ਸਤਲੁਜ ਦਰਿਆ ''ਚ ਨਾਜਾਇਜ਼ ਮਾਈਨਿੰਗ ਕਾਰਣ ਪੁਲ ਨੂੰ ਬਣਿਆ ਖਤਰਾ

01/03/2020 3:25:58 PM

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ) : ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਇਆ ਬੁਰਜ ਜਾਂਦੀ ਸੜਕ 'ਤੇ ਸਵ. ਸੰਤ ਬਾਬਾ ਲਾਭ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਬਣਾਏ ਗਏ ਪੁਲ ਨੂੰ ਵੀ ਹੁਣ ਮਾਈਨਿੰਗ ਮਾਫੀਆ ਦਾ ਗ੍ਰਹਿਣ ਲੱਗਣ ਲੱਗ ਪਿਆ ਹੈ। ਇਸ ਪੁਲ ਥੱਲਿਓਂ ਗੁਜ਼ਰਦੇ ਸਤਲੁਜ ਦਰਿਆ ਵਿਚ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਲੋਕਾਂ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਕਰਕੇ ਹੁਣ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਬਣਾਏ ਪੁਲ ਦੇ ਪਿੱਲਰ ਨੰਗੇ ਹੋ ਗਏ ਹਨ। ਕਾਰ ਸੇਵਾ ਨਾਲ ਬੜੀ ਮੁਸ਼ੱਕਤ ਬਾਅਦ ਬਣੇ ਇਸ ਪੁਲ ਲਈ ਇਲਾਕੇ ਦੇ ਲੋਕਾਂ ਨੇ ਆਪਣੀ ਨੇਕ ਕਮਾਈ ਵਿਚੋਂ ਦਾਨ ਦੇ ਕੇ ਇਹ ਪੁਲ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਇਹ ਪੁਲ ਨੂਰਪੁਰ ਬੇਦੀ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਸ਼ਾਰਟ ਕੱਟ ਰਸਤੇ ਰਾਹੀਂ ਜੋੜਦਾ ਹੈ। ਜਿਸ ਨਾਲ ਨੂਰਪੁਰ ਬੇਦੀ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸੁਖਾਲੀ ਅਤੇ ਨੇੜਲੀ ਆਵਾਜਾਈ ਸਹੂਲਤ ਹਾਸਲ ਹੋਈ ਹੈ। 

ਲੋਕਾਂ ਨੇ ਦੱਸਿਆ ਕਿ ਇਸ ਥਾਂ 'ਤੇ ਨਾਜਾਇਜ਼ ਮਾਈਨਿੰਗ ਨੂੰ ਕੋਈ ਵੀ ਅਧਿਕਾਰੀ ਨਹੀਂ ਰੋਕ ਰਿਹਾ। ਇਸ ਪੁਲ ਦੇ ਲਾਗਿਓਂ ਮਾਈਨਿੰਗ ਹੋਣ ਕਾਰਣ ਸਤਲੁਜ ਦਰਿਆ 'ਚ ਵੀ ਡੂੰਘੇ ਟੋਏ ਪੈ ਗਏ ਹਨ। ਲੋਕਾਂ ਨੇ ਦੱਸਿਆ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਬੁਰਜ ਲਾਗੇ ਹੋ ਰਹੀ ਨਾਜਾਇਜ਼ ਮਾਈਨਿੰਗ ਬੰਦ ਨਾ ਕਰਵਾਈ ਤਾਂ ਇਹ ਪੁਲ ਵੀ ਖਤਰੇ ਵਿਚ ਪੈ ਜਾਵੇਗਾ। ਇਸ ਤੋਂ ਇਲਾਵਾ ਨਾਜਾਇਜ਼ ਮਾਈਨਿੰਗ ਨਾਲ ਪਿੰਡਾਂ ਲਈ ਵੀ ਖਤਰਾ ਬਣ ਸਕਦਾ ਹੈ। ਲੋਕਾਂ ਅਨੁਸਾਰ ਇਸ ਦਰਿਆ ਵਿਚ ਕਈ-ਕਈ ਫੁੱਟ ਡੂੰਘੇ ਟੋਏ ਪੈਣ ਕਾਰਣ ਇਥੇ ਕਦੀ ਵੀ ਕੋਈ ਵਿਅਕਤੀ ਜਾਂ ਪਸ਼ੂ ਡੁੱਬ ਸਕਦਾ ਹੈ।


Gurminder Singh

Content Editor

Related News