ਸੁਖਬੀਰ ਬਾਦਲ ਦਾ CM ਮਾਨ ’ਤੇ ਹਮਲਾ, ‘ਪੰਜਾਬ ਦੀ ਵਾਗਡੋਰ ਦਿੱਲੀ ਹਵਾਲੇ ਕਰ ਘੁੰਮ ਰਹੇ ਗੁਜਰਾਤ ਤੇ ਹਿਮਾਚਲ

Saturday, Nov 05, 2022 - 10:31 PM (IST)

ਪਟਿਆਲਾ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦਿੱਤੀ ਸੀ ਪਰ ਉਹ ਦਿੱਲੀ ਦੇ ਹੱਥ ਕਮਾਂਡ ਦੇ ਕੇ ਖ਼ੁਦ ਗੁਜਰਾਤ ਤੇ ਹਿਮਾਚਲ ਘੁੰਮ ਰਿਹਾ ਹੈ ਤੇ ਪੰਜਾਬ ’ਚ ਕਤਲੇਆਮ ਹੋ ਰਿਹਾ ਹੈ। ਇਥੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਜਾਏ ਪੰਜਾਬ ਦੀ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰਨ ਦੇ ਭਗਵੰਤ ਮਾਨ ਇਸ ਵੇਲੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਦਾ ਪ੍ਰਚਾਰ ਕਰਦੇ ਘੁੰਮ ਰਹੇ ਹਨ ਤੇ ਪੰਜਾਬ ਅੱਗ ਦੀ ਭੱਠੀ ਵਿਚ ਪੈ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਕੇਂਦਰ ਦੀ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ : ਸੁਖਬੀਰ ਬਾਦਲ

PunjabKesari

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਹੋ ਰਹੇ ਕਤਲਾਂ ਨਾਲ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਤਲਾਂ ਤੋਂ ਇਲਾਵਾ ਗੈਂਗਸਟਰ ਸ਼ਰੇਆਮ ਲੋਕਾਂ ਤੋਂ ਫਿਰੌਤੀਆਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਡਰ ਦੇ ਪ੍ਰਛਾਵੇਂ ਵਿਚ ਹਨ ਅਤੇ ਇਸ ਗੱਲੋਂ ਕੋਈ ਸ਼ਿਕਾਇਤ ਨਹੀਂ ਕਰਦੇ ਕਿ ਪੁਲਸ ਕੋਈ ਕਾਰਵਾਈ ਨਹੀਂ ਕਰਦੀ ਤੇ ਪੰਜਾਬ ’ਚ ਗੁੰਡਾਰਾਜ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਥੇ ਗੈਂਗਸਟਰਾਂ ਨੇ ਪੰਜਾਬ ਦੇ ਹਾਲਾਤ ਵਿਗਾੜ ਦਿੱਤੇ ਹਨ, ਉਥੇ ਹੀ ਸੱਤਾਧਾਰੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਵਿਚ ਲੱਗੇ ਹਨ ਪਰ ਮੁੱਖ ਮੰਤਰੀ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਸਾਹਮਣੇ ਆਈ ਕਿ ਉਹ ਕਿਵੇਂ ਲੋਕਾਂ ਤੋਂ ਪੈਸੇ ਲੁੱਟ ਰਹੇ ਹਨ ਤੇ ਹੁਣ ਵਿਧਾਇਕ ਸਰਬਜੀਤ ਕੌਰ ਮਾਣੂੰਕੇ ’ਤੇ 7 ਲੱਖ ਰੁਪਏ ਮਾਈਨਿੰਗ ਤੋਂ ਲੈਣ ਅਤੇ ਗੁਰਦਿੱਤ ਸੇਖੋਂ ’ਤੇ ਨਸਾ ਤਸਕਰਾਂ ਦੀ ਪੁਸ਼ਤਪਨਾਹੀ ਦੇ ਦੋਸ਼ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦੇ ਕੇ ਅੱਖਾਂ ਵਿਚ ਘੱਟਾ ਪਾਉਣ ਵਾਲਾ ਕੰਮ ਕੀਤਾ ਹੈ ਕਿਉਂਕਿ ਹੁਣ ਤੱਕ ਸਾਹਮਣੇ ਆਏ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਹੋਈ ਤੇ ਮੁੱਖ ਮੰਤਰੀ ਸਿਰਫ ਡਰਾਮੇਬਾਜ਼ੀ ਤੱਕ ਸੀਮਤ ਹੋ ਗਏ ਹਨ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਗੁਜਰਾਤ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿੰਨਾ ਝੂਠ ਉਹ ਪੰਜਾਬ ਵਿਚ ਬੋਲ ਕੇ ਗਏ ਸਨ, ਉਸ ਤੋਂ ਦੁੱਗਣੇ ਗੁਜਰਾਤ ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਝੂਠੇ ਸਿਆਸਤਦਾਨ ਸਾਬਤ ਹੋਏ ਹਨ, ਜਿਨ੍ਹਾਂ ਨੇ ਸਿਆਸਤ ਹੀ ਗੰਧਲੀ ਕਰ ਦਿੱਤੀ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਨਹੀਂ ਰਹੀ। ਲੋਕਾਂ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ ਅਤੇ ਸ਼ਵਿੰਦਰ ਸਭਰਵਾਲ, ਇੰਦਰਮੋਹਨ ਸਿੰਘ ਬਜਾਜ, ਜਗਜੀਤ ਸਿੰਘ ਕੋਹਲੀ, ਕੈਪਟਨ ਖੁਸ਼ਵੰਤ ਸਿੰਘ, ਸੰਦੀਪ ਸਿੰਘ ਰਾਜਾਤੁੜ, ਸੁਖਬੀਰ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ ਅਤੇ ਸਿਕੰਦਰ ਵਿਰਕ ਆਦਿ ਹਾਜ਼ਰ ਸਨ।


Manoj

Content Editor

Related News