ਸੁਖਬੀਰ ਤੇ ਕੈਪਟਨ ਵਿਚਾਲੇ ਖੜਕੀ, ਖੋਲ੍ਹੀਆਂ ਇਕ-ਦੂਜੇ ਦੀਆਂ ਪੋਲਾਂ

Saturday, Aug 17, 2019 - 06:33 PM (IST)

ਸੁਖਬੀਰ ਤੇ ਕੈਪਟਨ ਵਿਚਾਲੇ ਖੜਕੀ, ਖੋਲ੍ਹੀਆਂ ਇਕ-ਦੂਜੇ ਦੀਆਂ ਪੋਲਾਂ

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਇਕ ਵਾਰ ਫਿਰ ਖੜਕ ਪਈ ਹੈ। ਦਰਅਸਲ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ. ਵਾਈ. ਐੱਲ. ਨਹਿਰ ਦੇ ਮੁੱਦੇ 'ਤੇ ਇਕ ਖਾਸ ਬੈਠਕ ਸੱਦੀ ਗਈ ਜਿਸ 'ਤੇ ਸੁਖਬੀਰ ਬਾਦਲ ਨੇ ਕੈਪਟਨ ਨੂੰ ਸਲਾਹ ਦਿੰਦੇ ਹੋਏ ਕਹਿ ਦਿੱਤਾ ਕਿ ਉਹ ਇਸ ਮਾਮਲੇ 'ਤੇ ਕੋਈ ਡੀਲ ਨਾ ਕਰ ਲੈਣ। 

ਸੁਖਬੀਰ ਦੇ ਇਸ ਬਿਆਨ ਤੋਂ ਬਾਅਦ ਭੜਕੇ ਕੈਪਟਨ ਨੇ ਟਵਿੱਟਰ 'ਤੇ ਹੀ ਸੁਖਬੀਰ ਨੂੰ ਝਾੜ ਦਿੱਤਾ। ਕੈਪਟਨ ਨੇ ਆਪਣੇ ਟਵਿੱਟਰ ਪੇਜ 'ਤੇ ਲਿਖਿਆ ਕਿ ਇਹ ਹਾਸੋਹੀਣਾ ਹੈ ਕਿ ਸੁਖਬੀਰ ਮੈਨੂੰ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦੇ ਰਹੇ ਹਨ। ਉਹ ਮੈਂ ਹੀ ਸੀ, ਜਿਸ ਨੇ 'ਦਿ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ, 2004' ਲਿਆਦਾਂ ਤੇ ਪੰਜਾਬ ਦੀ ਇੰਟਰ ਸਟੇਟ ਸਮਝੌਤਿਆਂ ਤੋਂ ਰੱਖਿਆ ਕੀਤੀ। ਮੈਨੂੰ ਇਸ ਤੋਂ ਜ਼ਿਆਦਾ ਕੁਝ ਬੋਲਣ ਦੀ ਲੋੜ ਨਹੀਂ। ਮੈਂ ਤੁਹਾਡੇ ਵਾਂਗ ਨਹੀਂ, ਮੇਰੇ ਲਈ ਪੰਜਾਬ ਹਮੇਸ਼ਾ ਪਹਿਲਾਂ ਹੈ। 

ਕੈਪਟਨ ਦੇ ਟਵੀਟ ਕਰਨ ਦੀ ਹੀ ਦੇਰ ਸੀ ਕਿ ਸੁਖਬੀਰ ਨੇ ਤੁਰੰਤ ਇਸ ਦਾ ਜਵਾਬ ਦੇ ਦਿੱਤਾ। ਸੁਖਬੀਰ ਨੇ 8 ਅਪ੍ਰੈਲ, 1983 ਦੀ ਇਕ ਅਖਬਾਰ ਦੀ ਕਟਿੰਗ ਪੇਸ਼ ਕਰ ਦਿੱਤੀ, ਜਿਸ ਵਿਚ ਕੈਪਟਨ ਐੱਸ. ਵਾਈ. ਐੱਲ. ਨਹਿਰ ਦੀ ਸਥਾਪਨਾ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੁਆਗਤ ਕਰ ਰਹੇ ਹਨ। ਇਸ ਤਸਵੀਰ ਦੇ ਨਾਲ ਸੁਖਬੀਰ ਨੇ ਲਿਖਿਆ ਕਿ ਇਹ ਬਹੁਤ ਕੁਝ ਬੋਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜੀ। ਫਿਲਹਾਲ ਐੱਸ. ਵਾਈ. ਐੱਲ. ਨਹਿਰ ਦੇ ਮੁੱਦੇ 'ਤੇ ਇਕ ਵਾਰ ਫਿਰ ਸੁਖਬੀਰ ਤੇ ਕੈਪਟਨ ਆਹਮੋ-ਸਾਹਮਣੇ ਹਨ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਸੁਖਬੀਰ ਦੇ ਇਸ ਫੋਟੋ ਵਾਰ ਦਾ ਕੀ ਜਵਾਬ ਦਿੰਦੇ ਹਨ ਅਤੇ ਸੁਖਬੀਰ ਦੇ ਕਿਸ ਰਾਜ ਤੋਂ ਪਰਦਾ ਚੁੱਕਦੇ ਹਨ।


author

Gurminder Singh

Content Editor

Related News