''ਸਵੱਛ ਭਾਰਤ'' ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ

Thursday, Jan 25, 2018 - 07:04 AM (IST)

''ਸਵੱਛ ਭਾਰਤ'' ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ

ਚੰਡੀਗੜ੍ਹ (ਸ਼ਰਮਾ)-'ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾਵੇਗੀ ਕਿ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰ ਸਵੱਛ ਭਾਰਤ ਸਰਵੇਖਣ ਵਿਚ ਦੇਸ਼ ਦੇ ਸੁੰਦਰ ਸ਼ਹਿਰਾਂ ਵਿਚ ਸ਼ਾਮਲ ਹੋ ਸਕਣ।'' ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਮਿਊਂਸੀਪਲ ਭਵਨ ਵਿਖੇ ਸੂਬੇ ਦੇ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਖੇਤਰੀ ਡਿਪਟੀ ਡਾਇਰੈਕਟਰ ਅਤੇ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖੀ। ਅਧਿਕਾਰੀਆਂ ਨੂੰ ਸਵੱਛ ਭਾਰਤ ਸਰਵੇਖਣ ਵਿਚ ਪੰਜਾਬ ਦੇ ਸ਼ਹਿਰਾਂ ਨੂੰ ਮੋਹਰੀ ਕਤਾਰ ਵਿਚ ਸ਼ਾਮਲ ਕਰਨਾ ਯਕੀਨੀ ਬਣਾਉਣ ਹਿੱਤ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਅਤੇ ਆਉਣ ਵਾਲੀਆਂ ਨਸਲਾਂ ਲਈ ਇਕ ਸਾਫ-ਸੁਥਰੇ ਵਾਤਾਵਰਣ ਦੀ ਸੌਗਾਤ ਛੱਡ ਕੇ ਜਾਣ ਨੂੰ ਯਕੀਨੀ ਬਣਾਉਣ ਲਈ ਇਕ ਬਹੁ ਉਦੇਸ਼ੀ ਰਣਨੀਤੀ ਉਪਰ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਸ਼ਹਿਰ/ਕਸਬੇ ਦੇ ਹਰੇਕ ਵਾਰਡ ਵਿਚ ਇਕ ਨੋਡਲ ਅਧਿਕਾਰੀ ਇਹ ਯਕੀਨੀ ਬਣਾਵੇਗਾ ਕਿ ਉਸ ਅਧੀਨ ਆਉਂਦਾ ਖੇਤਰ ਸਫਾਈ ਪੱਖੋਂ ਉੱਤਮ ਹੋਵੇ ਅਤੇ ਕਿਸੇ ਕਿਸਮ ਦੀ ਅਣਗਹਿਲੀ ਜਾਂ ਗੰਦਗੀ ਲਈ ਉਹ ਸਿੱਧੇ ਤੌਰ 'ਤੇ ਜਵਾਬਦੇਹ ਹੋਵੇਗਾ। ਇਸ ਤੋਂ ਇਲਾਵਾ ਨੋਡਲ ਅਧਿਕਾਰੀਆਂ ਅਤੇ ਉਨ੍ਹਾਂ ਅਧੀਨ ਆਉਂਦੇ ਸਟਾਫ ਦੇ ਨਾਂ ਅਤੇ ਸੰਪਰਕ ਨੰਬਰ ਸਬੰਧਤ ਮਿਊਂਸੀਪੈਲਿਟੀ ਦਫਤਰ ਦੇ ਨੋਟਿਸ ਬੋਰਡ ਅਤੇ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕਰ ਕੇ ਜਨਤਕ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਾਰੇ ਕਾਰਜ ਸਾਧਕ ਅਫਸਰ ਆਪੋ-ਆਪਣੇ ਖੇਤਰਾਂ ਵਿਚ ਸਫਾਈ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕਰਨਗੇ ਅਤੇ ਸਫਾਈ ਪ੍ਰਬੰਧਾਂ ਬਾਰੇ ਆਪਣੀ ਰਿਪੋਰਟ ਹਰ 15 ਦਿਨਾਂ ਬਾਅਦ ਆਪਣੇ ਖੇਤਰੀ ਡਿਪਟੀ ਡਾਇਰੈਕਟਰ ਨੂੰ ਦੇਣਗੇ, ਜੋ ਅਗਾਂਹ ਮਹੀਨਾਵਾਰੀ ਰਿਪੋਰਟ ਡਾਇਰੈਕਟਰ ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਵਾਰਡਾਂ ਦੀ ਸਫਾਈ ਪੱਖੋਂ ਗ੍ਰੇਡਿੰਗ ਕੀਤੀ ਜਾਵੇਗੀ। ਸਫਾਈ ਕਰਮਚਾਰੀਆਂ ਦੀ ਤਨਖਾਹ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਐਲਾਨ ਕੀਤਾ ਕਿ ਹਰ ਸਫਾਈ ਕਰਮਚਾਰੀ ਦੇ ਖਾਤੇ ਵਿਚ ਸਿੱਧੀ ਤਨਖਾਹ ਜਮ੍ਹਾ ਹੋਵੇਗੀ। ਉਨ੍ਹਾਂ ਕਿਹਾ ਕਿ ਕਈ ਸ਼ਹਿਰਾਂ ਵਿਚ ਘੱਟ ਸਫਾਈ ਕਰਮਚਾਰੀਆਂ ਤੋਂ ਕੰਮ ਕਰਵਾ ਕੇ ਵੱਧ ਸਫਾਈ ਕਰਮਚਾਰੀਆਂ ਦੀ ਬੋਗਸ ਹਾਜ਼ਰੀ ਲਾਉਣ ਦੀ ਪ੍ਰਥਾ ਨੂੰ ਰੋਕਣ ਲਈ ਸਫਾਈ ਕਰਮਚਾਰੀਆਂ ਦੀ ਬਾਇਓ ਮੀਟ੍ਰਿਕ ਹਾਜ਼ਰੀ ਲੱਗੇਗੀ।
ਸਿੱਧੂ ਨੇ ਅੰਤ ਵਿਚ ਸਾਰੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਤੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸਫਾਈ ਪ੍ਰਬੰਧਾਂ ਸਬੰਧੀ ਨੋਡਲ ਅਫਸਰ ਤਾਇਨਾਤ ਕਰਨ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲੈਣ ਅਤੇ 29 ਜਨਵਰੀ ਤੋਂ ਬਾਅਦ ਉਹ ਖੁਦ ਸਾਰੇ ਸ਼ਹਿਰਾਂ/ਕਸਬਿਆਂ ਦਾ ਅਚਨਚੇਤੀ ਦੌਰਾ ਕਰ ਕੇ ਸਫਾਈ ਪ੍ਰਬੰਧਾਂ ਦਾ ਨਿਰੀਖਣ ਕਰਨਗੇ।


Related News