ਜਸਟਿਸ ਰਣਜੀਤ ਸਿੰਘ ਮਾਣਹਾਨੀ ਮਾਮਲਾ: ਸੁਖਬੀਰ-ਮਜੀਠੀਆ ਨੂੰ ਪੇਸ਼ੀ ਤੋਂ ਮਿਲੀ ਛੋਟ

Friday, Sep 27, 2019 - 09:54 AM (IST)

ਜਸਟਿਸ ਰਣਜੀਤ ਸਿੰਘ ਮਾਣਹਾਨੀ ਮਾਮਲਾ: ਸੁਖਬੀਰ-ਮਜੀਠੀਆ ਨੂੰ ਪੇਸ਼ੀ ਤੋਂ ਮਿਲੀ ਛੋਟ

ਚੰਡੀਗੜ੍ਹ (ਹਾਂਡਾ) - ਬਰਗਾੜੀ ਮਾਮਲੇ 'ਚ ਬਣੇ ਜਾਂਚ ਕਮਿਸ਼ਨ ਦੇ ਪ੍ਰਮੁੱਖ ਜਸਟਿਸ ਰਣਜੀਤ ਸਿੰਘ ਦਾ ਪ੍ਰੈੱਸ ਕਾਨਫਰੰਸ 'ਚ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਵਕਾਲਤ ਦੀ ਡਿਗਰੀ 'ਤੇ ਸਵਾਲ ਉਠਾਉਣ ਮਗਰੋਂ ਰਣਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕ੍ਰਿਮੀਨਲ ਕੰਪਲੇਂਟ ਦਾਖਲ ਕੀਤੀ ਸੀ। ਕੰਪਲੇਂਟ ਦੀ ਸੁਣਵਾਈ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਅਦਾਲਤ 'ਚ ਹਰ ਸੁਣਵਾਈ 'ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਥੇ ਹੀ ਬਚਾਅ ਧਿਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਜਸਟਿਸ ਰਣਜੀਤ ਸਿੰਘ ਵਲੋਂ ਕ੍ਰਿਮੀਨਲ ਕੰਪਲੇਂਟ ਨੂੰ ਅਦਾਲਤ ਵਲੋਂ ਸਵੀਕਾਰ ਕਰਨ 'ਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ।

ਪੁਨੀਤ ਬਾਲੀ ਨੇ ਅਦਾਲਤ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੋਵਾਂ ਮੁਵੱਕਿਲਾਂ ਨੂੰ ਅਦਾਲਤ 'ਚ ਪੇਸ਼ ਹੋਣ ਤੋਂ ਛੋਟ ਮਿਲਣੀ ਚਾਹੀਦੀ ਹੈ, ਜਿਸ ਨੂੰ ਕੋਰਟ ਨੇ ਅਗਲੇ ਹੁਕਮਾਂ 'ਤੇ ਸਵੀਕਾਰ ਕਰ ਕੇ ਸੁਖਬੀਰ ਤੇ ਮਜੀਠੀਆ ਨੂੰ ਭਵਿੱਖ ਵਿਚ ਪੇਸ਼ੀ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਪ੍ਰਤੀਵਾਦੀ ਧਿਰ ਨੇ ਆਪਣੇ ਵਲੋਂ ਆਰਗੂਮੈਂਟ ਪੂਰੇ ਕਰ ਲਏ ਹਨ। ਸੋਮਵਾਰ ਨੂੰ ਜਸਟਿਸ ਰਣਜੀਤ ਸਿੰਘ ਵਲੋਂ ਆਰਗਮੈਂਟ ਹੋਣਗੇ, ਜਿਸ ਤੋਂ ਬਾਅਦ ਅਦਾਲਤ ਫੈਸਲਾ ਕਰੇਗੀ ਕਿ ਜਸਟਿਸ ਰਣਜੀਤ ਸਿੰਘ ਵਲੋਂ ਦਾਖਲ ਕ੍ਰਿਮੀਨਲ ਕੰਪਲੇਂਟ 'ਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ। ਮਾਮਲੇ 'ਚ ਪਟੀਸ਼ਨਰ ਧਿਰ ਵਲੋਂ 30 ਸਤੰਬਰ ਨੂੰ ਬਹਿਸ ਕੀਤੀ ਜਾਵੇਗੀ।


author

rajwinder kaur

Content Editor

Related News