'ਮੁਰਗੇ ਵਾਂਗ ਕਰ ਦਿਆਂਗੇ ਬੋਟੀ-ਬੋਟੀ'..., ਇਸ ਨਾਮੀ ਕਥਾਵਾਚਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Thursday, Jul 25, 2024 - 04:14 AM (IST)

'ਮੁਰਗੇ ਵਾਂਗ ਕਰ ਦਿਆਂਗੇ ਬੋਟੀ-ਬੋਟੀ'..., ਇਸ ਨਾਮੀ ਕਥਾਵਾਚਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਡੇਰਾਬੱਸੀ (ਗੁਰਜੀਤ) : ਨਾਮੀ ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਖਾਟੂ ਸ਼ਿਆਮ ਆਸ਼ਰਮ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਉੱਤੇ ਰੱਖੇ ਕੱਟੇ ਹੋਏ ਮੁਰਗੇ ਦੇ ਥੱਲੇ ਇਕ ਚਿੱਠੀ ਰਾਹੀਂ ਮਿਲੀ।

ਮੰਗਲਵਾਰ ਸਵੇਰ ਕਰੀਬ ਸਾਢੇ ਤਿੰਨ ਵਜੇ ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸ਼ਿਵਜੋਤ ਕਲੋਨੀ ’ਚ ਸਥਿਤ ਖਾਟੂ ਸ਼ਿਆਮ ਆਸ਼ਰਮ ’ਚ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਦੋ ਨਕਾਬਪੋਸ਼ ਆਏ, ਜਿਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ ਤੇ ਆਸ਼ਰਮ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਇੱਧਰ-ਉੱਧਰ ਘੁੰਮਦੇ ਦਿਖਾਈ ਦੇ ਰਹੇ ਹਨ। ਆਸ਼ਰਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਖੜ੍ਹੀ ਇਨੋਵਾ ਕਾਰ ’ਤੇ ਕਾਲੇ ਰੰਗ ਦੇ ਲਿਫ਼ਾਫ਼ੇ ’ਚ ਪਾਇਆ ਕੱਟਿਆ ਹੋਇਆ ਮੁਰਗਾ ਤੇ ਧਮਕੀ ਭਰੀ ਚਿੱਠੀ ਰੱਖ ਕੇ ਫ਼ਰਾਰ ਹੋ ਗਏ। ਧਮਕੀ ਭਰੀ ਚਿੱਠੀ ’ਚ ਲਿਖਿਆ ਸੀ, ''ਵਿਕਾਸ ਦਾਸ ਤੇਰੀ ਮੌਤ ਨਜ਼ਦੀਕ ਹੈ, ਤੂੰ ਜੋ ਖ਼ਾਲਿਸਤਾਨੀਆਂ ਖ਼ਿਲਾਫ਼ ਜ਼ਹਿਰ ਉਗਲਿਆ ਹੈ, ਉਸ ਦਾ ਨਤੀਜਾ ਭੁਗਤਣਾ ਪਵੇਗਾ, ਬਹੁਤ ਜਲਦੀ ਤੇਰੀ ਵੀ ਇਸ ਮੁਰਗੇ ਦੀ ਤਰ੍ਹਾਂ ਬੋਟੀ-ਬੋਟੀ ਕਰ ਦਿਆਂਗੇ, ਤੈਨੂੰ 100 ਫ਼ੀਸਦੀ ਮਾਰਾਂਗੇ, ਬੱਚ ਸਕਦਾ ਤਾਂ ਬਚ ਲੈ...ਖ਼ਾਲਿਸਤਾਨ ਜ਼ਿੰਦਾਬਾਦ।’

ਉਨ੍ਹਾਂ ਨੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਹਿੰਦੂ ਆਗੂ ’ਤੇ ਹੋਏ ਹਮਲੇ ਦੀ ਨਿਖੇਧੀ ਸਬੰਧੀ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਬਿਆਨ ਸਾਂਝਾ ਕੀਤਾ ਸੀ, ਜਿਸ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਏ.ਐੱਸ.ਪੀ. ਵੈਭਵ ਚੌਧਰੀ, ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਤੇ ਮੁਬਾਰਕਪੁਰ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਤਿੰਨ ਸੂਬਿਆਂ ’ਚ ਹਨ ਬਾਬਾ ਦੇ ਕਈ ਆਸ਼ਰਮ
ਜਾਣਕਾਰੀ ਦਿੰਦਿਆਂ ਵਿਕਾਸ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਹਿਮਾਚਲ, ਹਰਿਆਣਾ ਤੇ ਪੰਜਾਬ ’ਚ ਆਸ਼ਰਮ ਹਨ । ਅੱਜਕੱਲ੍ਹ ਉਹ ਸ਼ਿਵਜੋਤ ਕਲੋਨੀ ਵਿਖੇ ਸਥਿਤ ਖਾਟੂ ਸ਼ਿਆਮ ਆਸ਼ਰਮ ਵਿਖੇ ਰਹਿ ਰਹੇ ਹਨ। ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਸਵੇਰੇ ਕਰੀਬ 8 ਵਜੇ ਪਤਾ ਲੱਗਿਆ ਜਦੋਂ ਉਹ ਤਿਆਰ ਹੋ ਕੇ ਆਸ਼ਰਮ ਤੋਂ ਬਾਹਰ ਆਏ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।

ਪੰਚਕੂਲਾ ਵੱਲ ਹੋਏ ਫ਼ਰਾਰ, ਛੇਤੀ ਫੜ ਲਵਾਂਗੇ : ਏ.ਐੱਸ.ਪੀ.
ਡੇਰਾਬਸੀ ਦੇ ਏ.ਐੱਸ.ਪੀ ਵੈਭਵ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ''ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਤੇ ਬਾਬਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ । ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਧਮਕੀ ਭਰੀ ਚਿੱਠੀ ਛੱਡ ਕੇ ਜਾਣ ਵਾਲੇ ਦੋ ਨੌਜਵਾਨ ਸਵਿਫਟ ਕਾਰ ’ਚ ਪੰਚਕੂਲਾ ਵੱਲ ਹੀ ਫ਼ਰਾਰ ਹੋਏ ਹਨ। ਉਨ੍ਹਾਂ ਦਾ ਨੰਬਰ ਵੀ ਠੀਕ ਤਰ੍ਹਾਂ ਟਰੇਸ ਨਹੀਂ ਹੋ ਰਿਹਾ। ਆਸ਼ਰਮ ਦੇ ਮੁਖੀ ਨੂੰ ਪੰਜਾਬ ਪੁਲਸ ਦਾ ਇਕ ਸੁਰੱਖਿਆ ਮੁਲਾਜ਼ਮ ਦੇ ਦਿੱਤਾ ਗਿਆ ਹੈ ਤੇ ਮੁਬਾਰਕਪੁਰ ਪੁਲਸ ਦੀ ਗਸ਼ਤ ਰਾਮਗੜ੍ਹ ਰੋਡ ’ਤੇ ਵਧਾ ਦਿੱਤੀ ਹੈ। ਮੁਲਜ਼ਮ ਜਲਦ ਫੜੇ ਜਾਣਗੇ।

ਚਾਰ ਦਿਨਾਂ ’ਚ ਧਮਕੀ ਦੀ ਦੂਜੀ ਘਟਨਾ
ਜ਼ਿਕਰਯੋਗ ਹੈ ਕਿ ਡੇਰਾਬਸੀ ਇਲਾਕੇ ’ਚ ਚਾਰ ਦਿਨਾਂ ਦੌਰਾਨ ਧਮਕੀ ਭਰੀ ਚਿੱਠੀ ਦੇਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਡੇਰਾਬਸੀ ਅਪੋਲੋ ਲੈਬ ਦੇ ਮਾਲਕ ਨੂੰ ਧਮਕੀ ਭਰੀ ਚਿੱਠੀ ਦੇ ਕੇ ਫਾਇਰਿੰਗ ਕਰਨ ਦੀ ਘਟਨਾ ਵਾਪਰੀ ਸੀ।


author

Inder Prajapati

Content Editor

Related News