੱਖ ਜੇਲਾਂ ਵਿਚ ਬੰਦ ਹਨ । ਸਵੀਟੀ 7-8 ਮਹੀਨਿਆਂ ਤੋਂ ਮੋਹਾਲੀ ਖੇਤਰ ਵਿਚ ਨਸ਼ੇ ਦੀ ਸਮੱਗਲਿੰਗ ਕਰਨ ਵਿਚ ਜੁਟੀ ਹੋਈ ਸੀ।
ਰੋਪੜ ਜੇਲ 'ਚ ਗੰਜੇ ਨੂੰ ਮਾਮੂ ਨੇ ਮਿਲਾਇਆ ਸੀ ਸਵੀਟੀ ਨਾਲ
ਐੱਸ. ਟੀ. ਐੱਫ. ਮੁਤਾਬਕ ਗੁਰਪ੍ਰੀਤ ਸਿੰਘ ਗੰਜਾ ਇਸ ਤੋਂ ਪਹਿਲਾਂ ਬੱਸ ਕੰਡਕਟਰ ਸੀ, ਜੋ ਕਿ ਕਿਸੇ ਲੜਾਈ-ਝਗੜੇ ਦੇ ਕੇਸ 'ਚ ਰੋਪੜ ਜੇਲ ਵਿਚ ਬੰਦ ਸੀ । ਜੇਲ ਵਿਚ ਉਸਦੀ ਮੁਲਾਕਾਤ ਕਿਸੇ ਮਨੋਜ ਕੁਮਾਰ ਮਾਮੂ ਨਾਂ ਦੇ ਮੁਲਜ਼ਮ ਨਾਲ ਹੋਈ ਜੋ ਕਿ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਬੰਦ ਹੈ । ਗੁਰਪ੍ਰੀਤ ਗੰਜਾ ਜਦੋਂ ਜੇਲ ਤੋਂ ਬਾਹਰ ਆਉਣ ਲੱਗਾ ਤਾਂ ਮਨੋਜ ਮਾਮੂ ਨੇ ਉਸਦੀ ਮੁਲਾਕਾਤ ਸਵੀਟੀ ਨਾਂ ਦੀ ਔਰਤ ਨਾਲ ਕਰਵਾਈ ਤੇ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਲਈ ਕਿਹਾ ਤਾਂਕਿ ਉਹ ਮੋਟੀ ਕਮਾਈ ਕਰ ਸਕਣ । ਮਾਮੂ ਨੇ ਉਸਨੂੰ ਦਿੱਲੀ ਨਿਵਾਸੀ 'ਉਭੀ' ਨਾਂ ਦੇ ਨਾਈਜੀਰੀਅਨ ਦਾ ਪਤਾ ਦੱਸਿਆ । ਜੇਲ 'ਚੋਂ ਬਾਹਰ ਆਉਂਦਿਆਂ ਹੀ ਗੁਰਪ੍ਰੀਤ ਗੰਜਾ ਅੰਬਾਲਾ ਨਿਵਾਸੀ ਸਵੀਟੀ ਦੇ ਸੰਪਰਕ ਵਿਚ ਆਇਆ ਤੇ ਦੋਨੋਂ ਦਿੱਲੀ ਤੋਂ ਹੈਰੋਇਨ ਦੀ ਸਪਲਾਈ ਲਿਆਉਣ ਲੱਗੇ ।


Related News