ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਕਿਰਿਆ 1 ਅਕਤੂਬਰ ਨੂੰ ਹੋਵੇਗੀ ਜਨਤਕ

09/27/2019 9:15:12 AM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਾਰਡਰ ਮੈਨੇਜਮੈਂਟ ਦੇ ਸਕੱਤਰ ਬ੍ਰਜ ਰਾਜ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ ਅਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਇੱਛੁਕ ਸ਼ਰਧਾਲੂਆਂ ਲਈ ਜਾਣ ਦੀ ਪ੍ਰਕਿਰਿਆ ਵਿਧੀ ਨੂੰ ਸੌਖਾਲਾ ਤੇ ਜਨਤਕ ਕਰਨ ਦੀ ਮੰਗ ਰੱਖੀ ਗਈ।
ਮੀਟਿੰਗ 'ਚ ਹੋਏ ਫੈਸਲਿਆਂ ਦੇ ਖੁਲਾਸੇ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰਕਿਰਿਆ ਵਿਧੀ ਦਾ ਐਲਾਨ ਹੋ ਜਾਵੇਗਾ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਮੰਗ ਨੂੰ ਮੰਨਦਿਆਂ ਵੈਬ ਪੋਰਟਲ ਉਪਰ ਪੰਜਾਬੀ ਭਾਸ਼ਾ ਵਿੱਚ ਵੀ ਜਾਣਕਾਰੀ ਉਪਲੱਬਧ ਹੋਵੇਗੀ। ਰੰਧਾਵਾ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਾਸੀਆਂ ਅਤੇ ਦੁਨੀਆਂ ਭਰ 'ਚ ਵਸਦੀ ਨਾਨਕ ਨਾਮ ਲੇਵਾ ਸੰਗਤ ਵਿੱਚ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਪ੍ਰਤੀ ਬਹੁਤ ਉਤਸ਼ਾਹ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਲਈ ਪ੍ਰਕਿਰਿਆ ਜਾਣਨ ਪ੍ਰਤੀ ਬਹੁਤ ਉਤਸੁਕਤਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਵਿਧੀ ਦਾ ਜਲਦ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ।

ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਇਹ ਸਾਰੀ ਵਿਧੀ ਪਹਿਲੀ ਅਕਤੂਬਰ ਤੱਕ ਜਨਤਕ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਪਲਾਈ ਕਰਨ ਲਈ ਬਣਨ ਵਾਲੇ ਵੈਬ ਪੋਰਟਲ ਉਪਰ ਪੰਜਾਬੀ ਭਾਸ਼ਾ 'ਚ ਵੀ ਜਾਣਕਾਰੀ ਦੇਣ ਦੀ ਮੰਗ ਨੂੰ ਸਵੀਕਾਰ ਕਰ ਲਿਆ। ਰੰਧਾਵਾ ਨੇ ਦੱਸਿਆ ਕਿ ਮੀਟਿੰਗ 'ਚ ਇਹ ਜਾਣਕਾਰੀ ਦਿੱਤੀ ਗਈ ਕਿ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸੇ ਉਸਾਰੀ ਦਾ ਕੰਮ 31 ਅਕਤੂਬਰ ਤੋਂ ਪਹਿਲਾਂ ਖਤਮ ਹੋ ਜਾਵੇਗਾ। ਉਨ੍ਹਾਂ ਸਕੱਤਰ ਨੂੰ ਇਹ ਵੀ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਵੱਲੋਂ ਨਵੰਬਰ ਦੇ ਪਹਿਲੇ ਹਫਤੇ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ, ਜਿਸ ਲਈ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਪਹੁੰਚਣ ਲੱਗ ਜਾਣਗੇ, ਜਿਸ ਕਾਰਨ ਉਸਾਰੀ ਦਾ ਸਾਰਾ ਕੰਮ ਅਕਤੂਬਰ ਮਹੀਨੇ ਦੇ ਅੰਤ ਤੱਕ ਹਰ ਹੀਲੇ 'ਚ ਮੁਕੰਮਲ ਕਰ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕੰਮ ਦੀ ਪ੍ਰਗਤੀ ਉਪਰ ਤਸੱਲੀ ਜ਼ਾਹਰ ਕੀਤੀ।


Babita

Content Editor

Related News