ਮਜੀਠੀਆ ਖ਼ਿਲਾਫ਼ ਲੱਗੀਆਂ ਧਾਰਾਵਾਂ ''ਤੇ ਰੰਧਾਵਾ ਦਾ ਖ਼ੁਲਾਸਾ, ਵੱਡੇ ਬਾਦਲ ਨੂੰ ਵੀ ਦਿੱਤਾ ਜਵਾਬ

Wednesday, Dec 22, 2021 - 09:10 AM (IST)

ਮਜੀਠੀਆ ਖ਼ਿਲਾਫ਼ ਲੱਗੀਆਂ ਧਾਰਾਵਾਂ ''ਤੇ ਰੰਧਾਵਾ ਦਾ ਖ਼ੁਲਾਸਾ, ਵੱਡੇ ਬਾਦਲ ਨੂੰ ਵੀ ਦਿੱਤਾ ਜਵਾਬ

ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ ਦੇ ਮਾਮਲੇ 'ਤੇ ਬੋਲਦਿਆਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ 'ਚ ਤਿਆਰ ਕੀਤੀ ਐੱਸ. ਟੀ. ਐੱਫ. ਦੀ ਰਿਪੋਰਟ 'ਚ ਸਾਫ਼ ਲਿਖਿਆ ਗਿਆ ਸੀ ਕਿ ਮਜੀਠੀਆ ਖ਼ਿਲਾਫ਼ ਕਾਰਵਾਈ ਬਣਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਦਰਜ ਐੱਫ. ਆਈ. ਆਰ. 'ਚ ਲੱਗੀਆਂ ਧਾਰਾਵਾਂ ਬਾਰੇ ਦੱਸਦਿਆਂ ਕਿਹਾ ਕਿ ਈ. ਡੀ. ਅਤੇ ਐੱਸ. ਟੀ. ਐੱਫ. ਨੇ ਜੋ ਜਾਂਚ ਕੀਤੀ ਹੈ, ਉਸ ਦੇ ਆਧਾਰ 'ਤੇ ਹੀ ਮਜੀਠੀਆ ਖ਼ਿਲਾਫ਼ ਧਾਰਾਵਾਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ

ਉਨ੍ਹਾਂ ਕਿਹਾ ਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਹੀ ਮਜੀਠੀਆ ਖ਼ਿਲਾਫ਼ ਜਾਂਚ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਇੱਥੋਂ ਤੱਕ ਕਿ ਕਾਂਗਰਸ ਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਵੀ ਮਜੀਠੀਆ ਦੀ ਗ੍ਰਿਫ਼ਤਾਰੀ ਬਾਰੇ ਇਹੀ ਗੱਲ ਕਹੀ ਹੈ ਕਿ ਇਸ 'ਚ ਬਹੁਤ ਦੇਰ ਹੋਈ ਹੈ ਤਾਂ ਇਹ ਸਪੱਸ਼ਟ ਹੈ ਕਿ ਅਸੀਂ ਜੋ ਕੀਤਾ ਹੈ, ਬਿਲਕੁਲ ਸਹੀ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਉਹ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੁੰਦੇ ਹਨ ਕਿ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਅਤੇ ਕਾਨੂੰਨ ਇਹ ਕਹਿੰਦਾ ਹੈ ਕਿ ਇਸ ਮਾਮਲੇ 'ਚ ਜਾਂਚ ਹੋਣੀ ਚਾਹੀਦੀ ਹੈ ਤਾਂ ਇਹ ਜਾਂਚ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ 'ਤੇ 'ਨਵਜੋਤ ਸਿੱਧੂ' ਦਾ ਵੱਡਾ ਬਿਆਨ, 'ਇਹ ਤਾਂ ਸਿਰਫ ਪਹਿਲਾ ਕਦਮ'

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਸਭ ਕੁੱਝ ਕੀਤਾ ਹੈ। ਉਨ੍ਹਾਂ ਕਿਹਾ ਕਿ ਫੋਰਸਾਂ ਨੂੰ ਜੇਕਰ ਸ਼ਰੇਆਮ ਧਮਕੀਆਂ ਦਿੱਤੀਆਂ ਜਾਣ ਕਿ ਅਸੀਂ ਦੇਖ ਲਵਾਂਗੇ ਤਾਂ ਇਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਰੰਧਾਵਾ ਬੈਠਾ ਹੈ, ਮੈਨੂੰ ਦੇਖਣ। ਉਨ੍ਹਾਂ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਅਤੇ ਚਿੱਟਾ ਵੇਚਣ ਵਾਲਿਆਂ ਨੂੰ ਕਦੇ ਸੱਤਾ 'ਚ ਨਹੀਂ ਲਿਆਉਣਗੇ। ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਗ੍ਰਿਫ਼ਤਾਰੀ ਦੇਣ ਦੀ ਕਹੀ ਗਈ ਗੱਲ ਦਾ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਅਕਾਲੀ ਦਲ ਦੀ ਕਮਾਨ ਰਹੀ, ਉਦੋਂ ਤੱਕ ਅਕਾਲੀ ਦਲ 'ਤੇ ਕਿਸੇ ਤਰ੍ਹਾਂ ਦਾ ਮਾਫ਼ੀਆ, ਨਸ਼ਿਆਂ ਬਾਰੇ ਕੋਈ ਇਲਜ਼ਾਮ ਨਹੀਂ ਲੱਗਾ ਪਰ ਅੱਜ ਅਕਾਲੀ ਦਲ ਦਾ ਬੇੜਾ ਗਰਕ ਹੋਇਆ ਪਿਆ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਉਮਰ 'ਚ ਬੋਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਮਜੀਠੀਆ 'ਤੇ FIR ਦਰਜ ਹੋਣ ਮਗਰੋਂ ਅਕਾਲੀ ਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਹੀਆਂ ਵੱਡੀਆਂ ਗੱਲਾਂ

ਉੁਨ੍ਹਾਂ ਕਿਹਾ ਕਿ ਇਹ ਗੱਲਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ ਅੱਖਾਂ ਬੰਦ ਕਰਕੇ ਬੈਠੇ ਰਹੇ ਅਤੇ ਇਹ ਸਭ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰਗੜੇ ਲਾਉਂਦੇ ਹੋਏ ਰੰਧਾਵਾ ਨੇ ਕਿਹਾ ਕਿ ਜਿਹੜਾ ਵਿਅਕਤੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਕੁੱਝ ਨਾ ਕਰੇ ਤਾਂ ਉਨ੍ਹਾਂ ਦੇ ਹਿਸਾਬ ਨਾਲ ਕੈਪਟਨ ਸਾਹਿਬ ਦਾ ਚੈਪਟਰ ਬੰਦ ਕਰ ਦੇਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News