ਪੰਜਾਬ ''ਚ ਠੰਡ ਨਾਲ ਕੰਬਦੇ ਸਕੂਲਾਂ ’ਚ ਪਹੁੰਚ ਰਹੇ ਵਿਦਿਆਰਥੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
Thursday, Jan 04, 2024 - 06:27 PM (IST)
ਅੰਮ੍ਰਿਤਸਰ (ਦਲਜੀਤ)- ਜ਼ਿਲ੍ਹੇ ਵਿਚ ਚੱਲ ਰਹੀ ਸੀਤ ਲਹਿਰ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਜਿੱਥੇ ਵਿਦਿਆਰਥੀ ਕੜਾਕੇ ਦੀ ਠੰਡ ਵਿਚ ਕੰਬਦੇ ਹੋਏ ਸਕੂਲ ਪਹੁੰਚ ਰਹੇ ਹਨ, ਉੱਥੇ ਹੀ ਪੰਜਾਬ 'ਚ ਦਿਨੋਂ-ਦਿਨ ਤਾਪਮਾਨ 'ਚ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਬੱਚੇ ਅਤੇ ਬਜ਼ੁਰਗ ਬੀਮਾਰ ਹੋ ਰਹੇ ਹਨ। ਸਿਹਤ ਵਿਭਾਗ ਨੇ ਸੀਤ ਲਹਿਰ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੱਕ ਧੁੰਦ ਅਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਧਿਆਪਕ ਜਥੇਬੰਦੀਆਂ ਨੇ ਵੀ ਠੰਡ ਦੇ ਮੱਦੇਨਜ਼ਰ ਸਰਕਾਰ ਤੋਂ ਹੋਰ ਛੁੱਟੀਆਂ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਜ਼ਿਆਦਾਤਰ ਲੋਕ ਘਰਾਂ ਵਿਚ ਹੀ ਰਹਿਣ ਲਈ ਮਜ਼ਬੂਰ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਪੰਜਾਬ ਸਰਕਾਰ ਨੇ ਛੁੱਟੀਆਂ ਦੀ ਬਜਾਏ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ ਪਰ ਠੰਡ ਕਾਰਨ ਵਿਦਿਆਰਥੀ ਅਜੇ ਵੀ ਕੰਬਦੇ ਹੋਏ ਸਕੂਲਾਂ ਵਿਚ ਪਹੁੰਚ ਰਹੇ ਹਨ। ਅਧਿਆਪਕ ਠੰਡ ਤੋਂ ਬਚਣ ਲਈ ਗਰਮ ਗਰਮ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ, ਜਦੋਂਕਿ ਵਿਦਿਆਰਥੀ ਠੰਡ ਵਿਚ ਕਲਾਸਰੂਮਾਂ ਦੇ ਅੰਦਰ ਕੰਬ ਰਹੇ ਹਨ। ਵਧਦੀ ਠੰਡ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਡਿੱਗ ਰਹੇ ਤਾਪਮਾਨ ਨੂੰ ਦੇਖਦੇ ਹੋਏ ਖ਼ਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੜਾਕੇ ਦੀ ਠੰਡ ਤੋਂ ਬਚਣ ਲਈ ਕਿਹਾ ਗਿਆ ਹੈ। ਠੰਡ ਦੇ ਲੰਮੇ ਸਮੇਂ ਤੱਕ ਰਹਿਣ ਨਾਲ ਬੀਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਫਲੂ, ਵਗਦਾ ਨੱਕ, ਹਾਈਪੋਥਰਮੀਆ, ਠੰਡ, ਦਿਲ ਦਾ ਦੌਰਾ ਆਦਿ। ਮੌਸਮ ਵਿਭਾਗ ਨੇ ਪੰਜਾਬ ਵਿਚ ਠੰਡ ਅਤੇ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਐਤਵਾਰ ਤੱਕ ਜਾਰੀ ਰਹੇਗੀ ਸੀਤ ਲਹਿਰ
ਸੀਤ ਲਹਿਰ ਦੀ ਸਥਿਤੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਵਿਜੇ ਕੁਮਾਰ ਵੱਲੋਂ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਠੰਡ ਵਿਚ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਤੱਕ ਠੰਡ ਦਾ ਕਹਿਰ ਜਾਰੀ ਰਹੇਗਾ, ਧੁੰਦ ਅਤੇ ਸੀਤ ਲਹਿਰ ਜਾਰੀ ਰਹੇਗੀ। ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣਾ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਭਾਗ ਨੇ ਲੋਕਾਂ ਨੂੰ ਗੱਡੀ ਹੌਲੀ ਚਲਾਉਣ ਅਤੇ ਸੜਕ ’ਤੇ ਨਾ ਚੱਲਣ ਲਈ ਕਿਹਾ ਹੈ।
ਇਹ ਵੀ ਪੜ੍ਹੋ :ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ CM ਮਾਨ ਨੇ ਟਵੀਟ ਕਰ ਆਖੀ ਇਹ ਗੱਲ
ਅਧਿਆਪਕ ਜਥੇਬੰਦੀਆਂ ਨੇ ਛੁੱਟੀਆਂ ਵਧਾਉਣ ਲਈ ਕੀਤੀ ਮੰਗ
ਡੈਮੋਕ੍ਰੇਟਿਕ ਟੀਚਰਜ਼ ਫੈੱਡਰੇਸ਼ਨ ਦੇ ਪ੍ਰਧਾਨ ਅਸ਼ਵਨੀ ਅਵਸਥੀ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਠੰਡ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਿਚ ਤਬਦੀਲ ਕੀਤੀ ਗਈ ਹੈ ਪਰ ਹੁਣ ਠੰਡ ਵੱਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਠੰਡ ਨੂੰ ਦੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਹੁਣ ਹੋਰ ਵਧਾ ਦਿੱਤੀਆਂ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕਈ ਜ਼ਿਲ੍ਹਿਆਂ ਵਿਚ ਭਿਆਨਕ ਧੁੰਦ ਅਤੇ ਕੋਹਰਾ ਪੈ ਰਿਹਾ ਹੈ ਅਤੇ ਬੱਚੇ ਵੀ ਬੀਮਾਰ ਹੋ ਰਹੇ ਹਨ। ਪਿਛਲੇ ਸਾਲ ਵੀ ਧੁੰਦ ਕਾਰਨ ਕਈ ਅਧਿਆਪਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਸਨ ਅਤੇ ਕਈ ਅਧਿਆਪਕ ਜ਼ਖ਼ਮੀ ਵੀ ਹੋਏ ਸਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਦੀਆਂ ਨੂੰ ਦੇਖਦੇ ਹੋਏ ਤੁਰੰਤ ਛੁੱਟੀਆਂ ਵਧਾਵੇ ਅਤੇ ਮੌਸਮ ਦੇ ਸੁਧਰਨ ਤੱਕ ਛੁੱਟੀਆਂ ਦਾ ਐਲਾਨ ਕਰੇ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਗੋਲੀਆਂ ਮਾਰ ਵਿਅਕਤੀ ਦਾ ਕੀਤਾ ਕਤਲ
ਮਰੀਜ਼ਾਂ ’ਚ ਵਧੀ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼
ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਸਰਦੀਆਂ ਵਿਚ ਰਾਈਨੋ ਵਾਇਰਸ ਦੀ ਗਤੀਵਿਧੀ ਵੱਧ ਜਾਂਦੀ ਹੈ। ਇਸ ਨਾਲ ਖੰਘ, ਜ਼ੁਕਾਮ, ਫੇਫੜਿਆਂ ਦੀ ਇਨਫੈਕਸ਼ਨ ਅਤੇ ਸਾਹ ਦੀ ਨਾਲੀ (ਕ੍ਰੋਨਿਕ ਆਬਸਟਰਕਟਿਵ ਪਲਮੋਨਰੀ ਡਿਜ਼ੀਜ਼-ਸੀ. ਓ. ਪੀ. ਡੀ) ਵਿਚ ਸੋਜ ਕਾਰਨ ਸਾਹ ਚੜ੍ਹਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ ਵੱਧਦੀ ਠੰਡ ਕਾਰਨ ਹਾਈਪੋਥਰਮੀਆ ਦਾ ਡਰ ਬਣਿਆ ਰਹਿੰਦਾ ਹੈ।
ਰੂਮ ਹੀਟਰ ਦੀ ਜ਼ਿਆਦਾ ਵਰਤੋਂ ਸਾਹ ਦੇ ਮਰੀਜ਼ਾਂ ਲਈ ਪੈਦਾ ਕਰਦੀ ਹੈ ਸਮੱਸਿਆ
ਭਾਰਤੀ ਮੈਡੀਕਲ ਸੰਸਥਾ ਦੇ ਟੀ. ਬੀ. ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਨਰੇਸ਼ ਨੇ ਦੱਸਿਆ ਕਿ ਬੰਦ ਕਮਰੇ ਵਿਚ ਰੂਮ ਹੀਟਰ ਦੀ ਵਰਤੋਂ ਕਰਨਾ ਸਾਹ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣੀ ਛਾਤੀ ਨੂੰ ਗਰਮ ਰੱਖਣਾ ਚਾਹੀਦਾ ਹੈ ਅਤੇ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਿਲ ਦੇ ਰੋਗੀਆਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਸਰੀਰ ਵਿਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਠੰਡ ’ਚ ਲੰਬੇ ਸਮੇਂ ਤੱਕ ਬੀਮਾਰ ਰਹਿਣ ਵਾਲੇ ਲੋਕ ਕਰਨ ਡਾਕਟਰ ਨਾਲ ਸੰਪਰਕ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਅਨੁਸਾਰ ਜੇਕਰ ਜ਼ੁਕਾਮ ਵਿਚ ਲੰਬੇ ਸਮੇਂ ਤੱਕ ਰਹਿਣ ਨਾਲ ਕਈ ਬੀਮਾਰੀਆਂ ਜਿਵੇਂ ਫਲੂ, ਨੱਕ ਵਗਣਾ ਆਦਿ ਦੇ ਲੱਛਣ ਦਿਖਾਈ ਦੇਣ ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸੀਤ ਲਹਿਰ ਦੌਰਾਨ ਮੌਸਮ ਦੀ ਐਮਰਜੈਂਸੀ ਪ੍ਰਕਿਰਿਆ ਦੀ ਜਾਣਕਾਰੀ ਦਾ ਧਿਆਨ ਨਾਲ ਪਾਲਣ ਕਰੋ ਅਤੇ ਸਲਾਹ ਅਨੁਸਾਰ ਕੰਮ ਕਰੋ। ਜੇਕਰ ਸੰਭਵ ਹੋਵੇ, ਤਾਂ ਘਰ ਦੇ ਅੰਦਰ ਹੀ ਰਹੋ ਅਤੇ ਸਰਦੀਆਂ ਵਿਚ ਯਾਤਰਾ ਨੂੰ ਘੱਟ ਤੋਂ ਘੱਟ ਕਰੋ, ਜਿੰਨਾ ਹੋ ਸਕੇ ਗਰਮ ਕੱਪੜੇ ਪਹਿਨਦੇ ਰਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8