ਹੁਣ ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ : ਸੁਖਬੀਰ ਬਾਦਲ (ਵੀਡੀਓ)

02/25/2018 6:58:47 PM

ਗੁਰੂਹਰਸਹਾਏ : ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਸੂਬੇ ਵਿਚ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਦੇ ਤਹਿਤ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਅਕਾਲੀ ਦਲ ਵਲੋਂ ਪੋਲ ਖੋਲ੍ਹ ਰੈਲੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ  ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੀ ਪੋਲ ਇਕ ਸਾਲ ਦੇ ਅੰਦਰ ਹੀ ਖੁੱਲ੍ਹ ਗਈ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਉਹ ਪਾਰਟੀ ਹੈ ਜਿਹੜੀ ਕਦੇ ਵੀ ਆਪਣੇ ਬੋਲਾਂ 'ਤੇ ਖਰ੍ਹੀ ਨਹੀਂ ਉਤਰਦੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੰਧਾਂ 'ਤੇ ਲਿਖਵਾਇਆ ਸੀ ਕਿ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਪਰ ਹੁਣ ਉਹੀ ਕੰਧਾਂ 'ਤੇ ਲਿਖਿਆ ਹੈ 'ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ।' ਸੁਖਬੀਰ ਨੇ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਸ਼ਤਾ ਰਹੇ ਹਨ ਅਤੇ ਹੁਣ ਇਸ ਦਾ ਜਵਾਬ ਉਹ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਦੇਣਗੇ।
ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਪੰਜਾਬ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਅਤੇ 'ਆਪ' ਨੇ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਦੱਸ ਕੇ ਬਦਨਾਮ ਕੀਤਾ। ਹੁਣ ਉਹ 70 ਫੀਸਦੀ ਨੌਜਵਾਨ ਕਿੱਥੇ ਹਨ ਜਿਨ੍ਹਾਂ ਨੂੰ ਕਾਂਗਰਸ ਨਸ਼ੇੜੀ ਦੱਸ ਰਹੀ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦਾ ਇਕ ਸਾਲ ਦਾ ਕਾਰਜਕਾਲ ਹੋਣ ਦੇ ਬਾਵਜੂਦ ਵੀ ਸਰਕਾਰ ਕਿਸੇ ਵੱਡੇ ਸਮੱਗਲਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲਗਾਏ ਗਏ ਜਦਕਿ ਹੁਣ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਜਾਰੀ ਹਨ ਪਰ ਹੁਣ ਪੰਥਕ ਲੀਡਰ ਧਰਨੇ ਕਿਉਂ ਨਹੀਂ ਲਗਾ ਰਹੇ। ਸੁਖਬੀਰ ਨੇ ਕਿਹਾ ਦਾਦੂਵਾਲ ਅਤੇ ਕੇਜਰੀਵਾਲ ਅੰਦਰੋਂ ਇਕੋ ਸਨ।
ਚੋਣਾਂ ਸਮੇਂ ਘਰ-ਘਰ ਜਾ ਕੇ ਨੌਕਰੀ ਦੇ ਫਾਰਮ ਭਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਕੈਪਟਨ ਨੇ ਸਿਰਫ ਸਰਕਾਰ ਬਣਾਉਣ ਲਈ ਜਨਤਾ ਨਾਲ ਝੂਠ ਬੋਲਿਆ ਜਦਕਿ ਸੱਤਾ ਵਿਚ ਆਉਣ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੁਖਬੀਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਕੀਤੇ ਗਏ ਸਨ ਜਦਕਿ ਹੁਣ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਅਜਿਹਾ ਨਹੀਂ ਕੀਤਾ ਗਿਆ। ਸੁਖਬੀਰ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਜ਼ਾਨਾ ਖਾਲੀ ਹੋਣ ਦੀ ਗੱਲ ਆਖ ਰਹੇ ਹਨ ਤਾਂ ਇਕ ਮਹੀਨੇ ਲਈ ਮੈਨੂੰ ਇਕ ਮਹੀਨੇ ਲਈ ਮੈਨੂੰ ਚਾਬੀ ਦੇ ਦੇਣ ਨੋਟਾਂ ਦੀਆਂ ਟਰਾਲੀਆਂ ਭਰ ਭਰ ਵੰਡ ਦੇਣਗੇ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਗਈਆਂ ਕਈ ਵਿਕਾਸ ਦੀਆਂ ਸਕੀਮਾਂ ਬੰਦ ਕਰਵਾ ਦਿੱਤੀਆਂ। ਸੇਵਾ ਕੇਂਦਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਨ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਧੱਕੇ ਨਾ ਖਾਣੇ ਪਾਣ ਪਰ ਉਹ ਵੀ ਸਰਕਾਰ ਨੇ ਬੰਦ ਕਰਵਾ ਦਿੱਤੇ। ਕਾਂਗਰਸ ਨੇ ਸੂਬੇ ਵਿਚ 800 ਸਕੂਲ ਬੰਦ ਕਰਵਾ ਦਿੱਤੇ। ਥਰਮਲ ਪਲਾਂਟ ਕਾਂਗਰਸ ਨੇ ਬੰਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ਬਣਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਹ ਪੂਰੇ ਕਿਉਂ ਨਹੀਂ ਕੀਤੇ। ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮੋਟਰਾਂ 'ਤੇ ਬਿਜਲੀ ਦੇ ਮੀਟਰ ਲਗਾ ਕੇ ਇਕ ਹੋਰ ਝਟਕਾ ਦੇਣ ਜਾ ਰਹੀ ਹੈ। ਸੁਖਬੀਰ ਨੇ ਪੁਲਸ ਅਫਸਰਾਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਅਕਾਲੀ ਦਲ ਦੇ ਕਿਸੇ ਵਰਕਰ ਖਿਲਾਫ ਕੋਈ ਝੂਠਾ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਦਾ ਪੂਰਾ ਪੂਰਾ ਹਿਸਾਬ ਲਿਆ ਜਾਵੇਗਾ।


Related News