ਦਲਿਤਾਂ ਦੇ ਵਜ਼ੀਫੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਕਾਂਗਰਸ

12/29/2018 11:55:40 AM

ਚੰਡੀਗਡ਼੍ਹ, (ਅਸ਼ਵਨੀ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਖਾਸ ਕਰ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਨੂੰ ਕਿਹਾ ਹੈ ਕਿ ਉਹ ਦਲਿਤ ਵਜ਼ੀਫਾ ਸਕੀਮ ਦੇ ਮੁੱਦੇ ਉੱਤੇ ਸੰਸਦ ਦੇ ਅੱਗੇ ਸਿਆਸੀ ਡਰਾਮਾ ਕਰਨ ਲਈ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਪੰਜਾਬ ਵਿਚ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਕੇਂਦਰ ਕੋਲੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਹਾਸਿਲ ਕੀਤੀ ਰਾਸ਼ੀ ਨੂੰ ਤੁਰੰਤ ਜਾਰੀ ਕਰੇ।  ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਕੇਂਦਰ ਕੋਲੋਂ ਹੋਰ ਫੰਡ ਲੈਣ ਲਈ ਉਹ ਪੰਜਾਬ ਸਰਕਾਰ ਨੂੰ ਉਪਯੋਗਤਾ ਸਰਟੀਫਿਕੇਟ ਅਤੇ ਆਡਿਟ ਰਿਪੋਰਟ ਜਮ੍ਹਾ ਕਰਵਾਉਣ ਲਈ ਵੀ ਕਹਿਣ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਸੰਸਦ ਮੈਂਬਰ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਸੰਸਦ ਦੇ ਬਾਹਰ ਹੋਛੀ ਰਾਜਨੀਤੀ ਕਰਨ ਵਿਚ ਰੁੱਝੇ ਹੋਏ ਹਨ ਜਦਕਿ ਇਹ ਉਨ੍ਹਾਂ ਦੀ ਆਪਣੀ ਕਾਂਗਰਸ ਸਰਕਾਰ ਹੈ, ਜਿਸ ਨੇ ਪਿਛਲੇ ਡੇਢ ਸਾਲ ਤੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਰੋਸ ਪ੍ਰਦਰਸ਼ਨਾਂ ਮਗਰੋਂ ਹਾਲ ਹੀ ਵਿਚ ਵਿਦਿਆਰਥੀਆਂ ਵਾਸਤੇ ਥੋਡ਼੍ਹੀ ਜਿਹੀ ਰਾਸ਼ੀ ਜਾਰੀ ਕੀਤੀ ਗਈ ਹੈ  ਪਰ ਅਜੇ ਵੀ ਸਰਕਾਰ ਵੱਲ 100 ਕਰੋਡ਼ ਰੁਪਏ ਤੋਂ ਵੱਧ ਦਾ ਬਕਾਇਆ ਬਾਕੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 2017-18 ਅਕਾਦਮਿਕ ਵਰ੍ਹੇ ਲਈ 527 ਕਰੋਡ਼ ਰੁਪਏ ਜਾਰੀ ਕਰਨੇ ਵੀ ਬਾਕੀ ਹਨ। ਬਾਦਲ ਨੇ ਕਿਹਾ ਕਿ ਇਹ ਚੰਗਾ ਹੋਵੇਗਾ, ਜੇਕਰ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖਡ਼ ਆਪਣੀ ਰੋਸ ਪ੍ਰਦਰਸ਼ਨ ਵਾਲੀ ਥਾਂ ਬਦਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਰਿਹਾਇਸ਼ਾਂ ਅੱਗੇ ਲੈ ਜਾਣ।   
 


Related News