ਖਹਿਰਾ ਦਾ 'ਆਪ' 'ਤੇ ਹਮਲਾ, ਸ਼ੇਰਗਿੱਲ ਨੂੰ ਪੈਸੇ ਖਰਚ ਦੇ ਮਿਲੀ ਹੈ ਸੀਟ
Tuesday, Mar 05, 2019 - 06:46 PM (IST)

ਹੁਸ਼ਿਆਰਪੁਰ (ਅਮਰੀਕ)— ਆਮ ਆਦਮੀ ਪਾਰਟੀ ਛੱਡ ਆਪਣੀ ਪਾਰਟੀ ਬਣਾਉਣ ਵਾਲੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਪਾਰਟੀ ਦੇ ਅੰਦਰੂਨੀ ਰਾਜ਼ ਖੋਲ੍ਹੋ ਹਨ। ਖਹਿਰਾ ਨੇ ਖੁਲਾਸਾ ਕੀਤਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਇਸ ਲਈ ਨਰਿੰਦਰ ਸ਼ੇਰਗਿੱਲ ਨੂੰ ਟਿਕਟ ਦਿੱਤੀ ਗਈ ਹੈ ਕਿਉਂਕਿ ਉਹ ਸ਼ਖਸ ਪਾਰਟੀ ਦਾ ਅੱਧੇ ਤੋਂ ਜ਼ਿਆਦਾ ਖਰਚਾ ਆਪਣੀ ਜੇਬ 'ਚੋਂ ਕਰਦਾ ਹੈ।
ਸ੍ਰੀ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਖਹਿਰਾ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਵਿਚਕਾਰ ਗਠਜੋੜ ਸਿਰੇ ਚੜਨਾ ਮੁਸ਼ਕਿਲ ਜਾਪਦਾ ਹੈ। ਖਹਿਰਾ ਨੇ ਕਿਹਾ ਕਿ ਦਿੱਲੀ 'ਚ 'ਆਪ' ਅਤੇ ਕਾਂਗਰਸ ਨਾਲ ਹੋਏ ਗਠਜੋੜ ਤੋਂ ਬਾਅਦ ਟਕਸਾਲੀਆਂ ਦਾ ਪੰਜਾਬ 'ਚ 'ਆਪ' ਨਾਲ ਗਠਜੋੜ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣਾ ਆਧਾਰ ਸੂਬੇ 'ਚ ਗੁਆ ਚੁੱਕੀ ਹੈ। ਖਹਿਰਾ ਨੇ 'ਆਪ' ਵੱਲੋਂ ਵਿਧਾਇਕ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ 'ਤੇ ਬੋਲਦੇ ਹੋਏ ਕਿਹਾ ਕਿ ਉਹ ਖੁਦ ਰਾਜਪਾਲ ਦੇ ਸਾਹਮਣੇ ਪੇਸ਼ ਹੋਣਗੇ ਹਾਲਾਂਕਿ ਉਨ੍ਹਾਂ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਸੁਖਪਾਲ ਖਹਿਰਾ ਅੱਜ ਹੁਸ਼ਿਆਰਪੁਰ ਦੇ ਕਸਬਾ ਦਸੂਹਾ 'ਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਪਿੰਡ ਖੇਰਾਵਾਦ ਤੋਂ ਭੁਪਿੰਦਰ ਸਿੰਘ ਘੁੰਮਣ ਦੇ ਨਾਲ ਸੈਂਕੜੇ ਵਰਕਰਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਮੁੱਦੇ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹਨ।
ਬਹਿਬਲ ਕਲਾਂ ਗੋਲੀਕਾਂਡ 'ਚ ਮੁਅੱਤਲ ਆਈ. ਜੀ. ਪਰਮਰਾਜ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਦਾ ਹੱਥ ਹੈ, ਜਿਸ ਦੇ ਲਈ ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਇਸ ਮਸਲੇ ਨੂੰ ਲਟਕਾ ਰਹੇ ਹਨ। ਖਹਿਰਾ ਨੇ ਮੰਗ ਕਰਦੇ ਹੋਏ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਬਠਿੰਡਾ ਤੋਂ ਚੋਣ ਲੜਨ ਨੂੰ ਲੈ ਕੇ ਖਹਿਰਾ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਸਲਾਹ-ਮਸ਼ਵਰਾ ਕਰਨਗੇ ਅਤੇ ਜੇਕਰ ਸਹਿਮਤੀ ਹੋਈ ਤਾਂ ਉਹ ਬਠਿੰਡਾ ਤੋਂ ਚੋਣ ਲੜਨਗੇ। ਭਾਜਪਾ 'ਤੇ ਤਿੱਖਾ ਵਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਦੇ ਲਈ ਭਾਜਪਾ ਗਲਤ ਅੰਕੜੇ ਪੇਸ਼ ਕਰ ਰਹੀ ਹੈ।