ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਰੱਖੀ ਪੰਜਾਬ ਦੇ ਕਿਸਾਨਾਂ ਦੀ ਪੀੜ

11/10/2019 10:24:19 AM

ਜਲੰਧਰ (ਧਵਨ, ਭੁੱਲਰ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਲਈ ਵਧਾਈ ਦਿੱਤੀ, ਉੱਥੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਨੂੰ ਵੀ ਸਮਝਣਾ ਚਾਹੀਦਾ ਹੈ। ਕਿਸਾਨਾਂ ਦੇ ਮਾਮਲੇ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲੰਗਰ 'ਚ ਖਾਣਾ ਖਾਣ ਮੌਕੇ ਗੱਲਬਾਤ ਕਰਦਿਆਂ ਉਠਾਏ। ਜਾਖੜ ਨੇ ਕਿਹਾ ਕਿ ਇਹ ਅਕਾਲ ਪੁਰਖ ਦੀ ਵੱਡੀ ਕਿਰਪਾ ਹੋਈ ਹੈ, ਜੋ ਕਈ ਵਰ੍ਹਿਆਂ ਬਾਅਦ ਇਹ ਲਾਂਘਾ ਖੁੱਲ੍ਹਿਆ ਹੈ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਵਧਾਈ ਦਿੰਦੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਪੜਾਅ 'ਚ ਖੇਤੀ ਕਰਕੇ ਕਿਸਾਨੀ ਦੇ ਮਹੱਤਵ ਨੂੰ ਉਜਾਗਰ ਕੀਤਾ ਸੀ ਅਤੇ ਅੱਜ ਵੀ ਕਿਸਾਨੀ ਹੀ ਹੈ ਜੋ ਮਨੁੱਖਤਾ ਦਾ ਢਿੱਡ ਭਰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਮਦਦ ਕਰੇ। 

ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ। ਸਤਿਕਾਰਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੀ ਰਾਹਤ ਸਹਾਇਤਾ ਰਾਜ ਸਰਕਾਰ ਨੂੰ ਦੇਣੀ ਚਾਹੀਦੀ ਹੈ।ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਸੁਪਰੀਮ ਕੋਰਟ ਦੀਆਂ ਤਾਜ਼ਾ ਹਦਾਇਤਾਂ ਦੇ ਮੱਦੇਨਜ਼ਰ ਕਿਸਾਨਾਂ ਲਈ 100 ਰੁਪਏ ਦੀ ਸਹਾਇਤਾ ਕਰਨੀ ਰਾਜ ਦੇ ਸੀਮਤ ਵਿੱਤੀ ਸਾਧਨਾਂ ਲਈ ਔਖੀ ਹੈ। ਕੇਂਦਰ ਸਰਕਾਰ ਵੀ ਕਿਸਾਨਾਂ ਦੀ ਬਾਂਹ ਫੜ੍ਹੇ ਅਤੇ ਝੋਨੇ 'ਤੇ 100 ਰੁਪਏ ਦਾ ਬੋਨਸ ਦੇਵੇ ਤਾਂ ਜੋ ਕਿਸਾਨ ਵੀਰ ਪਰਾਲੀ ਦਾ ਨਿਪਟਾਰਾ ਕਰ ਸਕਣ। ਸੁਨੀਲ ਜਾਖੜ ਨੇ ਇਸ ਮੌਕੇ ਪ੍ਰਧਾਨ ਮੰਤਰੀ ਕੋਲ ਪਾਕਿਸਤਾਨ ਸਰਕਾਰ ਵਲੋਂ ਯਾਤਰੀਆਂ ਲਈ ਰੱਖੀ ਗਈ 20 ਡਾਲਰ ਦੀ ਫੀਸ ਦਾ ਮੁੱਦਾ ਚੁੱਕਦਿਆਂ ਵੀ ਅਪੀਲ ਕੀਤੀ ਕਿ ਭਾਰਤ ਸਰਕਾਰ ਇਹ ਭਾਰ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਪੁਰਬ ਦੀ ਭਾਵਨਾ ਨੂੰ ਸਮਝਦਿਆਂ ਭਾਰਤ ਸਰਕਾਰ ਵਲੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਫੀਸ ਅਦਾ ਕੀਤੀ ਜਾਵੇ।


shivani attri

Content Editor

Related News