ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਪਰੀਮ ਕੋਰਟ ਦੇ ਜੱਜ ਰਾਜੇਸ਼ ਬਿੰਦਲ ਹੋਏ ਨਤਮਸਤਕ
Saturday, Jul 15, 2023 - 01:41 AM (IST)
ਅੰਮ੍ਰਿਤਸਰ (ਸਰਬਜੀਤ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਪਰੀਮ ਕੋਰਟ ਦੇ ਜੱਜ ਰਾਜੇਸ਼ ਬਿੰਦਲ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਜੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ, ਉਥੇ ਹੀ ਉਨ੍ਹਾਂ ਨੇ ਦੇਸ਼ ਦੀ ਅਮਨ-ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਕੀਤੀ।
ਇਹ ਖ਼ਬਰ ਵੀ ਪੜ੍ਹੋ : ਅਨੋਖਾ ਮਾਮਲਾ: ਲਿਫਟ ਲੈ ਕੇ ਬੈਠੇ ਨੌਜਵਾਨਾਂ ਨੇ ਚਾਲਕ ਨੂੰ ਉਤਾਰ ਭਜਾਈ ਗੱਡੀ, ਫਿਰ ਜੋ ਹੋਇਆ ਸੁਣ ਹੋ ਜਾਵੋਗੇ ਹੈਰਾਨ
ਉਨ੍ਹਾਂ ਨੇ ਅੱਜ ਆਮ ਸ਼ਰਧਾਲੂ ਦੀ ਤਰ੍ਹਾਂ ਇਸ ਰੂਹਾਨੀਅਤ ਦੇ ਕੇਂਦਰ ਵਿਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ ਮਰਿਆਦਾ ਸਹਿਤ ਪਹਿਲਾਂ ਪੂਰੀ ਪਰਿਕਰਮਾ ਕੀਤੀ ਅਤੇ ਫਿਰ ਕੜਾਹ ਪ੍ਰਸ਼ਾਦਿ ਦੀ ਦੇਗ ਚੜ੍ਹਾ ਕੇ ਲਾਈਨ ’ਚ ਲੱਗ ਕੇ ਮੱਥਾ ਟੇਕਿਆ। ਇਸ ਉਪਰੰਤ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਨਤਮਸਤਕ ਹੋ ਕੇ ਪ੍ਰਸ਼ਾਦ ਵੀ ਛਕਿਆ।
ਇਸ ਦੌਰਾਨ ਐਡੀਸ਼ਨਲ ਮੈਨੇਜਰ ਨਿਸ਼ਾਨ ਸਿੰਘ ਜ਼ਫਰਵਾਲ ਅਤੇ ਸੂਚਨਾ ਅਧਿਕਾਰੀ ਜਤਿੰਦਰਪਾਲ ਸਿੰਘ ਵੱਲੋਂ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਨੌਨਿਹਾਲ ਸਿੰਘ, ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ, ਐਡਵੋਕੇਟ ਮੁਕਲ ਗੁਪਤਾ, ਐੱਸ. ਡੀ. ਐੱਮ. ਮਨਕਵਲ ਸਿੰਘ ਤੋਂ ਇਲਾਵਾ ਹੋਰ ਵੀ ਵਕੀਲਾਂ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ ਰਾਜੇਸ਼ ਬਿੰਦਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਦੌਰਾਨ ਵੱਖ-ਵੱਖ ਇਤਿਹਾਸਕ ਥਾਵਾਂ ’ਤੇ ਖੜ੍ਹੇ ਹੋ ਕੇ ਆਪਣੇ ਮੋਬਾਇਲ ਨਾਲ ਫੋਟੋਆਂ ਵੀ ਖਿੱਚੀਆਂ ਅਤੇ ਸੂਚਨਾ ਕੇਂਦਰ ਵਿਖੇ ਵਿਜ਼ਟਰ ਬੁੱਕ ’ਤੇ ਆਪਣੇ ਸਾਈਨ ਕਰਦੇ ਹੋਏ ਲਿਖਿਆ ਕਿ ਇਸ ਰੂਹਾਨੀਅਤ ਦੇ ਕੇਂਦਰ ਵਿਚ ਆ ਕੇ ਇਕ ਵੱਖਰਾ ਹੀ ਅਨੁਭਵ ਪ੍ਰਾਪਤ ਹੋਇਆ ਹੈ।